ਨਸ਼ੇ ਵਾਲੀਆਂ ਗੋਲੀਆਂ ਸਣੇ ਵਿੱਤ ਮੰਤਰੀ ਦੇ ਸਾਲੇ ਜੋਜੋ ਦਾ ਫੜ੍ਹਿਆ ਕਰੀਬੀ

09/02/2021 2:47:57 PM

ਬਠਿੰਡਾ (ਵਰਮਾ): ਥਾਣਾ ਥਰਮਲ ਦੀ ਪੁਲਸ ਨੇ ਹਜ਼ਾਰਾਂ ਨਸ਼ੇ ਦੀਆਂ ਗੋਲੀਆਂ ਸਣੇ ਇਕ ਮੁਲਜ਼ਮ ਨੂੰ ਕਾਬੂ ਕੀਤਾ ਹੈ, ਜਿਸ ਨੂੰ ਕਥਿਤ ਇਕ ਮੰਤਰੀ ਦੇ ਸਾਲੇ ਦਾ ਕਰੀਬੀ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਥਾਣਾ ਥਰਮਲ ਦੇ ਇਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ ਅਤੇ ਰਜਨੀਸ਼ ਵਰਮਾ ਨੂੰ ਨਸ਼ਾ ਸਮੱਗਲਿੰਗ ਦੇ ਦੋਸ਼ ’ਚ 27 ਅਗਸਤ 2021 ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਰਤਨ ਗਰਗ ਨੂੰ ਬੁੱਧਵਾਰ ਸਵੇਰੇ 8 ਵਜੇ ਗੁਰੂ ਕੀ ਨਗਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਸ ਕੋਲੋਂ 500 ਨਸ਼ੇ ਵਾਲੀਆਂ ਗੋਲੀਆਂ ਅਤੇ 12 ਹਜ਼ਾਰ ਰੁਪਏ ਨਕਦ ਡਰੱਗ ਮਨੀ ਬਰਾਮਦ ਕੀਤੀ ਗਈ। ਗਰਗ ਖਿਲਾਫ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਦੇ ਦੋਸ਼ ’ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।

PunjabKesari

ਓਧਰ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਬਸਪਾ-ਗੱਠਜੋੜ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਦੋਸ਼ ਲਾਏ ਕਿ ਜ਼ਿਲ੍ਹੇ ’ਚ ਨਸ਼ਿਆਂ ਨਾਲ ਨੌਜਵਾਨਾਂ ਦੀ ਹੋਈ ਮੌਤ ਲਈ ਮਨਪ੍ਰੀਤ ਬਾਦਲ ਵਿੱਤ ਮੰਤਰੀ, ਉਸ ਦਾ ਸਾਲਾ ਜੋਜੋ ਅਤੇ ਉਸ ਦੇ ਨਸ਼ਾ ਸਮੱਗਲਰ ਸਾਥੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਉਨ੍ਹਾਂ ਅੱਜ ਪੁਲਸ ਵੱਲੋਂ ਕਰੀਬ 15,000 ਤੋਂ ਵੱਧ ਨਸ਼ੇ ਵਾਲੀਆਂ ਟ੍ਰੋਮਾਡੋਲ ਗੋਲੀਆਂ ਅਤੇ ਹਜ਼ਾਰਾਂ ਰੁਪਏ ਦੀ ਡਰੱਗ ਮਨੀ ਨਾਲ ਕਾਬੂ ਕੀਤੇ ਰਤਨ ਗਰਗ ਦੀਆਂ ਤਸਵੀਰਾਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਜੋਜੋ ਨਾਲ ਮੀਡੀਆ ਦੇ ਸਨਮੁੱਖ ਪੇਸ਼ ਕੀਤੀਆਂ।

