ਪੰਜਾਬ 'ਚ ਆਏ ਹੜ੍ਹ ਦੀ ਸਥਿਤੀ ਨਾਲ ਨਜਿੱਠਣ ਲਈ ਸਰਕਾਰ ਦੀ ਕਾਰਗੁਜ਼ਾਰੀ ਜ਼ੀਰੋ: ਮਾਨ

08/25/2019 5:19:34 PM

ਚੀਮਾ ਮੰਡੀ  (ਗੋਇਲ)—ਪੰਜਾਬ 'ਚ ਆਏ ਹੜ੍ਹਾਂ ਕਾਰਨ ਬਣੀ ਭਿਆਨਕ ਸਥਿਤੀ ਦਾ ਕਾਰਨ ਰੇਤ ਮਾਫੀਆ ਹੈ, ਜਿਸ ਦੇ ਲਈ ਮੌਜੂਦਾ ਸਰਕਾਰ ਦੇ ਨਾਲ-ਨਾਲ ਸੂਬੇ ਦੀ ਪਿਛਲੀ ਅਕਾਲੀ ਭਾਜਪਾ ਸਰਕਾਰ ਵੀ ਓਨੀ ਹੀ ਜ਼ਿੰਮੇਵਾਰ ਹੈ ਜਿੰਨੀ ਮੌਜੂਦਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਪ ਪੰਜਾਬ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵਲੋਂ ਸ਼ੁਰੂ ਕੀਤੇ ਸਾਡਾ ਐੱਮ.ਪੀ.ਸਾਡੇ ਘਰ ਮੁਹਿੰਮ ਤਹਿਤ ਕਸਬੇ 'ਚ ਲੋਕਾਂ ਦੀਆਂ ਮੁਸਕਲਾਂ ਸੁਣਨ ਸਮੇਂ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਤੇ ਐੱਮ.ਐੱਲ.ਏ. ਪ੍ਰਿੰਸੀਪਲ ਬੁੱਧ ਰਾਮ ਵੀ ਹਾਜ਼ਰ ਸਨ। ਪੰਜਾਬ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹਰ ਫਰੰਟ ਤੇ ਫੇਲ ਹੈ, ਜਿਸ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਜੀਰੋ ਹੈ। ਨਸ਼ਿਆਂ ਦੇ ਮੁੱਦੇ 'ਤੇ ਸਰਕਾਰਾਂ ਨੂੰ ਦੋਸ਼ੀ ਮੰਨਦਿਆਂ ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਕਾਰਨ ਬੇਰੁਜ਼ਗਾਰੀ ਹੈ। ਬੇਸਹਾਰਾ ਤੇ ਆਵਾਰਾ ਪਸ਼ੂਆਂ ਕਾਰਨ ਹੋ ਰਹੇ ਜਾਨੀ ਤੇ ਮਾਲੀ ਨੁਕਸਾਨ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਜਿਹੜੀਆਂ ਸਰਕਾਰਾਂ ਬੇਸਹਾਰਾ ਪਸ਼ੂਆਂ ਤੇ ਆਵਾਰਾ ਕੁੱਤਿਆਂ ਦਾ ਹੱਲ ਨਹੀਂ ਕਰ ਸਕਦੀਆਂ। ਉਸ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ।

ਇਸ ਮੌਕੇ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੜ ਪੀੜਤਾਂ ਦੀ ਸਹਾਇਤਾ ਲਈ ਅਕਾਊਂਟ ਨੰਬਰ ਦੇ ਕੇ ਲੋਕਾਂ ਤੋਂ ਸਹਾਇਤਾ ਮੰਗਣ ਦੀ ਵੀ ਨਿੰਦਾ ਕਰਦਿਆਂ ਕਿਹਾ ਕਿ ਕੈਪਟਨ ਸਾਹਿਬ ਇਕ ਸਰਕਾਰ ਚਲਾ ਰਹੇ ਹਨ ਕੋਈ ਐੱਨ.ਜੀ.ਓ. ਨਹੀ। ਇਸ ਮੌਕੇ ਕਸਬੇ ਦੀ ਸਭ ਤੋਂ ਵੱਡੀ ਸਮੱਸਿਆ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਪਿੰਡ ਦੇ ਨੌਜਵਾਨਾਂ ਦਾ ਇੱਕ ਗਰੁੱਪ ਵੀ ਮਿਲਿਆਂ, ਜਿਨ੍ਹਾਂ ਨੇ ਉਨਾਂ ਨੂੰ ਕਸਬਾ ਵਾਸੀਆਂ ਨੂੰ ਗੰਦੇ ਪਾਣੀ ਤੋਂ ਜਲਦੀ ਰਾਹਤ ਦਿਵਾਉਣ ਦੀ ਗੁਹਾਰ ਲਗਾਈ ਤੇ ਇਸ ਦਾ ਪੱਕਾ ਹੱਲ ਕਰਨ ਲਈ ਕਿਹਾ ਜਿਸ ਤੇ ਹਲਕਾ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਇਸ ਸਬੰਧੀ ਮੇਨ ਸਿਸਟਮ ਦੇ ਲਈ 1 ਕਰੋੜ 90 ਲੱਖ ਰੁਪਏ ਦੇ ਪ੍ਰਾਜੈਕਟ ਵਾਲੀ ਫਾਇਲ ਦੋ ਸੀ ਐਮ ਹਾਊਸ ਵਿੱਚ ਪੈਡਿੰਗ ਪਈ ਹੈ ਉਸ ਨੂੰ ਲੈ ਕੇ ਮੈਂ 2 ਵਾਰ ਸਬੰਧਤ ਅਫਸਰਾਂ ਨੂੰ ਮਿਲ ਚੁੱਕਾ ਹਾਂ ਜੋ ਜਲਦੀ ਪਾਸ ਹੋ ਜਾਵੇਗੀ ਇਸ ਨਾਲ ਸੀਵਰੇਜ ਦੀ ਸਮੱਸਿਆਵਾਂ ਦਾ ਪੱਕਾ ਹੱਲ ਹੋ ਜਾਵੇਗਾ। ਇਸ ਮੌਕੇ ਆਪ ਦੇ ਜ਼ਿਲਾ ਆਗੂ ਮਹਿੰਦਰ ਸਿੰਘ ਸਿੱਧੂ ਸ਼ੇਰੋਂ, ਨਿਰਭੈ ਸਿੰਘ, ਬੀਰਬਲ ਸਿੰਘ ਚੀਮਾ, ਲਖਵਿੰਦਰ ਸਿੰਘ ਲੱਖਾ, ਮਲਕੀਤ ਸਿੰਘ ਸ਼ਾਹਪੁਰ ਕਲਾਂ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਜਿੰਦ ਚੀਮਾ, ਲਖਵਿੰਦਰ ਲੱਖੀ ਆਦਿ ਹਾਜ਼ਰ ਸਨ।

Shyna

This news is Content Editor Shyna