ਸਰਕਾਰੀ ਹਸਪਤਾਲ ਦੀਆਂ ਕੰਧਾਂ ''ਤੇ ਲੱਗੇ ਪ੍ਰਾਈਵੇਟ ਹਸਪਤਾਲਾਂ ਦੇ ਫਲੈਕਸ ਬੋਰਡ

04/19/2022 6:36:29 PM

ਫਾਜ਼ਿਲਕਾ (ਸੁਖਵਿੰਦਰ ਥਿੰਦ ਆਲਮਸ਼ਾਹ) : ਪੰਜਾਬ 'ਚ ਇਕ ਪਾਸੇ ਜਿੱਥੇ ਸਿਹਤ ਵਿਭਾਗ ਅਤੇ ਸਿਹਤ ਮੰਤਰੀ ਵੱਲੋਂ ਪੰਜਾਬ ਵਾਸੀਆਂ ਨੂੰ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਆਪਣੇ ਇਲਾਕੇ ਦੇ ਸਰਕਾਰੀ ਹਸਪਤਾਲ 'ਚ ਇਲਾਜ ਅਤੇ ਟੈਸਟ ਕਰਵਾਓ ਕਿਉਂਕਿ ਉੱਥੇ ਸਰਕਾਰੀ ਰੇਟਾਂ 'ਤੇ ਸਾਰੇ ਟੈਸਟ ਅਤੇ ਇਲਾਜ ਕੀਤਾ ਜਾਂਦਾ ਹੈ ਪਰ ਦੂਜੇ ਪਾਸੇ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਬਾਹਰ ਹੈਰਾਨ ਕਰਨ ਵਾਲੀਆਂ ਤਸਵੀਰਾਂ ਵੇਖਣ ਨੂੰ ਮਿਲੀਆਂ। ਦੱਸ ਦੇਈਏ ਕਿ ਫਾਜ਼ਿਲਕਾ ਦੇ ਨਵੇਂ ਬਣੇ ਸਰਕਾਰੀ ਹਸਪਤਾਲ ਦੀਆਂ ਕੰਧਾਂ ਅਤੇ ਹਸਪਤਾਲ ਦੀ ਪ੍ਰਾਪਰਟੀ 'ਤੇ ਸਰਕਾਰੀ ਇਲਾਜ ਅਤੇ ਟੈਸਟਾਂ ਦੇ ਰੇਟ ਲਗਾਉਣ ਦੀ ਬਜਾਏ ਹੁਣ ਉਥੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਮਹਿੰਗੇ ਰੇਟਾਂ ਵਾਲੇ ਇਲਾਜ ਅਤੇ ਟੈਸਟਾਂ ਦੀ ਮਸ਼ਹੂਰੀ ਕੀਤੀ ਜਾਂਦੀ ਹੈ ਤੇ ਲੋਕਾਂ ਨੂੰ ਪ੍ਰਾਈਵੇਟ ਹਸਪਤਾਲ 'ਚ ਇਲਾਜ ਅਤੇ ਟੈਸਟ ਕਰਵਾਉਣ ਲਈ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ : ਅਕਾਲੀ ਦਲ ਨੇ 'ਆਪ' ਸਰਕਾਰ ਵੱਲੋਂ 3 ਲੱਖ ਕਰੋੜ ਦੇ ਕਰਜ਼ੇ ਦੀ ਜਾਂਚ ਦਾ ਕੀਤਾ ਸਵਾਗਤ, ਕਹੀ ਇਹ ਗੱਲ

