ਤੂੜੀ ਦੇ ਢੇਰ ਨੂੰ ਅੱਗ ਲੱਗਣ ਕਾਰਨ ਦਰਜਨ ਦੇ ਕਰੀਬ ਤੂੜੀ ਦੀਆਂ ਟਰਾਲੀਆਂ ਸੜ ਕੇ ਸੁਆਹ

05/01/2021 4:05:33 PM

ਭਵਾਨੀਗੜ੍ਹ (ਕਾਂਸਲ): ਨੇੜਲੇ ਪਿੰਡ ਰੋਸ਼ਨਵਾਲਾ ਤੋਂ ਰਾਏ ਸਿੰਘ ਵਾਲਾ ਨੂੰ ਜਾਂਦੀ ਸੜਕ ਉਪਰ ਅੱਜ ਦੁਪਹਿਰ ਇਕ ਖੇਤ ’ਚ ਤੂੜੀ ਦੇ ਢੇਰ ਨੂੰ ਅੱਗ ਲੱਗ ਜਾਣ ਕਾਰਨ ਦਰਜਨ ਦੇ ਕਰੀਬ ਤੂੜੀ ਦੀਆਂ ਟਰਾਲੀਆਂ ਅੱਗ ਦੀ ਭੇਟਾਂ ਚੜ੍ਹ ਜਾਣ ਕਾਰਨ ਕਿਸਾਨ ਦਾ ਭਾਰੀ ਨੁਕਸਾਨ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਪਿੰਡ ਰੋਸ਼ਨਵਾਲਾ ਤੋਂ ਪਿੰਡ ਰਾਏ ਸਿੰਘ ਵਾਲਾ ਨੂੰ ਜਾਂਦੀ ਸੜਕ ਉਪਰ ਸਥਿਤ ਪਿੰਡ ਰੋਸ਼ਨਵਾਲਾ ਦੇ ਸਾਬਕਾ ਸਰਪੰਚ ਬਲਵੀਰ ਸਿੰਘ ਵੱਲੋਂ ਠੇਕੇ ਉਪਰ ਲਈ ਜ਼ਮੀਨ ’ਚ ਪਏ ਉਸ ਦੇ ਤੂੜੀ ਦੇ ਢੇਰ ਨੂੰ ਅਚਾਨਕ ਅੱਗ ਲੱਗ ਗਈ। ਜਿਸ ਦਾ ਪਤਾ ਚੱਲਦਿਆਂ ਵਿਅਕਤੀਆਂ ਵੱਲੋਂ ਇਸ ਘਟਨਾ ਦੀ ਸੂਚਨਾ ਸਥਾਨਕ ਪ੍ਰਸ਼ਾਸਨ ਨੂੰ ਦੇਣ ਦੇ ਨਾਲ-ਨਾਲ ਇਸ ਘਟਨਾ ਸਬੰਧੀ ਪਿੰਡ ਦੇ ਗੁਰੂ ਘਰ ਤੋਂ ਅਨਾਉਸਮੈਂਟ ਕਰਕੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ ਗਿਆ। ਜਿਸ ’ਤੇ ਪਿੰਡ ਵਾਸੀਆਂ ਵੱਲੋਂ ਘਟਨਾ ਸਥਾਨ ਉਪਰ ਪਹੁੰਚ ਕੇ ਕਾਫੀ ਜਦੋ-ਜਹਿਦ ਕਰਕੇ ਇਸ ਅੱਗ ਉਪਰ ਕਾਬੂ ਪਾਇਆ।

PunjabKesari

ਪੀੜਤ ਕਿਸਾਨ ਨੇ ਦੱਸਿਆ ਕਿ ਅੱਗ ਦੀ ਇਸ ਘਟਨਾ ’ਚ ਉਸ ਦੀਆਂ ਦਰਜਨ ਦੇ ਕਰੀਬ ਤੂੜੀ ਦੀਆਂ ਟਰਾਲੀਆਂ ਸੜ ਕੇ ਸੁਆਹ ਹੋ ਜਾਣ ਕਾਰਨ ਉਸ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਕਿਸਾਨ ਨੇ ਦੱਸਿਆ ਕਿ ਉਸ ਵੱਲੋਂ ਇਹ ਤੂੜੀ ਵੇਚੀ ਹੋਈ ਸੀ ਅਤੇ ਪਰ ਇਹ ਅੱਗ ਦੀ ਭੇਟ ਚੜ੍ਹ ਗਈ। ਉਨ੍ਹਾਂ ਦੱਸਿਆ ਕਿ ਤੂੜੀ ਨੂੰ ਲੱਗੀ ਅੱਗ ਨੂੰ ਬੁਝਾਉਂਦੇ ਸਮੇਂ ਉਨ੍ਹਾਂ ਟਰੈਕਟਰ ਦੇ ਟਾਇਰਾਂ ਨੂੰ ਵੀ ਅੱਗ ਚੜ੍ਹ ਗਈ ਪਰ ਉਨ੍ਹਾਂ ਵੱਲੋਂ ਪੂਰੀ ਮੁਸਤੈਦੀ ਨਾਲ ਟਰੈਕਟਰ ਨੂੰ ਅੱਗ ’ਚੋਂ ਬਾਹਰ ਕੱਢ ਲੈਣ ਕਾਰਨ ਟਰੈਕਟਰ ਦਾ ਬਚਾਅ ਰਹਿ ਗਿਆ। ਪੀੜਤ ਕਿਸਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਸ ਨੂੰ ਉਸ ਦੇ ਹੋਏ ਨੁਕਸਾਨ ਦਾ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ। ਕਿਸਾਨਾਂ ਨੇ ਰੋਸ ਜਾਹਿਰ ਕੀਤਾ ਕਿ ਉਨ੍ਹਾਂ ਵੱਲੋਂ ਅੱਗ ਉਪਰ ਕਾਬੂ ਪਾ ਲੈਣ ਤੋਂ ਬਾਅਦ ਇੱਥੇ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ।


Shyna

Content Editor

Related News