PunjabKesari

ਸਾਬਕਾ ਵਿਧਾਇਕ ਸਿੰਗਲਾ ਨੇ ਦੋਸ਼ ਲਾਏ ਕਿ ਰਤਨ ਗਰਗ ਜੋਜੋ ਦੀ ਛਤਰ-ਛਾਇਆ ਹੇਠ ਨਸ਼ਿਆਂ ਦਾ ਕਾਰੋਬਾਰ ਚਲਾ ਰਿਹਾ ਸੀ, ਜਿਸ ਦਾ ਖੁਲਾਸਾ ਅਕਾਲੀ ਦਲ ਦੇ ਯੋਧੇ ਪਰਮਪਾਲ ਸਿੰਘ ਨੇ ਕੀਤਾ । ਸਰੂਪ ਸਿੰਗਲਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਮੰਤਰੀ ਮੰਡਲ ’ਚੋਂ ਬਰਖ਼ਾਸਤ ਕਰਨ ਤੇ ਨਸ਼ਿਆਂ ਦੇ ਕਾਰੋਬਾਰ ਦੀ ਸੀ.ਬੀ.ਆਈ. ਜਾਂਚ ਕਰਾਉਣ ਤਾਂ ਜੋ ਸਾਰਾ ਖੁਲਾਸਾ ਹੋ ਸਕੇ। ਉਨ੍ਹਾਂ ਨੇ ਸ਼ਹਿਰ ’ਚ ਚਲਦੇ ਜੋ ਨਸ਼ਿਆਂ ਦੇ ਕਾਰੋਬਾਰ, ਜੂਏ ਦੇ ਅੱਡੇ ਤੇ ਕੈਸੀਨੋ ਸਬੰਧੀ ਦੋਸ਼ ਲਾਏ ਸਨ, ਉਹ ਅੱਜ ਸਾਬਤ ਹੋ ਗਏ ਹਨ । ਇਸ ਤੋਂ ਇਲਾਵਾ ਕਾਂਗਰਸੀ ਹਲਕਾ ਇੰਚਾਰਜ ਹਰਵਿੰਦਰ ਲਾਡੀ ਦੇ ਦੋਸ਼ ਵੀ ਸਾਬਤ ਹੋ ਗਏ ਹਨ।ਉਨ੍ਹਾਂ ਨੇ ਵਿੱਤ ਮੰਤਰੀ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਮਨਪ੍ਰੀਤ ਬਾਦਲ ਪੈਸਿਆਂ ਦੇ ਲਾਲਚ ’ਚ ਨਸ਼ਿਆਂ ਦਾ ਕਾਰੋਬਾਰ ਕਰਕੇ ਨੌਜਵਾਨਾਂ ਦੀ ਜ਼ਿੰਦਗੀ ਨਾਲ ਖੇਡ ਰਹੇ ਹਨ । ਉਨ੍ਹਾਂ ਕਿਹਾ ਕਿ ਨਸ਼ਾ ਸਮੱਗਲਰ ਨੂੰ ਕਾਬੂ ਕਰਵਾਉਣ ਵਾਲੇ ਯੋਧਿਆਂ ਦਾ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਨਸ਼ਾ ਸਮੱਗਲਰ ਵੱਲੋਂ ਪੁਲਸ ਦੀ ਹਾਜ਼ਰੀ ’ਚ ਅਕਾਲੀ ਆਗੂ ਪਰਮਪਾਲ ਸਿੰਘ ਨੂੰ ਦਿੱਤੀ ਧਮਕੀ ’ਤੇ ਕਾਰਵਾਈ ਦੀ ਵੀ ਮੰਗ ਕੀਤੀ। ਇਸ ਮੌਕੇ ਹਰਪਾਲ ਸਿੰਘ ਢਿੱਲੋਂ, ਰਾਜਵਿੰਦਰ ਸਿੰਘ, ਨਿਰਮਲ ਸਿੰਘ ਸੰਧੂ, ਰਾਕੇਸ਼ ਸਿੰਗਲਾ, ਮਨਪ੍ਰੀਤ ਗੋਸਲ, ਮਨਪ੍ਰੀਤ ਬਠਿੰਡਾ ਆਦਿ ਹਾਜ਼ਰ ਸਨ।
 


Shyna

Content Editor

Related News