ਪਿੰਡ ਭਾਗਸਰ ’ਚ ਵਿਕਾਸ ਕਾਰਜਾਂ ਦੀ ਲੱਗੀ ਝੜੀ, ਡੇਢ ਕਰੋੜ ਦੀ ਲਾਗਤ ਨਾਲ ਬਣਿਆ ‘ਸੋਹਣਾ ਪਿੰਡ’

04/12/2021 1:20:23 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ)-ਇਸ ਖੇਤਰ ਦੇ ਵੱਡੇ ਪਿੰਡ ਭਾਗਸਰ ਵਿਖੇ ਇਸ ਵੇਲੇ ਸਰਪੰਚ ਪਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਵਿਕਾਸ ਕਾਰਜਾਂ ਦੀ ਝੜੀ ਲੱਗੀ ਹੋਈ ਹੈ ਅਤੇ ਜਿਹੜੇ ਕੰਮ ਪਿਛਲੇ ਲੰਮੇ ਸਮੇਂ ਤੋਂ ਅਧੂਰੇ ਪਏ ਸਨ, ਨੂੰ ਨੇਪਰੇ ਚਾੜ੍ਹ ਦਿੱਤਾ ਗਿਆ ਹੈ। ਪਿੰਡ ਦੀਆਂ ਮੁੱਖ ਗਲੀਆਂ ਨੂੰ ਇੰਟਰਲੌਕ ਟਾਈਲਾਂ ਲਾ ਕੇ ਬਣਾਇਆ ਗਿਆ ਹੈ ਤੇ ਕੋਈ ਗਲੀ ਕੱਚੀ ਨਹੀਂ ਰਹਿਣ ਦਿੱਤੀ ਜਾਵੇਗੀ। ਗੰਦੇ ਪਾਣੀ ਦੇ ਨਿਕਾਸ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ। ਇਸ ਪਿੰਡ ਦੇ ਸਰਕਾਰੀ ਸਕੂਲਾਂ ਦਾ ਮੂੰਹ-ਮੱਥਾ ਸੰਵਾਰਿਆ ਗਿਆ ਹੈ। ਆਂਗਣਵਾੜੀ ਸੈਂਟਰ ਦਾ ਅਧੂਰਾ ਪਿਆ ਕੰਮ ਨੇਪਰੇ ਚਾੜ੍ਹਿਆ ਗਿਆ ਹੈ। ਪਿੰਡ ਦੇ ਸ਼ਮਸ਼ਾਨਘਾਟਾਂ ਨੂੰ ਸੁੰਦਰ ਬਣਾਇਆ ਗਿਆ ਹੈ ਤੇ ਲੋਕਾਂ ਦੇ ਬੈਠਣ ਲਈ ਬੈਂਚ ਲਾ ਦਿੱਤੇ ਗਏ ਹਨ। ਸ਼ਮਸ਼ਾਨਘਾਟ ’ਚ ਆਧੁਨਿਕ ਸਹੂਲਤਾਂ ਵਾਲਾ ਬਾਥਰੂਮ ਬਣਾਇਆ ਜਾ ਰਿਹਾ ਹੈ। ਬਾਵਰੀਆਂ ਸਿੱਖਾਂ ਦੇ ਸ਼ਮਸ਼ਾਨਘਾਟ ’ਤੇ 5 ਲੱਖ ਰੁਪਏ ਖਰਚ ਕਰ ਕੇ ਚਾਰਦੀਵਾਰੀ ਕੀਤੀ ਗਈ ਹੈ।

PunjabKesari

ਸਰਕਾਰੀ ਹਸਪਤਾਲ ’ਚ ਲੈਟਰੀਨ ਤੇ ਬਾਥਰੂਮ ਬਣਾਇਆ ਗਿਆ ਹੈ। ਛੱਪੜ ਦੇ ਕਿਨਾਰੇ ’ਤੇ ਸ਼ਾਨਦਾਰ ਪਾਰਕ ਬਣਾਉਣ ਦਾ ਪ੍ਰਾਜੈਕਟ ਚੱਲ ਰਿਹਾ ਹੈ। ਹੁਣ ਪਿੰਡ ’ਚ ਸੋਲਰ ਲਾਈਟਾਂ ਲਗਵਾਈਆਂ ਜਾ ਰਹੀਆਂ ਹਨ। ਇਨ੍ਹਾਂ ਸਾਰੇ ਵਿਕਾਸ ਕਾਰਜਾਂ ’ਤੇ ਡੇਢ ਕਰੋੜ ਰੁਪਏ ਖਰਚ ਹੋ ਚੁੱਕੇ ਹਨ ਅਤੇ ਅਜੇ ਹੋਰ ਪੈਸੇ ਖਰਚ ਕੀਤੇ ਜਾਣਗੇ । ਪਿੰਡ ਦੀ ਦਿੱਖ ਹਰ ਪਾਸੇ ਤੋਂ ਸੁੰਦਰ ਬਣ ਚੁੱਕੀ ਹੈ ਤੇ ਸਮੁੱਚੀ ਪੰਚਾਇਤ ਦਾ ਇਹ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ।

ਜਗ ਬਾਣੀ ਨਾਲ ਗੱਲਬਾਤ ਕਰਦਿਆਂ ਸਰਪੰਚ ਪਰਮਜੀਤ ਸਿੰਘ ਬਰਾੜ ਨੇ ਕਿਹਾ ਕਿ ਸਮੁੱਚੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ’ਚ ਕੋਈ ਵੀ ਕੰਮ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ ਤੇ ਪਿੰਡ ਦੀ ਸੁੰਦਰਤਾ ਵਧਾਉਣ ਲਈ ਹਰ ਤਰ੍ਹਾਂ ਦਾ ਯੋਗ ਉਪਰਾਲਾ ਕੀਤਾ ਜਾ ਰਿਹਾ ਹੈ । ਇਸ ਮੌਕੇ ਪੰਚਾਇਤ ਮੈਂਬਰ ਬੇਅੰਤ ਸਿੰਘ ਬਰਾੜ , ਹਰਦੀਪ ਸਿੰਘ ਛੋਟੂ , ਰਾਜ ਦਵਿੰਦਰ ਸਿੰਘ , ਕੰਵਰਦੀਪ ਸਿੰਘ ਬੰਟੀ, ਗਗਨਦੀਪ ਸਿੰਘ, ਸੰਦੀਪ ਸਿੰਘ ਢਿੱਲੋਂ ਤੇ ਮਿੰਟੂ ਆਦਿ ਮੌਜੂਦ ਸਨ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਪਿੰਡ ’ਚ ਕਿਸੇ ਪਾਸੇ ਲੰਘਣ ਲਈ ਥਾਂ ਨਹੀਂ ਸੀ ਅਤੇ ਗਲੀਆਂ ਦਾ ਹਾਲ ਮਾੜਾ ਸੀ।  ਮੀਂਹ ਪੈਣ ’ਤੇ ਲੰਘਿਆ ਬਹੁਤ ਔਖਾ ਹੋ ਜਾਂਦਾ ਸੀ। ਰਿਸ਼ਤੇਦਾਰ ਵੀ ਆਉਣ ਤੋਂ ਕੰਨੀ ਕਤਰਾਉਂਦੇ ਸਨ ਪਰ ਹੁਣ ਦਿੱਕਤ ਵੀ ਕੋਈ ਨਹੀਂ ਤੇ ਪਿੰਡ ਵੀ ਸੋਹਣਾ ਲੱਗਦਾ ਹੈ।


Anuradha

Content Editor

Related News