ਹੜ੍ਹ ਪੀੜਤ ਕਿਸਾਨਾਂ ਨੂੰ 60,000 ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ

08/22/2019 1:41:18 PM

ਮੋਗਾ (ਗੋਪੀ ਰਾਊਕੇ)—ਭਾਰਤੀ ਕਿਸਾਨ ਯੂਨੀਅਨ ਰਜਿ. (ਕਾਦੀਆਂ) ਦੀ ਮਹੀਨਾਵਾਰ ਮੀਟਿੰਗ ਜ਼ਿਲਾ ਮੀਤ ਪ੍ਰਧਾਨ ਮੰਦਰਜੀਤ ਸਿੰਘ ਮਨਾਵਾਂ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਜ਼ਿਲਾ ਸਕੱਤਰ ਜਨਰਲ ਗੁਲਜ਼ਾਰ ਸਿੰਘ ਘੱਲਕਲਾਂ ਨੇ ਚਲਾਈ ਅਤੇ ਪ੍ਰੈੱਸ ਨੂੰ ਰਿਲੀਜ਼ ਕੀਤੀ। ਇਸ ਮੌਕੇ ਅਤਰ ਸਿੰਘ ਸੋਨੂੰ ਬਾਗ ਗਲੀ ਮੋਗਾ, ਜਸਵੀਰ ਸਿੰਘ ਮੰਦਰ, ਪ੍ਰੈੱਸ ਸਕੱਤਰ ਪੰਜਾਬ ਸੁਖਜਿੰਦਰ ਸਿੰਘ ਖੋਸਾ, ਦਰਸ਼ਨ ਸਿੰਘ ਰੌਲੀ, ਪ੍ਰਗਟ ਸਿੰਘ ਮਲੂਕ ਸਿੰਘ ਮਸਤੇਵਾਲਾ ਆਦਿ ਕਿਸਾਨ ਆਗੂਆਂ ਨੇ ਦੱਸਿਆ ਕਿ ਮੋਗਾ ਜ਼ਿਲੇ 'ਚ 50,000 ਏਕੜ ਤੋਂ ਜ਼ਿਆਦਾ ਫਸਲ ਹੜ੍ਹਾਂ ਦੀ ਭੇਟ ਚੜ੍ਹ ਗਈ ਹੈ। ਪੀੜਤ ਕਿਸਾਨਾਂ ਨੂੰ ਪ੍ਰਤੀ ਏਕੜ 60,000 ਰੁਪਏ ਮੁਆਵਜ਼ਾ ਸਰਕਾਰ ਦੇਵੇ। ਉਨ੍ਹਾਂ ਦੱਸਿਆ ਕਿ ਆ ਵਧੀਆ ਤਰਕੀਬ ਹੈ ਕਿ ਬਿਜਲੀ ਦਿੱਲੀ ਨੂੰ ਦੇ ਦਿਓ, ਪਾਣੀ ਹਰਿਆਣੇ ਨੂੰ ਦੇ ਦਿਓ ਅਤੇ ਹੜ੍ਹ ਪੰਜਾਬ ਨੂੰ।

