ਫ਼ਿਰੋਜ਼ਪੁਰ: ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਜਾਰੀ,ਇਸ ਦਿਨ ਨੈਸ਼ਨਲ ਹਾਈਵੇ ਕਰਨਗੇ ਜਾਮ

10/08/2020 4:44:18 PM

ਫਿਰੋਜ਼ਪੁਰ(ਕੁਮਾਰ)-ਪੰਜਾਬ ਦੇ ਕਿਸਾਨ ਮਜ਼ਦੂਰ ਸੰਗਠਨਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਖੇਤੀ ਕਾਨੂੰਨਾਂ ਅਤੇ ਬਿਜਲੀ ਸੋਧ ਐਕਟ 2020 ਦੇ ਵਿਰੋਧ 'ਚ 'ਰੇਲ ਰੋਕੋ ਅੰਦੋਲਨ' ਜਾਰੀ ਹੈ। ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਡਕੋਦਾ ਦੀ ਅਗਵਾਈ 'ਚ ਕਿਸਾਨਾਂ ਨੇ ਅੱਠਵੇਂ ਦਿਨ ਰੇਲਵੇ ਸਟੇਸ਼ਨ ਫਿਰੋਜ਼ਪੁਰ ਛਾਉਣੀ 'ਤੇ ਰੋਸ ਧਰਨਾ ਦਿੱਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖ਼ਿਲਾਫ਼ ਜਮ੍ਹ ਕੇ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦੇ ਹੋਏ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪੰਜਾਬ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ, ਮਨਜੀਤ ਸਿੰਘ, ਕਾਮਰੇਡ ਸੁਰਜੀਤ ਸਿੰਘ, ਪ੍ਰੀਤਮ ਸਿੰਘ, ਰਾਕੇਸ਼ ਕੁਮਾਰ ਅਤੇ ਦੇਸ ਆਦਿ ਨੇ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਪਾਸ ਕੀਤੇ ਗਏ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਉਦੋਂ ਤੱਕ ਕਿਸਾਨਾਂ ਦਾ ਸਮਰਥਨ ਇਸੇ ਤਰ੍ਹਾਂ ਹੀ ਜਾਰੀ ਰਹੇਗਾ। 
ਉਨ੍ਹਾਂ ਨੇ ਹਰਿਆਣਾ 'ਚ ਸ਼ਾਂਤੀਪੂਰਵਕ ਧਰਨਾ ਦੇ ਰਹੇ ਕਿਸਾਨਾਂ 'ਤੇ ਹਰਿਆਣਾ ਪੁਲਸ ਵੱਲੋਂ ਕੀਤੇ ਗਏ ਲਾਠੀਚਾਰਜ ਅਤੇ ਛੱਡੀ ਗਈ ਹੰਝੂ ਗੈਸ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ। ਅਵਤਾਰ ਸਿੰਘ ਮਹਿਮਾ ਅਤੇ ਵੱਖ-ਵੱਖ ਕਿਸਾਨ ਨੇਤਾਵਾਂ ਨੇ ਦੱਸਿਆ ਕਿ 9 ਅਕਤੂਬਰ ਨੂੰ ਕਿਸਾਨ ਮਜ਼ਦੂਰ ਦੁਪਿਹਰ 12 ਵਜੇ ਤੋਂ 2 ਵਜੇ ਤੱਕ ਚੁੰਗੀ ਨੰਬਰ 7 ਫਿਰੋਜ਼ਪੁਰ ਛਾਉਣੀ 'ਤੇ 2 ਘੰਟੇ ਦੇ ਲਈ ਨੈਸ਼ਨਲ ਹਾਈਵੇ ਜਾਮ ਕਰਨਗੇ। 
ਉਨ੍ਹਾਂ ਕਿਹਾ ਕਿ ਦੇਸ਼ ਭਰ 'ਚ ਕਿਸਾਨ ਅੰਬਾਨੀ ਅਤੇ ਅਡਾਨੀ ਦੇ ਪ੍ਰਾਡੈਕਟਾਂ ਦਾ ਪੂਰਨ ਤੌਰ 'ਤੇ  ਬਾਈਕਾਟ ਕਰਦੇ ਹੋਏ ਭਾਜਪਾ ਨੇਤਾਵਾਂ ਦੇ ਘਰਾਂ ਦਾ ਘੇਰਾਵ ਕਰਨਗੇ।


Aarti dhillon

Content Editor

Related News