ਬੁਆਇਲਰ ਚਲਾਉਣ ਵਾਲਿਆਂ ਨੂੰ ਫਾਇਰ ਸੇਫਟੀ ਅਫ਼ਸਰ ਸੰਗਰੂਰ ਨੇ ਕੱਢੇ ਨੋਟਿਸ

03/20/2022 9:06:13 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਫਾਇਰ ਸੇਫਟੀ ਅਫ਼ਸਰ ਸੰਗਰੂਰ ਵੱਲੋਂ ਸੰਗਰੂਰ ਦੇ ਦੁਕਾਨਦਾਰਾ ਨੂੰ ਨੋਟਿਸ ਕੱਢ ਕੇ ਉਨ੍ਹਾਂ ਪਾਸੋਂ ਜਾਣਕਾਰੀ ਮੰਗੀ ਗਈ ਹੈ ਕਿ ਕਿਨ੍ਹਾਂ ਹਲਵਾਈਆਂ ਵੱਲੋਂ ਬੁਆਇਲਰ ਚਲਾਏ ਜਾ ਰਹੇ ਹਨ। ਕੁਝ ਦੁਕਾਨਦਾਰਾਂ ਨੇ ਅੱਜ ਇਨ੍ਹਾਂ ਨੋਟਿਸਾਂ ਦੀਆਂ ਕਾਪੀਆਂ ਦਿਖਾਉਂਦਿਆਂ ਦੱਸਿਆ ਕਿ ਉਨ੍ਹਾਂ ਨੂੰ ਇਹ ਨੋਟਿਸ ਇਕ-ਦੋ ਦਿਨ ਪਹਿਲਾਂ ਹੀ ਪ੍ਰਾਪਤ ਹੋਏ ਹਨ, ਜਦਕਿ ਇਨ੍ਹਾਂ ਨੋਟਿਸਾਂ ’ਚ ਸਿਰਫ 10 ਦਿਨਾਂ ਦਾ ਸਮਾਂ ਹੀ ਦਿੱਤਾ ਗਿਆ ਸੀ ਪਰ ਉਨ੍ਹਾਂ ਨੂੰ ਨੋਟਿਸ ਲੰਘੇ ਸਮੇਂ ਤੋਂ ਬਾਅਦ ਪ੍ਰਾਪਤ ਹੋਏ ਹਨ। ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਤਿਉਹਾਰਾਂ ਦੇ ਸਮੇਂ ਜੋਗਿੰਦਰ ਪਾਲ ਗੋਇਲ ਦੇ ਨਾਂ ਨਾਲ ਸਬੰਧਤ ਵਿਅਕਤੀ ਵੱਲੋਂ ਇਨ੍ਹਾਂ ਬੁਆਇਲਰਾਂ ਨੂੰ ਲੈ ਕੇ ਲਿਖਤੀ ਸ਼ਿਕਾਇਤ ਵੀ ਕੀਤੀ ਗਈ ਸੀ ਅਤੇ ਕਾਫ਼ੀ ਫੋਟੋਆਂ ਸੋਸ਼ਲ ਮੀਡੀਆ ਉੱਪਰ ਵੀ ਵਾਇਰਲ ਹੋਈਆਂ ਸਨ। ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਅਮਰਿੰਦਰਪਾਲ ਸਿੰਘ ਸੰਧੂ ਫਾਇਰ ਸਟੇਸ਼ਨ ਅਫ਼ਸਰ ਸੰਗਰੂਰ ਨੇ ਦੱਸਿਆ ਕਿ ਸੰਗਰੂਰ ਵਿਖੇ ਹਲਵਾਈਆਂ ਨਾਲ ਸਬੰਧਤ ਵਿਅਕਤੀਆਂ ਨੂੰ ਬੁਆਇਲਰ ਚਲਾਉਣ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਇਹ ਨੋਟਿਸ 7 ਮਾਰਚ ਨੂੰ ਕੱਢੇ ਗਏ ਸਨ ਪਰ ਕੁਝ ਦੁਕਾਨਦਾਰਾਂ ਵੱਲੋਂ ਨੋਟਿਸ ਨਾ ਪ੍ਰਾਪਤ ਕਰਨ ਕਰਕੇ ਉਨ੍ਹਾਂ ਕੋਲ ਵਾਪਸ ਆ ਗਏ ਸਨ, ਜੋ ਮੁੜ ਤੋਂ ਭੇਜੇ ਗਏ ਸਨ।

ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਦਾ ਵੱਡਾ ਬਿਆਨ, ਕਿਹਾ-ਕਈ ਵਾਰ ਝੂਠਾ ਪ੍ਰਚਾਰ ਲੋਕਾਂ ’ਤੇ ਕਰ ਜਾਂਦੈ ਅਸਰ

ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਨੋਟਿਸ ਪ੍ਰਾਪਤ ਕਰਨ ਤੋਂ ਬਾਅਦ ਦਸ ਦਿਨਾਂ ਦਾ ਸਮਾਂ ਸ਼ੁਰੂ ਹੁੰਦਾ ਹੈ। ਜਿਸ ਸੰਬੰਧੀ ਦੁਕਾਨਦਾਰ ਆਪਣੀ ਜਾਣਕਾਰੀ ਦੇ ਸਕਦੇ ਹਨ। ਸੰਧੂ ਨੇ ਦੱਸਿਆ ਕਿ ਇਹ ਰੁਟੀਨ ’ਚ ਕੀਤੀ ਜਾਣ ਵਾਲੀ ਕਾਰਵਾਈ ਹੈ ਕਿਉਂਕਿ ਬੁਆਇਲਰ ਫਟਣ ਕਾਰਨ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ, ਇਸ ਲਈ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬੇਸ਼ੱਕ ਉਨ੍ਹਾਂ ਨੂੰ ਦੋ ਤੋਂ ਤਿੰਨ ਵਿਅਕਤੀਆਂ ਨੇ ਬੁਆਇਲਰ ਚਲਾਉਣ ਸਬੰਧੀ ਜਾਣਕਾਰੀ ਦਿੱਤੀ ਹੈ ਅਤੇ ਉਨ੍ਹਾਂ ਨੂੰ ਜੋ ਮਹਿਕਮੇ ਦੀਆਂ ਹਦਾਇਤਾਂ ਹਨ, ਉਨ੍ਹਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ ਕਿਉਂਕਿ ਸੰਘਣੀ ਆਬਾਦੀ ਵਿਚ ਇਸ ਤਰ੍ਹਾਂ ਦੇ ਬੁਆਇਲਰ ਨਹੀਂ ਚਲਾਏ ਜਾ ਸਕਦੇ। ਸੰਧੂ ਨੇ ਦੱਸਿਆ ਕਿ ਜੋ ਮਹਿਕਮੇ ਦੀਆਂ ਗਾਈਡਲਾਈਨਜ਼ ਹਨ, ਉਨ੍ਹਾਂ ਅਨੁਸਾਰ ਹੀ ਇਹ ਬੁਆਇਲਰ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਜਾਣਕਾਰੀ ਅਨੁਸਾਰ ਸੰਗਰੂਰ ’ਚ ਅੱਧੀ ਦਰਜਨ ਦੇ ਕਰੀਬ ਵੱਖ-ਵੱਖ ਥਾਵਾਂ ਉਪਰ ਬੁਆਇਲਰ ਚਲਾਏ ਜਾ ਰਹੇ ਹਨ।

 ਇਹ ਵੀ ਪੜ੍ਹੋ : SGPC ਚੋਣਾਂ ਤੇ ਪੰਥਕ ਮਾਮਲਿਆਂ ਨੂੰ ਲੈ ਕੇ ਸੁਖਦੇਵ ਢੀਂਡਸਾ ਦੀ ਅਗਵਾਈ ’ਚ ਵਫ਼ਦ CM ਮਾਨ ਨੂੰ ਮਿਲੇਗਾ

ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਫਾਇਰ ਸੇਫਟੀ ਵਿਭਾਗ ਵੱਲੋਂ ਪਿਛਲੇ ਮਹੀਨੇ ਹੀ ਵੱਖ-ਵੱਖ ਇਕ ਦਰਜਨ ਤੋਂ ਵੱਧ ਨਾਮੀ ਹੋਟਲਾਂ ਨੂੰ ਫਾਇਰ ਸੇਫਟੀ ਸਰਟੀਫਿਕੇਟ ਲੈਣ ਸਬੰਧੀ ਵੀ ਨੋਟਿਸ ਕੱਢੇ ਗਏ ਸਨ। ਇਸ ਸੰਬੰਧੀ ਫਾਇਰ ਸੇਫਟੀ ਅਫਸਰ ਸੰਧੂ ਨੇ ਦੱਸਿਆ ਕਿ ਉਨ੍ਹਾਂ ਵੱਲੋਂ 14 ਤੋਂ 15 ਹੋਟਲਾਂ ਨੂੰ ਨੋਟਿਸ ਕੱਢੇ ਗਏ ਸਨ, ਜਿਨ੍ਹਾਂ ’ਚੋਂ ਲੱਗਭਗ 6-7 ਹੋਟਲ ਮਾਲਕਾਂ ਵੱਲੋਂ ਐੱਨ.ਓ.ਸੀ. ਲੈਣ ਸਬੰਧੀ ਪ੍ਰਕਿਰਿਆ ਆਰੰਭ ਕੀਤੀ ਜਾ ਚੁੱਕੀ ਹੈ ਅਤੇ ਕੁਝ ਵਿਅਕਤੀਆਂ ਨੇ ਐੱਨ.ਓ.ਸੀ. ਪ੍ਰਾਪਤ ਵੀ ਕਰ ਲਿਆ ਹੈ। ਇਕ ਸਵਾਲ ਦਾ ਜਵਾਬ ਦਿੰਦਿਆਂ ਸੰਧੂ ਨੇ ਕਿਹਾ ਕਿ ਜੇਕਰ ਫਿਰ ਵੀ ਹੋਟਲ ਮਾਲਕਾਂ ਵੱਲੋਂ ਨਿਯਮਾਂ ਦੀ ਉਲੰਘਣਾ ਕੀਤੀ ਗਈ ਤਾਂ ਉਸ ਦੇ ਖ਼ਿਲਾਫ਼ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।


Manoj

Content Editor

Related News