ਫਿਰੋਜ਼ਪੁਰ : ਕੋਰੋਨਾ ਨਾਲ ਅਧਿਆਪਕਾ ਦੀ ਹੋਈ ਮੌਤ, ਜ਼ਿਲ੍ਹੇ ’ਚ 40 ਅਧਿਆਪਕ ਨੇ ਪਾਜ਼ੇਟਿਵ

05/04/2021 3:59:31 PM

ਫਿਰੋਜ਼ਪੁਰ (ਕੁਮਾਰ)-ਫਿਰੋਜ਼ਪੁਰ ਦੇ ਨੇੜਲੇ ਪਿੰਡ ਵਾਹਗੇ ਵਾਲਾ ਸਰਕਾਰੀ ਹਾਈ ਸਕੂਲ ਦੀ 35 ਸਾਲਾ ਮੈਥ ਅਧਿਆਪਕਾ ਸ਼੍ਰੀਮਤੀ ਰਚਨਾ ਮੋਂਗਾ ਦੀ ਅੱਜ ਕੋਰੋਨਾ ਨਾਲ ਮੌਤ ਹੋ ਗਈ। ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ, ਜਿਥੇ ਅੱਜ ਸਵੇਰੇ ਉਨ੍ਹਾਂ ਨੇ ਆਖਰੀ ਸਾਹ ਲਏ। ਇਹ ਅਧਿਆਪਕਾ ਦੋ ਬੇਟੀਆਂ ਦੀ ਮਾਂ ਸੀ ਅਤੇ ਗਰਭਵਤੀ ਸੀ। ਰਚਨਾ ਮੋਂਗਾ ਦੇ ਅਚਾਨਕ ਦੇਹਾਂਤ ਨੂੰ ਲੈ ਕੇ ਅਧਿਆਪਕਾਂ ਅਤੇ ਸਕੂਲੀ ਬੱਚਿਆਂ ਵਿਚ ਸ਼ੋਕ ਦੀ ਲਹਿਰ ਹੈ ਅਤੇ ਡਰ ਪੈਦਾ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਵਧਦੀ ਕੋਰੋਨਾ ਲਾਗ ਦੀ ਬੀਮਾਰੀ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੰਦ ਕੀਤੇ ਗਏ ਹਨ ਪਰ ਸਕੂਲਾਂ ਦੇ ਅਧਿਆਪਕਾਂ ਦਾ ਸਕੂਲਾਂ ’ਚ ਹਾਜ਼ਰ ਰਹਿਣਾ ਜ਼ਰੂਰੀ ਕੀਤਾ ਗਿਆ ਹੈ। ਬੇਸ਼ੱਕ ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫਤਰਾਂ ’ਚ ਸਟਾਫ ਦੀ ਹਾਜ਼ਰੀ 50 ਫੀਸਦੀ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ ਪਰ ਸਾਰੇ ਸਰਕਾਰੀ ਸੈਕੰਡਰੀ, ਹਾਈ ਅਤੇ ਪ੍ਰਾਇਮਰੀ ਸਕੂਲਾਂ ’ਚ ਅਧਿਆਪਕਾਂ ਦੀ ਹਾਜ਼ਰੀ 100 ਫੀਸਦੀ ਰੱਖੀ ਗਈ ਹੈ।

ਜ਼ਿਲ੍ਹਾ ਫਿਰੋਜ਼ਪੁਰ ਦੇ ਸਰਕਾਰੀ ਸੈਕੰਡਰੀ ਤੇ ਹਾਈ ਸਕੂਲਾਂ ਦੇ ਤਕਰੀਬਨ 40 ਅਧਿਆਪਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਪ੍ਰਾਇਮਰੀ ਸਕੂਲਾਂ ਵਿਚ ਵੀ ਕਈ ਅਧਿਆਪਕਾਂ ਦੀ ਰਿਪੋਰਟ ਪਾਜ਼ੇਟਿਵ ਹੈ। ਬੇਸ਼ੱਕ ਸੈਕਟਰੀ ਐਜੂਕੇਸ਼ਨ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਸਿੱਖਿਆ ਨੂੰ ਲੈ ਕੇ ਵੱਡੇ ਸੁਧਾਰ ਕੀਤੇ ਗਏ ਹਨ ਪਰ ਕੋਰੋਨਾ ਦੇ ਸਮੇਂ ਸਰਕਾਰੀ ਸਕੂਲਾਂ ਵਿਚ ਦਾਖਲੇ ਵਧਾਉਣ ਦੀ ਦੌੜ ਵਿਚ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਜਾਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਅਧਿਆਪਕਾਂ ਦੀ ਜਾਨ ਸੂਲੀ ’ਤੇ ਟੰਗੀ ਹੋਈ ਹੈ।

ਭ੍ਰਿਸ਼ਟਾਚਾਰ ਤੇ ਅਪਰਾਧ ਨਿਵਾਰਣ ਪ੍ਰੀਸ਼ਦ ਦੇ ਪੰਜਾਬ ਪ੍ਰਧਾਨ ਯਸ਼ਪਾਲ ਗਰੋਵਰ ਅਤੇ ਵੱਖ-ਵੱਖ ਸਮਾਜਿਕ ਸੰਗਠਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਸੈਕਟਰੀ ਐਜੂਕੇਸ਼ਨ ਪੰਜਾਬ ਤੋਂ ਮੰਗ ਕੀਤੀ ਹੈ ਕਿ ਸਰਕਾਰੀ ਸਕੂਲਾਂ ਵਿਚ ਬੱਚਿਆਂ ਦਾ ਦਾਖਲਾ ਵਧਾਉਣ ਦੇ ਚੱਕਰ ਵਿਚ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਲੋਕਾਂ ਦੇ ਘਰਾਂ ਵਿਚ ਜਾਣ ਲਈ ਮਜਬੂਰ ਨਾ ਕੀਤਾ ਜਾਵੇ ਕਿਉਂਕਿ ਇਹ ਅਧਿਆਪਕ ਵੀ ਕਿਸੇ ਪਰਿਵਾਰ ਦੇ ਬੇਟੇ-ਬੇਟੀਆਂ ਅਤੇ ਬੱਚਿਆਂ ਦੇ ਮਾਂ-ਬਾਪ ਹਨ। 
 


Manoj

Content Editor

Related News