ਕੋਵਿਡ-19 ਨੂੰ ਧਿਆਨ ’ਚ ਰੱਖਦਿਆਂ ਮਨਾਏ ਜਾਣ ਤਿਉਹਾਰ : ਡੀ. ਸੀ.

11/13/2020 2:20:50 AM

ਸੰਗਰੂਰ, (ਵਿਵੇਕ ਸਿੰਧਵਾਨੀ, ਬੇਦੀ, ਯਾਦਵਿੰਦਰ, ਸਿੰਗਲਾ)– ‘‘ਤਿਉਹਾਰਾਂ ਦੇ ਮੌਜੂਦਾ ਸੀਜ਼ਨ ਦੌਰਾਨ ਕੋਵਿਡ-19 ਨੂੰ ਧਿਆਨ ’ਚ ਰੱਖਦਿਆਂ ਆਪਣੀਆਂ ਖੁਸ਼ੀਆਂ ਦਾ ਇਜ਼ਹਾਰ ਕੀਤਾ ਜਾਵੇ। ਕੋਵਿਡ-19 ਦੀ ਬੀਮਾਰੀ ਘੱਟ ਹੋਈ ਹੈ ਪਰ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਇਸ ਲਈ ਪੂਰੀਆਂ ਸਾਵਧਾਨੀਆਂ ਵਰਤਣ ਲੋੜ ਹੈ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਨੇ ਜ਼ਿਲਾ ਲੋਕ ਸੰਪਰਕ ਅਫ਼ਸਰ ਸੰਗਰੂਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਦੇ ਫ਼ੇਸਬੁੱਕ ਪੇਜ਼ ’ਤੇ ਲਾਈਵ ਦੌਰਾਨ ਗੱਲਬਾਤ ਕਰਦਿਆਂ ਕੀਤਾ।

ਰਾਮਵੀਰ ਨੇ ਮਾਸਕ ਦੀ ਵਰਤੋਂ, ਉਚਿਤ ਸਮਾਜਿਕ ਦੂਰੀ ਅਤੇ ਸਮੇਂ-ਸਮੇਂ ਹੱਥ ਧੋਣ ਦੇ ਸਿਧਾਂਤ ਦੀ ਪਾਲਣਾ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਜ਼ਿਲੇ ’ਚ ਬੀਤੇ ਦਿਨ ਤੱਕ 125761 ਵਿਅਕਤੀਆਂ ਦੇ ਕੋਵਿਡ-19 ਦੀ ਜਾਂਚ ਲਈ ਨਮੂਨੇ ਲਏ ਜਾ ਚੁੱਕੇ ਹਨ ਜਿੰਨਾ ’ਚੋਂ 4038 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ। ਪਾਜ਼ੇਟਿਵ ਵਿਅਕਤੀਆਂ ’ਚੋਂ 3749 ਵਿਅਕਤੀ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਜ਼ਿਲੇ ’ਚ ਐਕਟਿਵ ਕੇਸਾਂ ਦੀ ਗਿਣਤੀ 117 ਹੈ।

ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਇਹ ਗਿਣਤੀ ਥੋੜੀ ਜਿਹੀ ਵੱਧ ਹੈ ਜਿਸ ਕਾਰਣ ਬਿਲਕੁੱਲ ਵੀ ਅਣਗਹਿਲੀ ਨਾ ਕੀਤੀ ਜਾਵੇ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।

ਰਾਮਵੀਰ ਨੇ ਕਿਹਾ ਕਿ ਦੀਵਾਲੀ ਅਤੇ ਬੰਦੀ ਛੋੜ ਦਿਵਸ ਸ਼ਰਧਾ ਦਾ ਪ੍ਰਤੀਕ ਹੈ ਜੋ ਸਾਨੂੰ ਆਪਣੇ ਸੱਭਿਆਚਾਰ ਅਤੇ ਸੰਸਕ੍ਰਿਤੀ ਨਾਲ ਜੋੜਨ ਦਾ ਕੰਮ ਕਰਦਾ ਹੈ। ਉਨ੍ਹਾਂ ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਬੱਚਿਆਂ ਨੂੰ ਇਸਦੇ ਇਤਿਹਾਸ ਤੋਂ ਜਾਣੂ ਕਰਵਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਇੰਨਾ ਤਿਉਹਾਰਾਂ ਦੇ ਮੌਕੇ ਵਾਤਾਵਰਣ ਅਤੇ ਸਮਾਜ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਚੰਗੀ ਤਰ੍ਹਾਂ ਨਿਭਾਉਣ ਦਾ ਅਹਿਦ ਕਰੀਏ।

