ਇਕ ਅਸਲਾ ਲਾਇਸੈਂਸ ’ਤੇ 2 ਤੋਂ ਵੱਧ ਹਥਿਆਰ ਰੱਖਣਾ ਗੈਰ ਕਾਨੂੰਨੀ

01/20/2021 10:38:12 AM

ਫਿਰੋਜ਼ਪੁਰ (ਕੁਮਾਰ, ਸੋਨੂੰ): ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਕੋਈ ਵੀ ਅਸਲਾ ਲਾਇਸੈਂਸ ਧਾਰਕ ਆਪਣੇ ਲਾਇਸੈਂਸ ’ਤੇ 2 ਤੋਂ ਵੱਧ ਹਥਿਆਰ ਨਹੀਂ ਰੱਖ ਸਕਦਾ, ਜੇਕਰ ਕੋਈ ਵੀ ਇਕ ਲਾਇਸੈਂਸ ’ਤੇ ਦੋ ਤੋਂ ਜ਼ਿਆਦਾ ਹਥਿਆਰ ਰੱਖਦਾ ਹੈ ਤਾਂ ਉਸ ਦਾ ਲਾਇਸੈਂਸ ਅਣਅਧਿਕਾਰਤ ਮੰਨਿਆ ਜਾਵੇਗਾ ਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਕੌਰ ਨੇ ਜ਼ਿਲੇ ’ਚ ਹਾਲੇ ਤੱਕ ਕਈ ਅਸਲਾ ਲਾਇਸੈਂਸ ਧਾਰਕਾਂ ਵੱਲੋਂ ਇਕ ਅਸਲਾ ਲਾਇਸੈਂਸ ਤੇ ਦੋ ਤੋਂ ਜ਼ਿਆਦਾ ਹਥਿਆਰ ਰੱਖੇ ਹੋਏ ਹਨ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਵੀ ਲਾਇਸੈਂਸ ਧਾਰਕਾਂ ਕੋਲ ਇਕ ਅਸਲਾ ਲਾਇਸੈਂਸ ਤੇ 2 ਤੋਂ ਵੱਧ ਹਥਿਆਰ ਹਨ, ਉਹ ਆਪਣਾ ਤੀਸਰਾ ਅਸਲਾ ਨਜ਼ਦੀਕੀ ਥਾਣੇ/ਯੂਨਿਟ ਵਿਚ ਜਾਂ ਕਿਸੇ ਅਧਿਕਾਰਤ ਅਸਲਾ ਡੀਲਰ ਕੋਲ ਤੁਰੰਤ ਜਮ੍ਹਾ ਕਰਵਾਉਣ ਅਤੇ ਤੀਸਰੇ ਵਾਧੂ ਅਸਲੇ ਨੂੰ ਆਪਣੇ ਅਸਲੇ ਲਾਇਸੈਂਸ ਤੋਂ ਡਿਲੀਟ ਵੀ ਜ਼ਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਅਸਲਾ ਵੇਚਣ/ਟਰਾਂਸਫਰ ਕਰਨ ਦੀ ਕਾਰਵਾਈ ਲਈ ਆਪਣੇ ਨਜ਼ਦੀਕੀ ਸੇਵਾ ਕੇਂਦਰ ਵਿਚ ਐੱਨ.ਓ.ਸੀ. ਫਾਰ ਸੇਲ ਲੈ ਕੇ ਆਪਣੇ ਲਾਇਸੈਂਸ ਤੋਂ ਤੀਸਰਾ ਅਸਲਾ ਡਿਲੀਟ ਕਰਵਾ ਸਕਦੇ ਹਨ।ਉਨ੍ਹਾਂ ਕਿਹਾ ਕਿ ਜੇਕਰ ਕੋਈ ਅਸਲਾ ਲਾਇਸੈਂਸ ਧਾਰਕ ਆਪਣਾ ਤੀਸਰਾ ਵਾਧੂ ਅਸਲਾ ਤੁਰੰਤ ਜਮ੍ਹਾ ਕਰਵਾ ਕੇ ਆਪਣੇ ਲਾਇਸੈਂਸ ਤੋਂ ਡਿਲੀਟ ਨਹੀਂ ਕਰਵਾਉਂਦਾ ਤਾਂ ਉਸਦਾ ਤੀਸਰਾ ਵਾਧੂ ਅਸਲਾ ਨਾਜਾਇਜ਼ ਮੰਨਿਆ ਜਾਵੇਗਾ ਅਤੇ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।


Shyna

Content Editor

Related News