ਨਸ਼ੇ ਵਾਲੇ ਪਦਾਰਥਾਂ ਅਤੇ ਡਰੱਗ ਮਨੀ ਸਣੇ ਔਰਤ ਅੜਿੱਕੇ

01/01/2020 8:02:51 PM

ਮੋਗਾ, (ਆਜ਼ਾਦ)– ਐੱਸ. ਟੀ. ਐੱਫ. ਮੋਗਾ ਨੇ ਲੱਖਾਂ ਰੁਪਏ ਦੇ ਨਸ਼ੇ ਵਾਲੇ ਪਦਾਰਥਾਂ ਅਤੇ ਸਾਢੇ 14 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਇਕ ਔਰਤ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਟੀ. ਐੱਫ. ਮੋਗਾ ਦੇ ਸਹਾਇਕ ਥਾਣੇਦਾਰ ਸੱਜਣ ਸਿੰਘ ਨੇ ਦੱਸਿਆ ਕਿ ਐੱਸ. ਟੀ. ਐੱਫ. ਦੇ ਐਡੀਸ਼ਨਲ ਇੰਸਪੈਕਟਰ ਜਨਰਲ ਸਨੇਹਦੀਪ ਸ਼ਰਮਾ ਦੇ ਨਿਰਦੇਸ਼ਾਂ ’ਤੇ ਮੋਗਾ ਜ਼ਿਲੇ ’ਚ ਨਸ਼ਾ ਸਮੱਗਲਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ।

ਉਕਤ ਮੁਹਿੰਮ ਤਹਿਤ ਜਦ ਅਸੀਂ ਪੁਲਸ ਪਾਰਟੀ ਸਮੇਤ ਇਲਾਕੇ ’ਚ ਗਸ਼ਤ ਕਰ ਰਹੇ ਸਨ ਤਾਂ ਜਦੋਂ ਹੀ ਅਸੀਂ ਪਿੰਡ ਦੋਲੇਵਾਲਾ ਕੋਲ ਪੁੱਜੇ ਤਾਂ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਜਸਵੀਰ ਕੌਰ ਉਰਫ ਮੋਂਟੀ ਨਿਵਾਸੀ ਪਿੰਡ ਦੋਲੇਵਾਲਾ ਨਸ਼ੇ ਵਾਲੇ ਪਦਾਰਥਾਂ ਦਾ ਧੰਦਾ ਕਰਦੀ ਹੈ, ਜਿਸ ’ਤੇ ਅਸੀਂ ਪੁਲਸ ਪਾਰਟੀ ਸਮੇਤ ਛਾਪਾਮਾਰੀ ਕਰ ਕੇ ਉਸ ਨੂੰ ਕਾਬੂ ਕਰ ਲਿਆ ਅਤੇ ਉਸ ਕੋਲੋਂ 26 ਗ੍ਰਾਮ ਹੈਰੋਇਨ, 250 ਗ੍ਰਾਮ ਨਸ਼ੇ ਵਾਲੇ ਪਾਊਡਰ ਦੇ ਇਲਾਵਾ 14 ਹਜ਼ਾਰ ਰੁਪਏ ਡਰੱਗ ਮਨੀ ਦੇ ਬਰਾਮਦ ਕੀਤੇ ਗਏ। ਕÎਥਿਤ ਸਮੱਗਲਰ ਔਰਤ ਖਿਲਾਫ ਥਾਣਾ ਕੋਟ ਈਸੇ ਖਾਂ ’ਚ ਮਾਮਲਾ ਦਰਜ ਕਰਨ ਦੇ ਬਾਅਦ ਉਸ ਨੂੰ ਅੱਜ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਦਾ ਦੋ ਦਿਨ ਦਾ ਪੁਲਸ ਰਿਮਾਂਡ ਦਿੱਤਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਸਮੇਂ ਹੋਰ ਵੀ ਸੁਰਾਗ ਮਿਲਣ ਦੀ ਸੰਭਾਵਨਾ ਹੈ।


Bharat Thapa

Content Editor

Related News