ਸ਼ਾਰਟ-ਸਰਕਟ ਕਾਰਨ ਫਰਨੀਚਰ ਹਾਊਸ ''ਚ ਲੱਗੀ ਅੱਗ

04/23/2019 12:22:22 AM

ਖੰਨਾ(ਸੁਖਵਿੰਦਰ ਕੌਰ)- ਸਥਾਨਕ ਸਮਰਾਲਾ ਰੋਡ ਸਥਿਤ ਸ਼ਹਿਰ ਦੇ ਹੀ ਨਹੀਂ, ਬਲਕਿ ਪੂਰੇ ਇਲਾਕੇ ਦੇ ਸਭ ਤੋਂ ਵੱਡੇ ਸ਼ੋਅਰੂਮ ਹੁਕਮ ਚੰਦ ਸੂਦ ਐਂਡ ਸੰਜ਼ ਦੇ ਫਰਨੀਚਰ ਸ਼ੋਅਰੂਮ ਵਿਚ ਅੱਜ ਸ਼ਾਰਟ-ਸਰਕਟ ਹੋਣ ਕਰਕੇ ਫਰਨੀਚਰ ਹਾਊਸ ਵਿਚ ਅੱਗ ਲੱਗ ਗਈ। ਜਿਸ ਕਰਕੇ ਦੇਖਦੇ ਹੀ ਦੇਖਦੇ ਅੱਗ ਦੇ ਭਾਂਬੜ ਬਲਣੇ ਸ਼ੁਰੂ ਹੋ ਗਏ ਤੇ ਪੂਰਾ ਫਰਨੀਚਰ ਹਾਊਸ ਹੀ ਜਲਕੇ ਰਾਖ ਹੋ ਗਿਆ। ਅੱਗ 'ਤੇ ਕਾਬੂ ਪਾਉਣ ਲਈ ਪੰਜ ਸ਼ਹਿਰਾਂ ਦੀਆਂ ਫਾਇਰ ਗੱਡੀਆਂ ਅੱਗ ਬੁਝਾਉਣ ਲਈ ਮੌਕੇ ਉੱਤੇ ਪਹੁੰਚੀਆਂ, ਪਰ ਫਿਰ ਵੀ ਦੇਰ ਰਾਤ ਤਕ ਅੱਗ ਕੰਟਰੋਲ ਵਿਚ ਨਹੀਂ ਹੋ ਸਕੀ ਸੀ ਅਤੇ ਮੋਹਾਲੀ ਤੋਂ ਵਿਸ਼ੇਸ਼ ਅੱਗ ਬੁਝਾਊ ਗੱਡੀ (ਸਨੋਰਕਲ ਲੈਂਡਰ) ਮੰਗਵਾਈ ਗਈ ਤੇ ਫਾਇਰ ਕਰਮਚਾਰੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੇ ਯਤਨ ਸ਼ੁਰੂ ਕੀਤੇ ਗਏ। ਇਸ ਦੌਰਾਨ ਸ਼ੋਅਰੂਮ ਦੇ ਨੇੜੇ ਲੋਕ ਵੱਡੀ ਗਿਣਤੀ 'ਚ ਜਮ੍ਹਾਂ ਹੋਣੇ ਸ਼ੁਰੂ ਹੋ ਗਏ ਤੇ ਸਥਿਤੀ ਨਾਜ਼ੁਕ ਹੁੰਦੇ ਦੇਖ ਅੱਗ ਲੱਗਣ ਤੋਂ ਕੁਝ ਸਮੇਂ ਬਾਅਦ ਹੀ ਐੱਸ. ਐੱਸ. ਪੀ. ਧਰੁਵ ਦਹੀਆ ਤੇ ਨਗਰ ਕੌਂਸਲ ਪ੍ਰਧਾਨ ਵਿਕਾਸ ਮਹਿਤਾ, ਐੱਸ. ਡੀ. ਐੱਮ. ਸੰਦੀਪ ਸਿੰਘ, ਯੂਥ ਪ੍ਰਧਾਨ ਸਤਨਾਮ ਸਿੰਘ ਸੋਨੀ ਸਮੇਤ ਪੁਲਸ ਤੇ ਹੋਰ ਵੀ ਪ੍ਰਸ਼ਾਸਨਿਕ ਅਧਿਕਾਰੀ ਪਹੁੰਚ ਗਏ । ਮੌਕੇ ਉਤੇ ਸਾਰੀ ਸਥਿਤੀ ਨੂੰ ਕੰਟਰੋਲ ਕੀਤਾ ਅਤੇ ਸਮਰਾਲਾ ਰੋਡ ਨੂੰ ਬੰਦ ਕਰ ਦਿੱਤਾ ਗਿਆ ਤਾਂ ਜੋ ਕੋਈ ਹਾਦਸਾ ਨਾ ਵਾਪਰ ਸਕੇ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਆਲੇ-ਦੁਆਲੇ ਦੇ ਘਰਾਂ ਅਤੇ ਦੁਕਾਨਦਾਰਾਂ ਨੂੰ ਅਲਰਟ ਕੀਤਾ ਗਿਆ।
