ਪੁਲਸ ਨੂੰ ਚਕਮਾ ਦੇ ਹਸਪਤਾਲ 'ਚੋਂ ਫਰਾਰ ਹੋਈ ਕੈਦੀ ਮਹਿਲਾ

02/20/2019 6:50:59 PM

ਬਠਿੰਡਾ,(ਅਮਿਤ/ਵਰਮਾ)- ਜਬਰ-ਜ਼ਨਾਹ ਮਾਮਲੇ 'ਚ ਜੇਲ 'ਚ ਬੰਦ ਮਹਿਲਾ ਕੈਦੀ ਬੀਮਾਰੀ ਦਾ ਬਹਾਨਾ ਲਾ ਕੇ ਹਸਪਤਾਲ ਬਠਿੰਡਾ ਇਲਾਜ ਦੇ ਲਈ ਪਹੁੰਚੀ ਉਥੇ ਉਸ ਨੇ ਮਹਿਲਾ ਕਾਂਸਟੇਬਲ ਦਾ ਪਰਸ ਅਤੇ ਮੋਬਾਇਲ ਲੈ ਕੇ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਈ। ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਗਾਓਂ ਘੁਮਿਆਰਾ ਦੇ ਵਾਸੀ ਵਿੱਕੀ ਸਿੰਘ ਦੀ ਪਤਨੀ ਅਮਨਦੀਪ ਕੌਰ ਬਠਿੰਡਾ ਦੀ ਸੈਂਟਰਲ ਜੇਲ ਵਿਚ ਬੰਦ ਸੀ। ਜੇਲ 'ਚ ਉਸ ਨੇ ਅਧਿਕਾਰੀਆਂ ਨੂੰ ਬੀਮਾਰੀ ਦਾ ਬਹਾਨਾ ਲਾਇਆ। ਇਸ ਦੌਰਾਨ ਮਹਿਲਾ ਕਾਂਸਟੇਬਲ ਬਾਥਰੂਮ ਗਈ ਅਤੇ ਆਪਣਾ ਪਰਸ ਤੇ ਮੋਬਾਇਲ ਮੁਲਜ਼ਮ ਔਰਤ ਨੂੰ ਦੇ ਗਈ। ਮੌਕਾ ਦੇਖ ਕੇ ਮੁਲਜ਼ਮ ਔਰਤ ਮਹਿਲਾ ਕਾਂਸਟੇਬਲ ਦਾ ਸਾਮਾਨ ਲੈ ਕੇ ਫਰਾਰ ਹੋਣ ਵਿਚ ਸਫਲ ਹੋ ਗਈ। ਪੁਲਸ ਨੇ ਉਸ ਦੀ ਗ੍ਰਿਫਤਾਰੀ ਲਈ ਦੋ ਟੀਮਾਂ ਦਾ ਗਠਨ ਕੀਤਾ ਪਰ ਅਜੇ ਤੱਕ ਪੁਲਸ ਦੇ ਹੱਥ ਖਾਲੀ ਹਨ। ਸਿਵਲ ਹਸਪਤਾਲ ਚੌਕੀ ਪ੍ਰਮੁੱਖ ਹਰਪ੍ਰੇਮ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਫਿਲਹਾਲ ਉਸ ਦੇ ਪਤੀ ਵਿੱਕੀ ਸਿੰਘ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਥਾਣਾ ਲੰਬਪ 'ਚ ਮੁਲਜ਼ਮ ਔਰਤ ਤੇ ਉਸਦੇ ਪਤੀ ਵਿੱਕੀ ਸਿੰਘ 'ਤੇ 2018 'ਚ ਜਬਰ ਜ਼ਨਾਹ ਦਾ ਮਾਮਲਾ ਦਰਜ ਹੋਇਆ ਸੀ। ਉਥੇ ਮੁਕਤਸਰ ਪੁਲਸ ਨੇ ਪਤੀ-ਪਤਨੀ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਸੀ ਉਦੋਂ ਤੋਂ ਉਹ ਜੇਲ ਵਿਚ ਬੰਦ ਸੀ। ਬੁੱਧਵਾਰ ਨੂੰ ਜੇਲ 'ਚ ਉਸ ਨੇ ਬੀਮਾਰੀ ਦਾ ਬਹਾਨਾ ਲਾਇਆ ਅਤੇ ਉਸ ਨੂੰ ਜਾਂਚ ਲਈ ਸਿਵਲ ਹਸਪਤਾਲ ਭੇਜਿਆ ਜਿਥੇ ਉਸ ਦੇ ਕੁਝ ਸਾਥੀ ਵੀ ਨਾਲ ਗਏ। ਉਥੇ ਹੀ ਹਸਪਤਾਲ 'ਚ ਨਾਟਕੀ ਢੰਗ ਨਾਲ ਉਹ ਔਰਤ ਕਾਂਸਟੇਬਲ ਨੂੰ ਚਕਮਾ ਕੇ ਦੇ ਫਰਾਰ ਹੋ ਗਈ।

ਔਰਤ ਕਾਂਸਟੇਬਲ ਦਾ ਮੋਬਾਇਲ ਟ੍ਰੇਸ ਕਰਨ 'ਚ ਜੁਟੀ ਪੁਲਸ
ਫਰਾਰ ਹੋਈ ਹਵਾਲਾਤੀ ਔਰਤ ਦੀ ਗ੍ਰਿਫਤਾਰੀ ਲਈ ਪੁਲਸ ਮਹਿਲਾ ਕਾਂਸਟੇਬਲ ਦੇ ਮੋਬਾਇਲ ਦੀ ਲੋਕੇਸ਼ਨ ਟ੍ਰੇਸ ਕਰਨ ਵਿਚ ਜੁਟੀ ਹੋਈ ਹੈ। ਡਿਉੂਟੀ ਵਿਚ ਲਾਪ੍ਰਵਾਹੀ ਵਰਤਣ ਦੇ ਦੋਸ਼ ਵਿਚ ਉਕਤ ਔਰਤ ਕਾਂਸਟੇਬਲ ਵਿਰੁੱਧ ਅਜੇ ਤੱਕ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ। ਡੀ. ਐੱਸ. ਪੀ. ਕਰਨਸ਼ੇਰ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਔਰਤ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਲਾਪ੍ਰਵਾਹੀ ਦੇ ਦੋਸ਼ ਵਿਚ ਔਰਤ ਕਾਂਸਟੇਬਲ 'ਤੇ ਵੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।