ਉਨ੍ਹਾਂ ਕਿਹਾ ਕਿ ਗੋਬਿੰਦ ਸਾਗਰ ਝੀਲ 'ਚ ਜੋ ਪਾਣੀ ਜਮ੍ਹਾ ਹੁੰਦਾ ਹੈ ਉਸ ਨੂੰ ਨੰਗਲ ਡੈਮ 'ਤੇ ਰੋਕਿਆ ਜਾਂਦਾ ਹੈ। ਫਿਰ ਨੰਗਲ ਡੈਮ ਤੋਂ ਇਹ ਪਾਣੀ ਪੱਕੀਆਂ ਨਹਿਰਾਂ ਰਾਹੀਂ ਪੰਜਾਬ ਤੋਂ ਬਾਹਰ ਜਾਂਦਾ ਹੈ, ਭਾਖੜਾ ਮੇਨ ਲਾਈਨ ਰਾਹੀਂ ਦਿੱਲੀ, ਹਰਿਆਣਾ ਅਤੇ ਰਾਜਸਥਾਨ ਤੱਕ ਪਾਣੀ ਜਾਂਦਾ ਹੈ। ਸਤਲੁਜ ਤਾਂ ਨਾਂ ਦਾ ਹੀ ਦਰਿਆ ਹੈ, ਇਸ 'ਚ ਤਾਂ ਪਾਣੀ ਆਉਂਦਾ ਹੀ ਉਦੋਂ ਹੈ, ਜਦੋਂ ਹੜ੍ਹ ਆਉਂਦੇ ਹਨ ਜਾਂ ਜਦੋਂ ਭਾਖੜਾ ਜਵਾਬ ਦੇ ਜਾਵੇ ਜਿਵੇਂ ਇਸ ਵਾਰੀ ਹੋਇਆ ਹੈ। ਅੰਤਰਰਾਸ਼ਟਰੀ ਕਾਨੂੰਨ ਮੁਤਾਬਕ ਪਾਣੀਆਂ 'ਤੇ ਉਸ ਦਾ ਹੱਕ ਹੁੰਦਾ ਹੈ ਜਿਸ ਸੂਬੇ 'ਚੋਂ ਪਾਣੀ ਵਗਦਾ ਹੈ ਪਰ ਅੱਜ ਦੇ ਅਬਦਾਲੀ ਹੁਕਮਰਾਨ ਹੁਣ ਸਾਰੇ ਭਾਰਤ ਦੇ ਦਰਿਆ, ਨਦੀਆਂ ਦਾ ਪਾਣੀ ਇਕੱਠਾ ਕਰ ਕੇ ਰਾਜਾਂ ਨੂੰ ਵੰਡਣ ਦੀ ਤਰਤੀਬ ਬਣਾਉਣ ਜਾ ਰਹੇ ਹਨ। ਪੰਜਾਬ ਦੇ ਲੋਕ ਸਭਾ ਮੈਂਬਰ ਇਸ ਮੁੱਦੇ 'ਤੇ ਬੋਲਦੇ ਹੀ ਨਹੀਂ। ਅੱਜ ਜਦੋਂ ਇਹ ਪਾਣੀ ਪੰਜਾਬ ਦੇ ਲੋਕਾਂ ਦਾ ਜਾਨ-ਮਾਲ ਦਾ ਨੁਕਸਾਨ ਕਰ ਰਿਹਾ ਹੈ ਤਾਂ ਕਿਹੜੇ-2 ਸੂਬੇ ਇਸ ਨੁਕਸਾਨ ਦੀ ਭਰਭਾਈ ਦੇਣ ਵਾਸਤੇ ਤਿਆਰ ਹਨ, 'ਤੇ ਪ੍ਰਸ਼ਨ ਚਿੰਨ੍ਹ ਹੈ। ਇਸ ਮੌਕੇ ਸੁਰਜੀਤ ਸਿੰਘ ਮਸਤੇਵਾਲਾ, ਕੁਲਵੰਤ ਸਿੰਘ ਪਿਆਰਾ ਸਿੰਘ ਜੋਗੇਵਾਲਾ, ਜਸਵੀਰ ਸਿੰਘ, ਦਲਬਾਰਾ ਸਿੰਘ ਸੈਦੋਕੇ, ਨਛੱਤਰ ਸਿੰਘ ਲੋਹਾਰਾ, ਅਮਰ ਸਿੰਘ ਗੁਰਦਿਆਲ ਸਿੰਘ, ਲਾਲੀ ਪਾਲ ਸਿੰਘ ਡਿਪਟੀ ਕੋਠੇ ਘੱਲਕਲਾਂ ਆਦਿ ਹਾਜ਼ਰ ਸਨ।


Shyna

Content Editor

Related News