ਜਾਣਕਾਰੀ ਅਨੁਸਾਰ ਸੂਦ ਫਰਨੀਚਰ 'ਤੇ ਸਭ ਕੁਝ ਰੋਜ਼ਾਨਾ ਦੀ ਤਰ੍ਹਾਂ ਚੱਲ ਰਿਹਾ ਸੀ ਤਾਂ ਸ਼ਾਮ 5 ਵਜੇ ਦੇ ਕਰੀਬ ਅਚਾਨਕ ਸ਼ਾਰਟ-ਸਰਕਟ ਨਾਲ ਇਕ ਚਿੰਗਾਰੀ ਛੱਤ 'ਤੇ ਪਏ ਜਨਰੇਟਰ ਦੇ ਅੰਦਰ ਤਕ ਪਹੁੰਚ ਗਈ ਅਤੇ ਜਿਸ ਨਾਲ ਸ਼ੋਅਰੂਮ ਵਿਚ ਅੱਗ ਵੱਧਣੀ ਸ਼ੁਰੂ ਹੋ ਗਈ, ਇਸ ਨਾਲ ਪੂਰੇ ਫਰਨੀਚਰ ਹਾਊਸ ਵਿਚ ਭਿਆਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਦੇ ਭਾਂਬੜ ਬਲਣ ਲੱਗੇ ਤੇ ਫਰਨੀਚਰ ਅਤੇ ਸੋਫਿਆਂ ਨੂੰ ਚੜ੍ਹੀਆਂ ਅੱਗ ਦੀਆਂ ਲਪਟਾਂ ਨੇ ਸ਼ਹਿਰ ਵਿਚ ਧੂੰਆਂ ਹੀ ਧੂੰਆਂ ਕਰ ਦਿੱਤਾ । ਜਿਸ ਨਾਲ ਇਕ ਵਾਰ ਸਾਰੇ ਸ਼ਹਿਰ ਵਿਚ ਹਾ-ਹਾ ਕਾਰ ਮੱਚ ਗਈ। ਜਿਸਨੂੰ ਵੇਖਦੇ ਹੋਏ ਪੁਲਸ ਨੇ ਮੌਕੇ ਉੱਤੇ ਪਹੁੰਚ ਕੇ ਪਹਿਲਾਂ ਸਮਰਾਲਾ ਰੋਡ ਨੂੰ ਦੋਨੋਂ ਪਾਸਿਓਂ ਬੰਦ ਕਰ ਦਿੱਤਾ ਗਿਆ। ਫਿਰ ਫਾਇਰ ਬ੍ਰਿਗੇਡ ਦੇ ਮੁੱਖ ਅਧਿਕਾਰੀ ਯਸ਼ਪਾਲ ਗੋਮੀ ਦੀ ਟੀਮ ਨੇ ਵਧੇਰੇ ਅੱਗ ਨੂੰ ਭਾਂਪਦੇ ਹੋਏ ਸਮਰਾਲਾ, ਮੰਡੀ ਗੋਬਿੰਦਗੜ੍ਹ, ਫਤਿਹਗੜ੍ਹ ਸਾਹਿਬ ਅਤੇ ਲੁਧਿਆਣਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਗਈਆਂ। ਰਾਤ 10 ਵਜੇ ਤਕ ਪਾਣੀ ਦੀਆਂ ਤਕਰੀਬਨ 60 ਗੱਡੀਆਂ ਲੱਗ ਚੁੱਕੀਆਂ ਸਨ। ਫਾਇਰ ਬ੍ਰਿਗੇਡ ਕਰਮਚਾਰੀਆਂ ਤੋਂ ਅੱਗ 'ਤੇ ਕੰਟਰੋਲ ਨਹੀਂ ਪਾਇਆ ਜਾ ਰਿਹਾ ਸੀ । ਅੱਗ ਦੇ ਲਗਾਤਾਰ ਵਧਣ ਦੀ ਸੂਚਨਾ ਮਿਲਦੇ ਸਾਰ ਸਿਹਤ ਵਿਭਾਗ ਵੱਲੋਂ ਵੀ ਐਂਬੂਲੈਂਸਾਂ ਮੌਕੇ 'ਤੇ ਭੇਜੀਆਂ ਗਈਆਂ। ਇਸ ਦੌਰਾਨ ਸਥਿਤੀ ਦਾ ਜਾਇਜ਼ਾ ਲੈਣ ਲਈ ਐੱਸ. ਐੱਸ. ਪੀ. ਧਰੁਵ ਦਹੀਆ, ਕੌਂਸਲ ਪ੍ਰਧਾਨ ਵਿਕਾਸ ਮਹਿਤਾ, ਐੱਸ. ਡੀ. ਐੱਮ. ਸੰਦੀਪ ਸਿੰਘ ਤੇ ਡੀ. ਐੱਸ. ਪੀ. ਦੀਪਕ ਰਾਏ ਵੀ ਮੌਕੇ 'ਤੇ ਪੁੱਜ ਗਏ ਅਤੇ ਉਨ੍ਹਾਂ ਵੱਲੋਂ ਫਾਇਰ ਬ੍ਰਿਗੇਡ ਟੀਮਾਂ ਨੂੰ ਅੱਗ 'ਤੇ ਜਲਦ ਕਾਬੂ ਪਾਉਣ ਲਈ ਜ਼ਰੂਰੀ ਹਦਾਇਤਾਂ ਵੀ ਦਿੱਤੀਆਂ।
ਪੂਰਾ ਸਮਰਾਲਾ ਰੋਡ ਰਿਹਾ ਸੀਲ, ਆਵਾਜਾਈ ਹੋਈ ਪ੍ਰਭਾਵਿਤ