ਡਿਪਟੀ ਕਮਿਸ਼ਨਰ ਰਾਮਵੀਰ ਨੇ ਪਟਾਕੇ ਚਲਾਉਣ ਦੇ ਸਮੇਂ ਸਬੰਧੀ ਪੁੱਛੇ ਸਵਾਲ ਦੇ ਜਵਾਬ ’ਚ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਮੁਤਾਬਕ ਸਿਰਫ਼ 2 ਘੰਟੇ ਦੇ ਸਮੇਂ ਲਈ ਹੀ ਪਟਾਕੇ ਚਲਾਉਣ ਦੀ ਮਨਜ਼ੂਰੀ ਹੋਵੇਗੀ। ਉਨ੍ਹਾਂ ਕਿਹਾ ਕਿ ਪਟਾਕੇ, ਫ਼ੁੱਲਝੜੀ ਆਦਿ ਚਲਾਉਣ ਮੌਕੇ ਖਾਸ ਖਿਆਲ ਰੱਖਿਆ ਜਾਵੇ ਕਿ ਹੱਥਾਂ ਨੂੰ ਸੈਨੇਟਾਈਜ਼ਰ ਨਾ ਲੱਗਾ ਹੋਵੇ, ਕਿਉਂਕਿ ਸੈਨੇਟਾਈਜ਼ਰ ’ਚ ਜਲਣਸ਼ੀਲ ਪਦਾਰਥ ਅਲਕੋਹਲ ਵੱਡੀ ਮਾਤਰਾ ’ਚ ਹੁੰਦਾ ਹੈ ਜੋ ਅੱਗ ਦੀ ਲਪੇਟ ’ਚ ਆ ਕੇ ਵੱਡੀ ਦੁਰਘਟਨਾ ਨੂੰ ਅੰਜਾਮ ਦੇ ਸਕਦਾ ਹੈ।

‘18 ਸਾਲ ਜਾਂ ਵੱਧ ਉਮਰ ਦੇ ਨਾਗਰਿਕ 16 ਤੋਂ 15 ਦਸੰਬਰ 2020 ਤੱਕ ਬਣਵਾ ਸਕਦੇ ਹਨ ਵੋਟ’

ਸੰਗਰੂਰ, (ਵਿਵੇਕ ਸਿੰਧਵਾਨੀ, ਯਾਦਵਿੰਦਰ, ਸਿੰਗਲਾ, ਬੇਦੀ)–ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਨੇ ਦੱਸਿਆ ਕਿ ਜਿੰਨਾ ਨਾਗਰਿਕਾਂ ਦੀ ਉਮਰ ਮਿਤੀ 01 ਜਨਵਰੀ 2021 ਨੂੰ 18 ਸਾਲ ਜਾਂ ਇਸ ਤੋਂ ਵੱਧ ਹੈ ਉਨ੍ਹਾਂ ਦੀ ਵੋਟ ਨਹੀਂ ਬਣੀ ਨੂੰ ਆਪਣੀ ਵੋਟ ਬਣਾਉਣ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਮਿਤੀ 16 ਨਵੰਬਰ ਤੋਂ ਮਿਤੀ 15 ਦਸੰਬਰ 2020 ਤੱਕ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਕੰਮਕਾਜ ਵਾਲੇ ਦਿਨ ਸਬੰਧਤ ਐੱਸ.ਡੀ.ਐੱਮ. ਦਫ਼ਤਰ ਜਾ ਕੇ ਨਵੀਂ ਵੋਟ ਦਾ ਫਾਰਮ ਭਰ ਕੇ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟ www.nvsp.in ’ਤੇ ਆਨਲਾਈਨ ਫਾਰਮ ਵੀ ਭਰੇ ਜਾ ਸਕਦੇ ਹਨ। ਜੇਕਰ ਫਿਰ ਵੀ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਟੋਲ ਫਰੀ ਨੰਬਰ 1950 ’ਤੇ ਮੁਫ਼ਤ ਕਾਲ ਕਰ ਕੇ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਇਸ ਸਮੇਂ ਦੌਰਾਨ ਜੇਕਰ ਕਿਸੇ ਵੀ ਵੋਟਰ ਨੂੰ ਆਪਣੇ ਵੋਟਰ ਕਾਰਡ ’ਚ ਕੋਈ ਵੀ ਦਰੁਸਤੀ ਕਰਵਾਉਣੀ ਹੈ ਜਾਂ ਆਪਣੀ ਵੋਟੀ ਕਟਵਾਉਣੀ ਹੈ ਤਾਂ ਉਹ ਵੀ ਫਾਰਮ ਭਰ ਕੇ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਮਿਤੀ 21 ਤੇ 22 ਨਵੰਬਰ 2020 ਅਤੇ 5 ਤੇ 6 ਦਸੰਬਰ 2020 ਨੂੰ ਜ਼ਿਲਾ ਸੰਗਰੂਰ ਦੇ ਸਮੂਹ ਬੂਥ ਲੈਵਲ ਅਫ਼ਸਰ ਆਪਣੇ-ਆਪਣੇ ਪੋਲਿੰਗ ਸਟੇਸ਼ਨ ’ਤੇ ਬੈਠ ਕੇ ਆਮ ਜਨਤਾ ਤੋਂ ਫਾਰਮ ਪ੍ਰਾਪਤ ਕਰਨਗੇ।


Bharat Thapa

Content Editor

Related News