ਅੱਗ ਲੱਗਣ ਨਾਲ 40-50 ਏਕੜ ਕਣਕ ਸੜ ਕੇ ਸੁਆਹ

04/24/2019 1:26:15 PM

ਭਾਦਸੋਂ (ਅਵਤਾਰ)—ਥਾਣਾ ਭਾਦਸੋਂ ਅਧੀਨ ਆਉਂਦੇ ਪਿੰਡ ਪਾਲੀਆ ਅਤੇ ਮੋਹਲ ਗੁਆਰਾ 'ਚ ਅਚਾਨਕ ਅੱਗ ਲੱਗਣ ਨਾਲ ਕਰੀਬ 40-50 ਏਕੜ ਕਣਕ ਦੀ ਖੜ੍ਹੀ ਫਸਲ ਅਤੇ ਨਾੜ ਸੜ ਕੇ ਸੁਆਹ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਪੱਕੀ ਹੋਈ ਫਸਲ ਵੱਢਣ ਲਈ ਤਿਆਰ ਸੀ। ਅਚਾਨਕ ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ 2 ਦੇਖਦਿਆਂ ਹੀ ਦੇਖਦਿਆਂ ਅੱਗ ਦੇ ਭਾਂਬੜ ਮੱਚ ਪਏ। ਕਈ ਏਕੜ ਕਣਕ ਅਤੇ ਨਾੜ ਬੁਰੀ ਤਰ੍ਹਾਂ ਨਸ਼ਟ ਹੋ ਗਿਆ।

ਜਾਣਕਾਰੀ ਦਿੰਦਿਆਂ ਪਿੰਡ ਮੋਹਲ ਗੁਆਰਾ ਦੇ ਸਾਬਕਾ ਸਰਪੰਚ ਪਿਆਰਾ ਸਿੰਘ, ਸੰਤੋਖ ਸਿੰਘ ਸਰਪੰਚ ਬੁੱਗਾ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਅੱਗ ਨੇ ਅਚਾਨਕ ਤੇਜ਼ੀ ਫੜ ਲਈ। ਇਸ ਦੌਰਾਨ ਪਿੰਡ ਮੋਹਲ ਗੁਆਰਾ ਦੇ ਗੁਰਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ ਦੀ 8 ਏਕੜ ਦੇ ਕਰੀਬ, ਕੁਲਵੰਤ ਸਿੰਘ ਦੀ ਚੁਕੌਤੇ ਲਈ 4 ਏਕੜ, ਮੇਜਰ ਸਿੰਘ 2 ਏਕੜ , ਪਿੰਡ ਪਾਲੀਆ ਦੇ ਮਾਨ ਸਿੰਘ, ਜਸਵਿੰਦਰ ਸਿੰਘ, ਹਰਦੇਵ ਸਿੰਘ, ਸੁਦਰਸ਼ਨ ਸਿੰਘ, ਮੇਜਰ ਸਿੰਘ, ਬਲਵੀਰ ਸਿੰਘ ਅਤੇ ਮੁਕੰਦ ਸਿੰਘ ਦੀ ਕਣਕ ਇਸ ਅੱਗ ਦੀ ਭੇਟ ਚੜ੍ਹ ਗਈ। ਲੋਕਾਂ ਨੇ ਇਕੱਤਰ ਹੋ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।

ਥਾਣਾ ਭਾਦਸੋਂ ਦੇ ਮੁਖੀ ਜੈ ਗੋਪਾਲ ਸਿੰਘ, ਅਵਤਾਰ ਸਿੰਘ ਏ. ਐੱਸ. ਆਈ ਅਤੇ ਚੌਕੀ ਦੰਦਰਾਲਾ ਢੀਂਡਸਾ ਦੇ ਇੰਚਾਰਜ ਏ. ਐੈੱਸ. ਆਈ. ਸੁਖਪਾਲ ਸਿੰਘ ਵੀ ਪੁਲਸ ਪਾਰਟੀ ਸਮੇਤ ਅੱਗ ਲੱਗਣ ਵਾਲੀ ਥਾਂ 'ਤੇ ਪੁੱਜੇ। ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਵੀ ਮੰਗਵਾਈਆਂ ਜਿਨ੍ਹਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾ ਲਿਆ। ਸਾਬਕਾ ਸਰਪੰਚ ਪਿਆਰਾ ਸਿੰਘ, ਸਰਪੰਚ ਸੰਤੋਖ ਸਿੰਘ ਬੁੱਗਾ ਅਤੇ ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਅੱਗ ਲੱਗਣ ਨਾਲ ਨੁਕਸਾਨੀਆਂ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ।

Shyna

This news is Content Editor Shyna