ਫ਼ਾਇਰਿੰਗ ਅਤੇ ਨਾਜਾਇਜ਼ ਸ਼ਰਾਬ ਕੇਸ ਦਾ ਭਗੌੜਾ ਮੁਲਜ਼ਮ 5 ਸਾਲਾਂ ਬਾਅਦ ਕੀਤਾ ਕਾਬੂ

11/11/2021 5:08:14 PM

ਫ਼ਰੀਦਕੋਟ (ਰਾਜਨ): ਸਥਾਨਕ ਪੀ.ਓ. ਸਟਾਫ਼ ਮੁਖੀ ਏ.ਐੱਸ.ਆਈ ਪਰਵਿੰਦਰ ਸਿੰਘ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਵੱਲੋਂ ਮੁਕੱਦਮਾ ਨੰਬਰ 61 ਦੇ ਕਰੀਬ 5 ਸਾਲਾਂ ਤੋਂ ਭਗੌੜੇ ਮੁਲਜ਼ਮ ਸੁਖਜਿੰਦਰ ਸਿੰਘ ਉਰਫ਼ ਕਾਲਾ ਪੁੱਤਰ ਸੁਰਿੰਦਰ ਸਿੰਘ ਵਾਸੀ ਮੋਗਾ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। 
ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਦੀਪਇੰਦਰ ਸਿੰਘ ਨੇ ਦੱਸਿਆ ਕਿ ਮੰਗਤ ਸਿੰਘ ਪੁੱਤਰ ਭਗਵਾਨ ਦਾਸ ਅਰੋੜਾ ਵਾਸੀ ਗਲੀ ਨੰਬਰ 2, ਗਾਂਧੀ ਨਗਰ ਫ਼ਿਰੋਜ਼ਪੁਰ ਰੋਡ, ਫ਼ਰੀਦਕੋਟ ਨੇ ਸਾਲ 2017 ’ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦ ਉਹ 30 ਸਤੰਬਰ 2017 ਗੁਰਜਿੰਦਰ ਸਿੰਘ ਵਾਸੀ ਗੁੱਜਰ ਅਤੇ ਸੁਖਵਿੰਦਰ ਸਿੰਘ ਵਾਸੀ ਫ਼ਰੀਦਕੋਟ ਸਮੇਤ ਗੱਡੀ ’ਤੇ ਸਵਾਰ ਹੋ ਕੇ ਪਿੰਡ ਦੀਪ ਸਿੰਘ ਵਾਲਾ ਤੋਂ ਕਾਨਿਆਂਵਾਲੀ ਨੂੰ ਜਾ ਰਹੇ ਸਨ ਤਾਂ ਪਿੰਡ ਦੀਪ ਸਿੰਘ ਵਾਲਾ ਵਾਲੇ ਪਾਸਿਓ ਆ ਰਹੀ ਇੱਕ ਸਕਾਰਪੀਓ ਗੱਡੀ ਉਨ੍ਹਾਂ ਦੀ ਗੱਡੀ ਨਾਲ ਟਕਰਾ ਕੇ ਕੱਚੀ ਜਗ੍ਹਾ ਵੱਲ ਉੱਤਰ ਗਈ ਜਿਸ ’ਤੇ ਗੱਡੀ ਦਾ ਐਕਸਲ ਟੁੱਟਣ ਕਾਰਣ ਇਹ ਗੱਡੀ ਰੁਕ ਗਈ। ਉਨ੍ਹਾਂ ਦੱਸਿਆ ਕਿ ਇਸ ਵਿੱਚੋਂ ਕੁਝ ਵਿਅਕਤੀਆਂ ਨੇ ਉਤਰ ਕੇ ਫਾਇਰਿੰਗ ਕਰਨੀ ਸ਼ੁਰੂ ਦਿੱਤੀ ਅਤੇ ਇਸ ਉਪਰੰਤ ਇਹ ਸਾਰੇ ਗੱਡੀ ਛੱਡ ਕੇ ਫ਼ਰਾਰ ਹੋ ਗਏ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਜਦ ਸ਼ਿਕਾਇਤ ਕਰਤਾਵਾਂ ਨੇ ਗੱਡੀ ਵਿੱਚ ਜਾ ਕੇ ਵੇਖਿਆ ਤਾਂ ਸ਼ਰਾਬ ਦੀਆਂ ਪੇਟੀਆਂ ਗੱਡੀ ਵਿੱਚ ਲੱਦੀਆਂ ਹੋਈਆਂ ਸਨ ਜੋ ਬਾਅਦ ਵਿੱਚ ਪੁਲਸ ਨੂੰ ਹੋਈ ਬਰਾਮਦਗੀ ਅਨੁਸਾਰ 19 ਪੇਟੀਆਂ ਸੌਫ਼ੀਆ ਤੇ 9 ਪੇਟੀਆਂ ਮੋਟਾ ਸੰਤਰਾ ਪਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਪੁਲਸ ਵੱਲੋਂ ਚਾਰ ਮੁਲਜ਼ਮਾਂ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਸੀ, ਜਿਸ ਵਿੱਚ ਭਗੌੜੇ ਐਲਾਨੇ ਗਏ ਉਕਤ ਦੋਸ਼ੀ ਨੂੰ 5 ਸਾਲਾਂ ਬਾਅਦ ਗ੍ਰਿਫ਼ਤਾਰ ਕਰਕੇ ਸਬੰਧਤ ਥਾਣਾ ਸਾਦਿਕ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ।

Shyna

This news is Content Editor Shyna