ਪਰਾਲੀ ਨੂੰ ਅੱਗ ਲਗਾਉਣ ਤੋਂ ਹੋਈ ਤਕਰਾਰ ਦੌਰਾਨ ਚੱਲੀ ਗੋਲੀ

05/12/2020 6:55:03 PM

ਜ਼ੀਰਾ, (ਅਕਾਲੀਆਂਵਾਲਾ)— ਪਿੰਡ ਵਾੜਾ ਵਰਿਆਮ ਸਿੰਘ ਵਾਲਾ ਵਿਖੇ ਇਕ ਕਿਸਾਨ ਵੱਲੋਂ ਆਪਣੇ ਖੇਤ 'ਚ ਕਣਕ ਦੀ ਪਰਾਲੀ ਨੂੰ ਲਗਾਈ ਗਈ ਅੱਗ ਨੂੰ ਲੈ ਕੇ ਗੁਆਂਢੀ ਕਿਸਾਨ ਨਾਲ ਹੋਏ ਤਕਰਾਰ ਦੌਰਾਨ ਇਕ ਧਿਰ ਵਲੋਂ ਚਲਾਈ ਗੋਲੀ ਦੌਰਾਨ ਇਕ ਨੌਜਵਾਨ ਦੇ ਫੱਟੜ ਹੋਣ ਦਾ ਸਮਾਚਾਰ ਹੈ । ਸਿਵਲ ਹਸਪਤਾਲ ਜ਼ੀਰਾ ਵਿਖੇ ਪੱਤਰਕਾਰਾਂ ਨੁੰ ਜਾਣਕਾਰੀ ਦਿੰਦਿਆਂ ਮਨਧੀਰ ਸਿੰਘ ਪੁਤਰ ਪ੍ਰਤਾਪ ਸਿੰਘ ਵਾਸੀ ਪਿੰਡ ਵਾੜਾ ਵਰਿਆਮ ਸਿੰਘ ਵਾਲਾ ਨੇ ਦੱਸਿਆ ਕਿ ਗੁਰਮੇਲ ਸਿੰਘ ਪੁੱਤਰ ਬਿਕਰ ਸਿੰਘ ਵਾਸੀ ਵਾੜਾ ਵਰਿਆਮ ਸਿੰਘ ਵਾਲਾ ਦੇ ਨਾਲ ਲੱਗਦੇ ਖੇਤ 'ਚੋਂ ਅੱਗ ਲੱਗਣ ਕਰਕੇ ਉਨ੍ਹਾਂ ਵੱਲੋਂ ਆਪਣੇ ਖੇਤ 'ਚ ਬੀਜੀ ਹੋਈ ਸਬਜ਼ੀ ਦਾ ਨੁਕਸਾਨ ਹੋ ਗਿਆ। ਜਿਸ ਨੂੰ ਲੈ ਕੇ ਉਨ੍ਹਾਂ ਦਾ ਖੇਤ ਮਾਲਕ ਕਿਸਾਨ ਪਰਮਜੀਤ ਸਿੰਘ ਨਾਲ ਤਕਰਾਰ ਹੋ ਗਿਆ । ਮਨਧੀਰ ਸਿੰਘ ਨੇ ਅੱਗੇ ਦੋਸ਼ ਲਗਾਉਂਦਿਆਂ ਦੱਸਿਆ ਕਿ ਖੇਤ ਮਾਲਕ ਪਰਮਜੀਤ ਸਿੰਘ ਧਿਰ ਵਲੋਂ ਗੁਰਮੇਲ ਸਿੰਘ 'ਤੇ ਬੰਦੂਕ ਨਾਲ ਕਾਤਲਾਨਾ ਹਮਲਾ ਕਰਨ ਦੀ ਨੀਅਤ ਨਾਲ ਫਾਇਰ ਕੀਤੇ ਗਏ ਜੋ ਕਿ ਉਸ ਦੇ ਖੱਬੇ ਪੱਟ 'ਚ ਲੱਗਣ ਕਰਕੇ ਉਹ ਫੱਟੜ ਹੋ ਗਿਆ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਆਂਦਾ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰ ਹਰਗੁਣ ਸਿੰਘ ਮੈਡੀਕਲ ਅਫਸਰ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਉਸ ਨੂੰ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਰੈਫ਼ਰ ਕਰ ਦਿੱਤਾ । ਸੂਚਨਾ ਮਿਲਣ 'ਤੇ ਥਾਣਾ ਸਦਰ ਜ਼ੀਰਾ ਦੀ ਪੁਲਸ ਨੇ ਪੀੜਤ ਧਿਰ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

KamalJeet Singh

This news is Content Editor KamalJeet Singh