ਡਿਊਟੀ ਦੌਰਾਨ ਅਣਗਹਿਲੀ ਵਰਤਣ ''ਤੇ ਬਲਾਕ ਜਲਾਲਾਬਾਦ-1 ਦੀ ਮਹਿਲਾ ਸਟਾਫ ਮੈਂਬਰ ਮੁਅੱਤਲ

01/02/2020 2:26:59 PM

ਜਲਾਲਾਬਾਦ (ਨਿਖੰਜ, ਜਤਿੰਦਰ)— ਜ਼ਿਲਾ ਸਿੱਖਿਆ ਅਫਸਰ ਸ੍ਰੀ ਪਵਨ ਕੁਮਾਰ ਨੇ ਦੱਸਿਆ ਬੀਤੇ ਦਿਨੀਂ ਬਲਾਕ ਦਫਤਰ ਜਲਾਲਾਬਾਦ-1, ਜਲਾਲਾਬਾਦ-2 ਅਤੇ ਗੁਰੂਹਰਸਹਾਏ-3 ਐਟ ਜਲਾਲਾਬਾਦ ਦੀ ਬਾਅਦ ਦੁਪਹਿਰ ਅਚਨਚੇਤ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਸ. ਜੋਗਿੰਦਰ ਸਿੰਘ ਬੀ. ਪੀ. ਈ. ਓ. ਜਲਾਲਾਬਾਦ-1 ਅਤੇ ਸੇਵਾਦਾਰ ਨਿਹਾਲ ਕੌਰ ਬਲਾਕ ਗੁਰਹਰਸਹਾਏ-3 ਦਫਤਰ ਦੇ ਬਾਹਰ ਬਰਾਂਡੇ 'ਚ ਅੱਗ ਸੇਕਦੇ ਪਾਏ ਗਏ।  ਪਵਨ ਕੁਮਾਰ ਨੇ ਦੱਸਿਆ ਕਿ ਜਲਾਲਾਬਾਦ–1 ਬਲਾਕ ਦੇ ਸਟਾਫ ਹਾਜ਼ਰੀ ਰਜਿਸਟਰ ਦੀ ਪੇਜ਼ ਨੰਬਰਿੰਗ ਨਹੀਂ ਹੋਈ ਸੀ ਅਤੇ ਨਾ ਹੀ ਇਸ 'ਚ ਕਰਮਚਾਰੀਆਂ ਦੇ ਨਾਮ ਲਿਖੇ ਹੋਏ ਸਨ ਪਰ ਕਰਮਚਾਰੀਆਂ ਦੀ ਹਾਜ਼ਰੀ ਰਜਿਸਟਰ 'ਚ ਲੱਗੀ ਹੋਈ ਸੀ। ਉਨ੍ਹਾਂ ਦੱਸਿਆ ਕਿ ਸਟਾਫ 'ਚ ਰਾਕੇਸ਼ ਕੁਮਾਰ ਲੇਖਾਕਾਰ ਵੈਸਾਲੀ ਸੇਠੀ ਦਫਤਰੀ ਸਹਾਇਕ ਮੌਕੇ 'ਤੇ ਗੈਰ-ਹਾਜ਼ਰ ਪਾਏ ਗਏ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਲਾਕ ਜਲਾਲਾਬਾਦ-2 ਦੇ ਕਰਮਚਾਰੀ ਸੀਮਾਰਾਣੀ ਦਫਤਰੀ ਸਹਾਇਕ, ਪੂਜਾ ਰਾਣੀ ਲੇਖਾਕਾਰ, ਕਮਲ ਪ੍ਰਭਾ ਲੇਖਾਕਾਰ ਅਤੇ ਬਲਾਕ ਗੁਰੂਹਰਸਹਾਏ-3 ਦੀ ਲੇਖਾਕਾਰ ਸੋਨੂੰ ਬਾਲਾ ਵੀ ਡਿਊਟੀ ਸਮੇਂ ਦੌਰਾਨ ਦਫਤਰ 'ਚ ਹਾਜ਼ਰ ਨਹੀਂ ਸਨ। ਉਨ੍ਹਾਂ ਦਫਤਰੀ ਸਟਾਫ ਦੀ ਡਿਊਟੀ ਦੌਰਾਨ ਗੈਰ-ਹਾਜ਼ਰ ਰਹਿਣ ਅਤੇ ਡਿਊਟੀ 'ਚ ਅਣਗਹਿਲੀ ਵਰਤਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਦਫਤਰ ਅੰਦਰ ਹਾਜ਼ਰ ਸਮੂਹ ਕਰਮਚਾਰੀਆਂ ਨੂੰ ਨਿਯਮਾਂ ਅਨੁਸਾਰ ਡਿਊਟੀ ਕਰਨ ਦੀ ਹਦਾਇਤ ਕੀਤੀ ਅਤੇ ਸੇਵਾਦਾਰ ਨਿਹਾਲ ਕੌਰ ਨੂੰ ਮੌਕੇ 'ਤੇ ਹੀ ਮੁਅੱਤਲ ਕਰ ਦਿੱਤਾ ਗਿਆ ਅਤੇ ਬਾਕੀ ਗੈਰ-ਹਾਜ਼ਰ ਪਾਏ ਗਏ। ਸਮੂਹ ਕਰਮਚਾਰੀਆਂ 'ਤੇ ਵਿਭਾਗੀ ਕਾਰਵਾਈ ਲਈ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਮੋਹਾਲੀ ਨੂੰ ਲਿਖਤੀ ਜਾਣੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੁਅੱਤਲੀ ਸਮੇਂ ਦੌਰਾਨ ਕਰਮਚਾਰਣ ਦਾ ਹੈਡ ਕੁਆਟਰ ਦਫਤਰ ਜ਼ਿਲਾ ਸਿੱਖਿਆ ਅਫਸਰ (ਐ:ਸਿ) ਫਾਜ਼ਿਲਕਾ ਰਹੇਗੀ।


shivani attri

Content Editor

Related News