ਅਮਰਗੜ੍ਹ ਦੀ ਮਰੀਜ਼ ਬੀਬੀ ਨੇ ਦਿੱਤੀ ਕੋਰੋਨਾ ਨੂੰ ਮਾਤ

06/12/2020 7:41:21 PM

ਸੰਗਰੂਰ,(ਵਿਵੇਕ ਸਿੰਧਵਾਨੀ) : 'ਮਿਸ਼ਨ ਫ਼ਤਿਹ' ਤਹਿਤ ਜ਼ਿਲ੍ਹਾ ਸੰਗਰੂਰ ਅੰਦਰ ਕੋਵਿਡ-19 ਨੂੰ ਮਾਤ ਦੇਣ ਵਾਲਿਆਂ ਦੇ ਅੰਕੜੇ 'ਚ ਇੱਕ ਹੋਰ ਦਾ ਵਾਧਾ ਹੋ ਗਿਆ ਹੈ । ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਅਮਰਗੜ੍ਹ ਦੇ ਪਿੰਡ ਖੇੜੀ ਸੋਢੀਆਂ ਦੀ ਰਣਜੀਤ ਕੌਰ ਉਮਰ 62 ਸਾਲ ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਹੈ। ਉਸ ਨੂੰ ਕੋਵਿਡ ਕੇਅਰ ਸੈਂਟਰ ਘਾਬਦਾਂ ਤੋਂ ਛੁੱਟੀ ਦੇ ਕੇ ਘਰ ਰਵਾਨਾ ਕਰ ਦਿੱਤਾ ਗਿਆ ਹੈ । ਥੋਰੀ ਨੇ ਦੱਸਿਆ ਕਿ ਹੁਣ ਤੱਕ 7516 ਸ਼ੱਕੀ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਸਾਰਿਆਂ ਦੇ ਸੈਂਪਲ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲਏ ਗਏ। ਇਨ੍ਹਾਂ ਟੈਸਟਾਂ ਦੇ ਨਤੀਜਿਆਂ 'ਚੋਂ 6907 ਵਿਅਕਤੀਆਂ ਦੇ ਨਤੀਜੇ ਨੈਗੇਟਿਵ ਪ੍ਰਾਪਤ ਹੋਏ ਹਨ, 140 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ 467 ਵਿਅਕਤੀਆਂ ਦੀ ਰਿਪੋਰਟ ਦੇ ਨਤੀਜੇ ਆਉਣ ਦੀ ਉਡੀਕ ਹੈ। ਥੋਰੀ ਨੇ ਦੱਸਿਆ ਕਿ ਸੁਚੱਜੀਆਂ ਸਿਹਤ ਸੇਵਾਵਾਂ ਸਦਕਾ ਜ਼ਿਲ੍ਹੇ ਭਰ 'ਚ 106 ਵਿਅਕਤੀ ਕੋਵਿਡ-19 ਨੂੰ ਮਾਤ ਦੇ ਕੇ ਤੰਦਰੁਸਤ ਹੋਣ ਉਪਰੰਤ ਕੋਵਿਡ ਕੇਅਰ ਸੈਂਟਰ ਤੋਂ ਆਪੋ-ਆਪਣੇ ਘਰਾਂ ਨੂੰ ਪਰਤ ਚੁੱਕੇ ਹਨ । ਜ਼ਿਲ੍ਹੇ ਅੰਦਰ ਹੁਣ ਕੁੱਲ ਐਕਟਿਵ ਕੇਸਾਂ ਦੀ ਗਿਣਤੀ 32 ਹੈ ਅਤੇ 2 ਜਣਿਆਂ ਦੀ ਮੌਤ ਹੋ ਚੁੱਕੀ ਹੈ । 
ਥੋਰੀ ਨੇ ਕਿਹਾ ਕਿ ਅਜੇ ਵਾਇਰਸ ਦਾ ਪ੍ਰਭਾਵ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ, ਇਸ ਲਈ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣੀ ਚਾਹੀਦੀ ਹੈ। ਬਿਨਾਂ ਲੋੜ ਤੋਂ ਘਰੋਂ ਬਾਹਰ ਨਾ ਨਿਕਲਿਆ ਜਾਵੇ ਅਤੇ ਬਹੁਤ ਹੀ ਜ਼ਰੂਰੀ ਕੰਮ ਲਈ ਜੇਕਰ ਘਰੋਂ ਬਾਹਰ ਜਾਣਾ ਹੋਵੇ ਤਾਂ ਜਨਤਕ ਥਾਵਾਂ ਤੇ ਉਚਿਤ ਸਮਾਜਿਕ ਦੂਰੀ ਅਤੇ ਮੂੰਹ ਨੂੰ ਮਾਸਕ ਵਗੈਰਾ ਨਾਲ ਢੱਕਣ ਦੇ ਨਿਯਮ ਦੀ ਪਾਲਣਾ ਜ਼ਰੂਰ ਕੀਤੀ ਜਾਵੇ।

Deepak Kumar

This news is Content Editor Deepak Kumar