ਇਕ ਸਮਾਂ ਸੀ ਜਦੋਂ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਵੱਲੋਂ ਕਿਹਾ ਜਾਂਦਾ ਸੀ ਕਿ ਕਾਂਗਰਸ ਅਤੇ ਅਕਾਲੀ ਦਲ ਨੇ ਸਰਕਾਰੀ ਹਸਪਤਾਲਾਂ ਦਾ ਬੁਰਾ ਹਾਲ ਕਰ ਰੱਖਿਆ ਹੈ। ਲੋਕਾਂ ਨੇ ਇਹ ਵੇਖਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਕ ਮੌਕਾ ਦਿੱਤਾ ਤਾਂ ਕਿਸੇ ਨੇ ਕਿਹਾ, 'ਸਿਆਣੇ ਦਾ ਕਿਹਾ ਸਿਰ ਮੱਥੇ, ਪਰਨਾਲਾ ਉਥੇ ਦਾ ਉਥੇ।' ਇਸ ਸਬੰਧੀ ਇਲਾਜ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਸਭ ਸਿਵਲ ਸਰਜਨ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਮਾਲਕਾਂ ਦੀ ਮਿਲੀਭੁਗਤ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਹਸਪਤਾਲ 'ਚ ਅਜੇ ਤੱਕ ਸੀਟੀ ਸਕੈਨ ਵੀ ਨਹੀਂ ਚੱਲੀ, ਟੈਸਟਾਂ ਲਈ ਖੱਜਲ-ਖੁਆਰ ਕੀਤਾ ਜਾਂਦਾ ਹੈ, ਕੋਈ ਗੱਲ ਨਹੀਂ ਸੁਣਦਾ। ਪ੍ਰੇਸ਼ਾਨੀ ਦਾ ਸਾਹਮਣਾ ਕਰਦਿਆਂ ਸਾਨੂੰ ਪ੍ਰਾਈਵੇਟ ਹਸਪਤਾਲ ਜਾਣਾ ਪੈਂਦਾ ਹੈ। ਇਸ ਵਿਚ ਕਿੰਨੀ ਸੱਚਾਈ ਹੈ, ਇਹ ਤਾਂ ਜਾਂਚ ਦੌਰਾਨ ਹੀ ਸਾਹਮਣੇ ਆਵੇਗਾ ਕਿ ਸੱਚ ਕੀ ਹੈ ਤੇ ਝੂਠ ਕੀ ਹੈ। ਲੋਕਾਂ ਨੇ ਕਿਹਾ ਕਿ ਸਰਕਾਰ ਜਲਦ ਹੀ ਇਹ ਸਿਸਟਮ ਠੀਕ ਕਰੇ ਅਤੇ ਪ੍ਰਾਈਵੇਟ ਹਸਪਤਾਲਾਂ ਦੀ ਸਰਕਾਰੀ ਅਦਾਰਿਆਂ 'ਚ ਮਸ਼ਹੂਰੀ ਬੰਦ ਕਰੇ।

PunjabKesari

ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਜਿੰਪਾ ਵੱਲੋਂ ਮੋਹਾਲੀ ਦੇ DC ਦਫ਼ਤਰ ’ਚ ਛਾਪਾ, ਅਫ਼ਸਰਾਂ ਨੂੰ ਪਈਆਂ ਭਾਜੜਾਂ

ਇਸ ਸਬੰਧੀ ਜਦੋਂ ਡਾ. ਰੇਨੂੰ ਧੂੜੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਨੂੰ ਨਹੀਂ ਪਤਾ। ਬਾਅਦ ਵਿਚ ਉਨ੍ਹਾਂ ਦੇ ਪਤੀ ਦਾ ਫੋਨ ਆਇਆ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਅਸੀਂ ਪ੍ਰਸ਼ਾਸਨ ਕੋਲੋਂ ਮਨਜ਼ੂਰੀ ਲਈ ਹੋਈ ਹੈ ਤੇ ਆਗਿਆ ਲੈਣ ਤੋਂ ਬਾਅਦ ਹੀ ਅਸੀਂ ਇਹ ਮਸ਼ਹੂਰੀ ਵਾਲੇ ਫਲੈਕਸ ਲਗਾਏ ਹੋਏ ਹਨ। ਉਥੇ ਹੀ ਜਦੋਂ ਵਿਜ਼ਨ ਆਈ ਕੇਅਰ ਸੈਂਟਰ ਅਤੇ ਵਾਹਿਗੁਰੂ ਮੈਡੀਕਲ ਸਟੋਰ ਨਾਲ ਗੱਲ ਕੀਤੀ ਤਾਂ ਇਕ ਨੇ ਕਿਹਾ ਕਿ ਅਸੀਂ ਕੋਈ ਆਗਿਆ ਨਹੀਂ ਲਈ, ਦੂਜੇ ਨੇ ਕਿਹਾ ਕਿ ਇਸ ਸਬੰਧੀ ਸਾਨੂੰ ਨਹੀਂ ਪਤਾ। ਸੋਚਣਾ ਇਹ ਹੋਵੇਗਾ ਕਿ ਜੇਕਰ ਕਿਸੇ ਵੀ ਅਧਿਕਾਰੀ ਨੇ ਸਰਕਾਰੀ ਹਸਪਤਾਲ ਦੇ ਅਦਾਰੇ ਅੰਦਰ ਫਲੈਕਸ ਲਗਾਉਣ ਦੀ ਆਗਿਆ ਦਿੱਤੀ ਹੈ ਤਾਂ ਕੀ ਸੋਚ ਕੇ ਦਿੱਤੀ ਹੋਵੇਗੀ। 