ਅੱਗ ਦੇ ਲਗਾਤਾਰ ਵੱਧਣ ਅਤੇ ਟ੍ਰੈਫਿਕ ਜਾਮ ਲੱਗਣ ਕਰਕੇ ਚੌਕਸੀ ਵਰਤਦੇ ਹੋਏ ਪੁਲਸ ਪ੍ਰਸ਼ਾਸਨ ਵਲੋਂ ਸਮਰਾਲਾ ਰੋਡ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ, ਜਿਸ ਕਰਕੇ ਸਮਰਾਲਾ ਰੋਡ ਤੋਂ ਲੰਘਣ ਵਾਲੇ ਟ੍ਰੈਫਿਕ ਨੂੰ ਅਨਾਜ ਮੰਡੀ ਤੇ ਲਲਹੇੜੀ, ਰਹੌਣ ਅਤੇ ਕੌੜੀ ਆਦਿ ਵਲੋਂ ਕੱਢਿਆ ਗਿਆ ।
ਇਲਾਕੇ ਦੀ ਬਿਜਲੀ ਸਪਲਾਈ ਕੀਤੀ ਗਈ ਬੰਦ
ਅੱਗ ਦੀ ਘਟਨਾ ਦੇ ਬਾਅਦ ਪੂਰੇ ਇਲਾਕੇ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ । ਬਿਜਲੀ ਬੰਦ ਹੋਣ ਦੇ ਚਲਦੇ ਦੇਰ ਸ਼ਾਮ ਹਨੇਰਾ ਹੋਣ ਕਰਕੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਅੱਗ ਬੁਝਾਉਣ 'ਚ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ।
ਮੋਹਾਲੀ ਤੋਂ ਮੰਗਵਾਈ ਸਨੋਰਕਲ ਲੈਂਡਰ ਗੱਡੀ
ਦੇਰ ਰਾਤ ਤਕ ਅੱਗ 'ਤ ਪੂਰੇ ਇਲਾਕੇ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਅੱਗ 'ਤੇ ਕਾਬੂ ਨਾ ਪਾਏ ਜਾਣ ਕਰਕੇ ਫਾਇਰ ਅਧਿਕਾਰੀਆਂ ਵੱਲੋਂ ਮੋਹਾਲੀ ਤੋਂ ਸਨੋਰਕਲ ਲੈਂਡਰ ਗੱਡੀ ਮੰਗਵਾਈ ਗਈ। ਜਿਸ ਨਾਲ ਫਾਇਰ ਅਧਿਕਾਰੀਆਂ ਵੱਲੋਂ ਅੱਗ ਬੁਝਾਏ ਜਾਣ ਦੀ ਉਮੀਦ ਜਤਾਈ ਗਈ।
ਕੀ ਕਹਿਣੈ ਐੱਸ. ਡੀ. ਐੱਮ. ਸੰਦੀਪ ਸਿੰਘ ਦਾ
ਇਸ ਸੰਬੰਧੀ ਗੱਲਬਾਤ ਕਰਦੇ ਹੋਏ ਐੱਸ. ਡੀ. ਐੱਮ. ਸੰਦੀਪ ਸਿੰਘ ਨੇ ਕਿਹਾ ਕਿ ਫਾਇਰ ਸਟਾਫ ਪਿਛਲੇ 5 ਘੰਟਿਆਂ ਤੋਂ ਰੈਸਕਿਊ ਆਪ੍ਰੇਸ਼ਨ ਵਿਚ ਜੁਟਿਆ ਹੋਇਆ ਹੈ । ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਸਾਹਮਣੇ ਆਇਆ । ਅੱਗ ਉੱਤੇ ਕਾਬੂ ਪਾਉਣਾ ਅਤੇ ਆਸਪਾਸ ਦੀਆਂ ਇਮਾਰਤਾਂ ਨੂੰ ਸੁਰੱਖਿਅਤ ਰੱਖਣ ਨੂੰ ਪਹਿਲ ਦਿੱਤੀ ਜਾ ਰਹੀ ਹੈ । ਫਾਇਰ ਬ੍ਰਿਗੇਡ ਦੀਆਂ 15 ਤੋਂ ਵੱਧ ਗੱਡੀਆਂ ਅੱਗ ਬੁਝਾਉਣ ਲਈ ਲਗਾਈਆਂ ਗਈਆਂ ਹਨ । ਅੱਗ ਲੱਗਣ ਦੇ ਕਾਰਨ ਹਾਲੇ ਸਾਹਮਣੇ ਨਹੀਂ ਆਏ ਹਨ ।

satpal klair

This news is Content Editor satpal klair