ਐੱਨ. ਆਰ. ਆਈ. ਪਤੀ ਨੇ ਪਤਨੀ ਨੂੰ ਬੇਟੀ ਸਮੇਤ ਕੁੱਟ-ਮਾਰ ਕਰ ਕੇ ਘਰੋਂ ਕੱਢਿਆ

10/20/2018 12:32:04 AM

ਮੋਗਾ, (ਅਾਜ਼ਾਦ)- ਮੋਗਾ ਜ਼ਿਲੇ ਦੇ ਪਿੰਡ ਖੋਸਾ ਪਾਂਡੋ ਨਿਵਾਸੀ ਨੈਬ ਸਿੰਘ ਨੇ ਕੈਨੇਡਾ ਰਹਿੰਦੀ ਆਪਣੀ ਬੇਟੀ ਦੇ ਪਤੀ ਅਤੇ ਸਹੁਰੇ ਪਰਿਵਾਰ ’ਤੇ ਉਸ ਨੂੰ ਕੁੱਟ-ਮਾਰ ਕਰ ਕੇ ਨੰਨ੍ਹੀ ਬੱਚੀ ਸਮੇਤ ਘਰ ਤੋਂ ਬਾਹਰ ਕੱਢਣ ਅਤੇ ਉਸ ਦਾ ਦਾਜ  ਦਾ ਸਾਰਾ ਸਾਮਾਨ ਵੀ ਹਡ਼ੱਪ ਕਰਨ ਦਾ ਦੋਸ਼ ਲਾਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਐੱਨ. ਆਰ. ਆਈ. ਪਤੀ ਸਮੇਤ ਹੋਰਾਂ ਦੇ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਕੀ ਹੋਈ ਪੁਲਸ ਕਾਰਵਾਈ
 ਜ਼ਿਲਾ ਪੁਲਸ ਮੁਖੀ ਮੋਗਾ ਦੇ ਆਦੇਸ਼ਾ ’ਤੇ ਉਕਤ ਮਾਮਲੇ ਦੀ ਜਾਂਚ ਥਾਣਾ ਸਦਰ ਮੋਗਾ ਦੇ ਇੰਚਾਰਜ ਵੱਲੋਂ ਕੀਤੀ ਗਈ। ਉਨ੍ਹਾਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਦੋਨੋਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਅਤੇ ਜਾਂਚ ਦੇ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਪੀੜਤ ਲਡ਼ਕੀ ਦੇ ਪਤੀ ਗਗਨਦੀਪ ਸਿੰਘ, ਉਸਦੇ ਸਹੁਰਾ ਗੁਰਮੀਤ ਸਿੰਘ ਅਤੇ ਸੱਸ ਰੁਪਿੰਦਰ ਕੌਰ ਨਿਵਾਸੀ ਪੰਜਗਰਾਈਂ, ਬਲਜਿੰਦਰ ਸਿੰਘ ਨਿਵਾਸੀ ਪਿੰਡ ਭਾਗਸਰ ਅਤੇ ਨੰਬਰਦਾਰ ਗੁਰਬਖਸ਼ ਸਿੰਘ ਨਿਵਾਸੀ ਪਿੰਡ ਪੰਜਗਰਾਈਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਗੁਰਜੰਟ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗ੍ਰਿਫਤਾਰੀ ਬਾਕੀ ਹੈ।
ਕੀ ਹੈ ਸਾਰਾ ਮਾਮਲਾ
 ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਨੈਬ ਸਿੰਘ ਨੇ ਕਿਹਾ ਕਿ ਮੈਂ ਆਪਣੀ ਲਾਅ-ਗ੍ਰੈਜੂਏਟ ਲਡ਼ਕੀ ਦਾ ਵਿਆਹ 4 ਜਨਵਰੀ 2016 ਨੂੰ ਕੈਨੈਡਾ ਸਿਟੀਜ਼ਨ ਗਗਨਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਨਿਵਾਸੀ ਪਿੰਡ ਪੰਜਗਰਾਈ ਨਾਲ ਧਾਰਮਿਕ ਰੀਤੀ-ਰਿਵਾਜ਼ਾਂ ਅਨੁਸਾਰ ਕੀਤਾ ਸੀ, ਜਿਸ ’ਤੇ ਮੈਂ ਆਪਣੀ ਹੈਸੀਅਤ ਤੋਂ ਜ਼ਿਆਦਾ ਖਰਚ ਕੀਤਾ। ਵਿਆਹ ਦੇ ਬਾਅਦ ਮੇਰੀ ਬੇਟੀ ਵੀ ਕੈਨੇਡਾ ਚਲੀ ਗਈ। ਉਸਨੇ ਕਿਹਾ ਕਿ ਮੇਰੀ ਬੇਟੀ ਨੂੰ ਕੈਨੇਡਾ ’ਚ ਉਸਦਾ ਪਤੀ ਅਤੇ ਸਹੁਰਾ ਪਰਿਵਾਰ ਦੇ ਹੋਰ ਮੈਂਬਰ ਤੰਗ ਪ੍ਰੇਸ਼ਾਨ ਕਰਨ ਲੱਗੇ ਅਤੇ ਕਿਹਾ ਕਿ ਸਾਨੂੰ 25 ਲੱਖ ਰੁਪਏ ਅਾਪਣੇ ਪੇਕੇ ਘਰ ਤੋਂ ਲਿਆ ਕੇ ਦੇ। ਉਸਨੇ ਕਿਹਾ ਕਿ ਵਿਆਹ ਸਮੇਂ ਕਿਹਾ ਕਿ ਗਿਆ ਸੀ ਕਿ ਗਗਨਦੀਪ ਸਿੰਘ ਦੇ ਨਾਂ ’ਤੇ 25 ਏਕਡ਼ ਜ਼ਮੀਨ ਹੈ, ਪਰ ਬਾਅਦ ’ਚ ਉਸਦੀ ਮਤਰੇਈ ਮਾਂ ਰੁਪਿੰਦਰ ਕੌਰ ਨੇ ਨੰਬਰਦਾਰ ਗੁਰਬਖਸ਼ ਸਿੰਘ ਨਿਵਾਸੀ ਪਿੰਡ ਪੰਜਗਰਾਈਂ ਅਤੇ ਕੁੱਝ ਹੋਰਾਂ ਨਾਲ ਕਥਿਤ ਮਿਲੀਭੁਗਤ ਕਰ ਕੇ ਗਲਤ ਦਸਤਾਵੇਜ਼ ਅਤੇ ਗਲਤ ਕੁਰਸੀਨਾਮਾ ਤਿਆਰ ਕਰ ਕੇ ਉਕਤ ਜ਼ਮੀਨ ’ਚੋਂ 65 ਕਨਾਲ ਜ਼ਮੀਨ ਆਪਣੇ ਨਾਂ ਧੋਖੇ ਨਾਲ ਕਰਵਾ ਲਈ ਅਤੇ ਇਸ ਦੇ ਬਾਅਦ ਉਨ੍ਹਾਂ ਮੇਰੀ ਬੇਟੀ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋਣ ਦੀ ਗੱਲ ਕਹਿ ਕੇ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਅਤੇ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਤਿੰਨ ਮਹੀਨੇ ਘਰ ’ਚ ਹੀ ਬੰਧਕ ਬਣਾ ਕੇ ਰੱਖਿਆ ਅਤੇ ਕਿਸੇ ਨਾਲ ਗੱਲ ਵੀ ਨਹੀਂ ਕਰਨ ਦਿੰਦੇ ਸਨ ਅਤੇ ਬੱਚੀ ਨੂੰ ਆਪਣੇ ਕੋਲ ਰੱਖ ਕੇ ਬੇਟੀ ਨੂੰ ਧੱਕੇ ਮਾਰ ਕੇ ਘਰ ’ਚੋਂ ਕੱਢ ਦਿੱਤਾ, ਜਿਸ ’ਤੇ ਮੇਰੀ ਬੇਟੀ ਨੇ ਕੈਨੇਡਾ ਪੁਲਸ ਨੂੰ ਸੂਚਿਤ ਕੀਤਾ ਤਾਂ ਪੁਲਸ ਨੇ ਨੰਨ੍ਹੀ ਬੱਚੀ ਨੂੰ ਵਾਪਸ ਦੁਆਇਆ। ਜਦਕਿ ਕੈਨੈਡਾ ’ਚ ਜਦ ਡਾਕਟਰ ਤੋਂ ਬੇਟੀ ਦਾ ਚੈੱਕਅਪ ਕਰਵਾਇਆ ਤਾਂ ਡਾਕਟਰ ਨੇ ਕਿਹਾ ਕਿ ਉਹ ਬਿਲਕੁੱਲ ਠੀਕ ਹੈ। ਹੁਣ ਮੇਰੀ ਬੇਟੀ ਮੇਰੇ ਕੈਨੇਡਾ ਰਹਿੰਦੇ ਬੇਟੇ ਜਸਪ੍ਰੀਤ ਸਿੰਘ ਕੋਲ ਰਹਿਣ ਲਈ ਮਜ਼ਬੁੂਰ ਹੈ ਕਿਉਂਕਿ ਉਸਦੇ ਪਤੀ ਅਤੇ ਸਹੁਰਾ ਪਰਿਵਾਰ ਨੇ ਉਸਦਾ ਸਾਰਾ ਸਾਮਾਨ ਵੀ ਹਡ਼ੱਪ ਕਰ ਲਿਆ। ਇਸ ਤਰ੍ਹਾਂ ਸਾਡੇ ਨਾਲ ਧੋਖਾਦੇਹੀ ਕੀਤੀ ਗਈ ਹੈ।