ਇਹ ਵੀ ਪੜ੍ਹੋ : ਸੁਖਬੀਰ ਬਾਦਲ ਵੱਲੋਂ ਰਾਜੋਆਣਾ ਦੀ ਰਿਹਾਈ ਦੀ ਮੰਗ 'ਤੇ ਭੜਕੇ ਰਵਨੀਤ ਬਿੱਟੂ, ਦਿੱਤਾ ਵੱਡਾ ਬਿਆਨ

ਇਸ ਸਬੰਧੀ ਜਦੋਂ ਸਿਹਤ ਮੰਤਰੀ ਨੂੰ ਫੋਨ ਕੀਤਾ ਤਾਂ ਉਨ੍ਹਾਂ ਦੇ ਓ. ਐੱਸ. ਡੀ. ਨੇ ਫੋਨ ਚੁੱਕ ਕੇ ਕਿਹਾ ਕਿ ਮੰਤਰੀ ਸਾਬ੍ਹ ਮੀਟਿੰਗ ਵਿਚ ਹਨ ਤੇ ਇਸ ਸਬੰਧੀ ਉਹ ਜਲਦ ਹੀ ਕਾਰਵਾਈ ਕਰਨਗੇ। ਫਾਜ਼ਿਲਕਾ ਦੇ ਸਿਵਲ ਸਰਜਨ ਤੇਜਵੰਤ ਸਿੰਘ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੂੰ ਨਹੀਂ ਪਤਾ। ਹੈਰਾਨੀ ਵਾਲੀ ਗੱਲ ਹੈ ਕਿ ਫਾਜ਼ਿਲਕਾ ਦਾ ਸਿਵਲ ਸਰਜਨ ਹੋਵੇ, ਕੁਝ ਹੀ ਦੂਰੀ 'ਤੇ ਉਨ੍ਹਾਂ ਦਾ ਦਫ਼ਤਰ ਹੋਵੇ ਤੇ ਉਨ੍ਹਾਂ ਨੂੰ ਆਪਣੇ ਦਫ਼ਤਰ ਦੀਆਂ ਕਮੀਆਂ ਦਾ ਪਤਾ ਨਾ ਹੋਵੇ, ਫਿਰ ਵੀ ਮਹਿਕਮੇ ਵੱਲੋਂ ਉਨ੍ਹਾਂ ਨੂੰ ਬਖਸ਼ਿਆ ਜਾ ਰਿਹਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਸਿਹਤ ਵਿਭਾਗ ਇਨ੍ਹਾਂ 'ਤੇ ਕੋਈ ਐਕਸ਼ਨ ਲੈਂਦਾ ਹੈ ਜਾਂ ਫਿਰ ਟਾਲਮਟੋਲ ਕਰਕੇ ਆਪਣਾ ਟਾਈਮ ਟਪਾਉਂਦਾ ਹੈ।

ਇਹ ਵੀ ਪੜ੍ਹੋ : 3 ਲੱਖ ਕਰੋੜ ਦੇ ਕਰਜ਼ੇ ਦੇ ਮਾਮਲੇ ਦੀ ਗਹਿਰਾਈ ਨਾਲ ਹੋਵੇਗੀ ਜਾਂਚ : ਮੰਤਰੀ ਹਰਭਜਨ ਸਿੰਘ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Harnek Seechewal

Content Editor

Related News