ਫੂਡ ਕਾਰਪੋਰੇਸ਼ਨ ਆਲ ਇੰਡੀਆ ਲੇਬਰ ਯੂਨੀਅਨ ਨੇ ਮੰਗਾਂ ਸਬੰਧੀ ਦਿੱਤਾ ਧਰਨਾ

11/13/2018 5:52:59 AM

ਫਿਰੋਜ਼ਪੁਰ, (ਕੁਮਾਰ, ਮਲਹੋਤਰਾ, ਪਰਮਜੀਤ, ਸ਼ੈਰੀ, ਕੁਲਦੀਪ)– ਫੂਡ ਕਾਰਪੋਰੇਸ਼ਨ ਆਫ ਇੰਡੀਆ ਲੇਬਰ  ਯੂਨੀਅਨ ਵੱਲੋਂ ਆਪਣੀਆਂ ਮੰਗਾਂ ਸਬੰਧੀ ਰਾਸ਼ਟਰੀ ਉਪ ਪ੍ਰਧਾਨ  ਸ਼੍ਰੀ ਰਾਮ, ਰਾਜੂਨਾਥ ਫਿਰੋਜ਼ਪੁਰ, ਰਾਜਪਾਲ, ਹਰਬੰਸ ਸਿੰਘ, ਸ਼ਾਮਾ ਸਿੰਘ ਆਦਿ ਦੀ ਅਗਵਾਈ ਹੇਠ ਡੀ. ਐੱਮ. ਐੱਫ. ਸੀ. ਆਈ. ਦਫਤਰ ਫਿਰੋਜ਼ਪੁਰ ਦੇ ਦਫਤਰ ਅੱਗੇ ਰੋਸ ਪ੍ਰਦਰਸ਼ਨ  ਤੇ ਧਰਨਾ ਦਿੱਤਾ ਗਿਆ। ਧਰਨੇ ਦੌਰਾਨ  ਸੰਬੋਧਨ ਕਰਦੇ ਹੋਏ  ਸ਼੍ਰੀ ਰਾਮ, ਰਾਜੂ ਨਾਥ ਅਤੇ ਹੋਰ ਯੂਨੀਅਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਐੱਫ. ਸੀ. ਆਈ. ’ਚ ਇਕ ਹੀ ਲੇਬਰ ਸਿਸਟਮ ਲਾਗੂ ਕੀਤਾ ਜਾਵੇ, ਡਿਪਾਰਟਮੈਂਟਲ ਵਰਕਰਾਂ ਦੀ 1 ਜਨਵਰੀ 2018 ਤੋਂ ਤਨਖਾਹ ਰੀਵਾਈਜ਼ ਕੀਤੀ ਜਾਵੇ,  ਜੋ ਕਰਮਚਾਰੀ ਮਰ ਚੁੱਕੇ ਹਨ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਤਰਸ ਦੇ ਅਾਧਾਰ ’ਤੇ ਉਨ੍ਹਾਂ ਦੀ ਜਗ੍ਹਾ ਨੌਕਰੀਆਂ ਦਿੰਦੇ ਹੋਏ ਖਾਲੀ ਅਹੁਦਿਆਂ ਨੂੰ ਭਰਿਆ ਜਾਵੇ। 
ਕਸ਼ਮੀਰ ਸਿੰਘ, ਤੇਜਾ ਸਿੰਘ ਆਦਿ ਨੇ  ਧਰਨੇ ਦੌਰਾਨ ਸੰਬੋਧਨ ਕਰਦਿਅਾਂ ਕਿਹਾ ਕਿ ਲੇਬਰ ਕਰਨ ਵਾਲੇ ਵਿਅਕਤੀਅਾਂ ਨੂੰ ਕਈ ਵਾਰ ਡਾਕਟਰਾਂ ਵੱਲੋਂ ਮਿਹਨਤ ਨਾ ਕਰਨ ਅਤੇ ਆਰਾਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਤੇ ਅਜਿਹੇ ਹਾਲਾਤ ’ਚ ਬੰਗਾਲ, ਅਸਾਮ, ਉੜੀਸਾ, ਬਿਹਾਰ ਤੇ ਦਿੱਲੀ ਦੀ ਤਰ੍ਹਾਂ ਪੰਜਾਬ ’ਚ ਵੀ ਐੱਫ. ਸੀ. ਆਈ. ਦੇ ਮਜ਼ਦੂਰਾਂ ਨੂੰ ਮੈਡੀਕਲ ਅਾਧਾਰ ’ਤੇ ਰਿਟਾਇਰਮੈਂਟ ਦੇਣ ਅਤੇ ਉਨ੍ਹਾਂ ਦੀ ਜਗ੍ਹਾ ’ਤੇ ਉਨ੍ਹਾਂ ਦੇ ਬੱਚਿਆਂ ਨੂੰ ਨੌਕਰੀ ਦੇਣ ਦੀ ਵਿਵਸਥਾ ਕੀਤੀ ਜਾਵੇ। ਸ਼੍ਰੀ ਰਾਮ ਅਤੇ ਰਾਜੂ ਨਾਥ ਨੇ ਕਿਹਾ ਕਿ ਐੱਫ. ਸੀ. ਆਈ. ਦੇ ਸਟਾਫ ਨੂੰ ਜੋ ਮੈਡੀਕਲ ਸਹੂਲਤਾਂ ਮਿਲਦੀਆਂ ਹਨ, ਉਹ ਮੈਡੀਕਲ ਸਹੂਲਤਾਂ ਐੱਫ. ਸੀ. ਆਈ. ਮਜ਼ਦੂਰਾਂ ਨੂੰ ਵੀ ਦਿੱਤੀਆਂ ਜਾਣ। ਉਨ੍ਹਾਂ  ਐੱਫ. ਸੀ. ਆਈ. ਮਜ਼ਦੂਰਾਂ ਨੂੰ ਇਕ ਬਰਾਬਰ ਕੰਮ ਦੀ ਇਕ ਬਰਾਬਰ ਤਨਖਾਹ ਦੇਣ ਅਤੇ ਪੀ. ਐੱਲ. ਆਈ. ਹੋਰ ਸਹੂਲਤਾਂ ਸਮੇਤ ਦੇਣ ਦੀ ਐੱਫ. ਸੀ. ਆਈ. ਮੈਨੇਜਮੈਂਟ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ। 
ਉਨ੍ਹਾਂ ਦੱਸਿਆ ਕਿ ਅੱਜ ਦੇਸ਼ ਭਰ ’ਚ ਐੱਫ. ਸੀ. ਆਈ. ਮਜ਼ਦੂਰਾਂ ਦੀ 14 ਸੂਤਰੀ ਮੰਗਾਂ ਸਬੰਧੀ ਇਲਾਕਾ ਮੈਨੇਜਰਾਂ ਦੇ ਦਫਤਰਾਂ ਅੱਗੇ  ਧਰਨੇ ਦਿੱਤੇ ਜਾ ਰਹੇ ਹਨ। ਯੂਨੀਅਨ ਵੱਲੋਂ ਸ਼੍ਰੀ ਰਾਮ, ਰਾਜੂ ਨਾਥ, ਰਾਜਪਾਲ, ਹਰਬੰਸ ਸਿੰਘ, ਸ਼ਾਮਾ ਸਿੰਘ ਆਦਿ ਨੇ ਐੱਫ. ਸੀ. ਆਈ. ਅਧਿਕਾਰੀਆਂ ਨੂੰ ਮੰਗ-ਪੱਤਰ ਦਿੱਤਾ।