ਡਿਪਟੀ ਕਮਿਸ਼ਨਰ ਤੇ ਵਧੀਕ ਡਿਪਟੀ ਕਮਿਸ਼ਨਰ ਦਾ ਸ਼ਬਦੀ ਵਿਵਾਦ ਹੋਰ ਭਖਿਆ

11/16/2019 2:37:00 PM

ਫਤਿਹਗੜ੍ਹ ਸਾਹਿਬ (ਜ.ਬ) : ਜ਼ਿਲਾ ਫਤਿਹਗੜ੍ਹ ਸਾਹਿਬ ਦੀ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਗਵਿੰਦਰ ਸਿੰਘ ਵਿਚਕਾਰ ਵਿਭਾਗੀ ਕਾਰਜਾਂ ਨੂੰ ਲੈ ਕੇ ਪੈਦਾ ਹੋਇਆ ਕਥਿਤ ਸ਼ਬਦੀ ਵਿਵਾਦ ਵਧਦਾ ਜਾ ਰਿਹਾ ਹੈ। ਇਸ ਵਿਵਾਦ ਨੂੰ ਲੈ ਕੇ ਜ਼ਿਲੇ ਦੇ ਏ. ਡੀ. ਸੀ. (ਵਿਕਾਸ) ਸਮੇਤ ਸਮੂਹ ਜ਼ਿਲੇ ਦੇ ਪੰਚਾਇਤ ਵਿਭਾਗ ਅਧਿਕਾਰੀਆਂ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਹੈ। ਏ. ਡੀ. ਸੀ. ਜਗਵਿੰਦਰ ਸਿੰਘ ਦਾ ਕਹਿਣਾ ਹੈ ਕਿ ਹੁਣ ਜ਼ਿਲੇ 'ਚ ਜਾਂ ਤਾਂ ਇਹ ਡਿਪਟੀ ਕਮਿਸ਼ਨਰ ਹੀ ਰਹਿਣਗੇ ਜਾਂ ਅਸੀਂ। ਉਧਰ ਜ਼ਿਲੇ ਦੇ ਅਫਸਰਾਂ ਦੇ ਆਪਸੀ ਵਿਵਾਦ ਨੂੰ ਸੁਲਝਾਉਣ ਪੁੱਜੇ ਡਵੀਜ਼ਨਲ ਕਮਿਸ਼ਨਰ ਪਟਿਆਲਾ ਦੀਪਿੰਦਰ ਸਿੰਘ ਨੇ ਇਸ ਮਸਲੇ ਨੂੰ ਮੰਦਭਾਗਾ ਕਰਾਰ ਦਿੰਦਿਆਂ ਛੇਤੀ ਸੁਲਝਾਉਣ ਦੀ ਗੱਲ ਕਹੀ ਹੈ।

ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਕੇ ਆਪਣੀ ਇਹ ਰਿਪੋਰਟ ਸਰਕਾਰ ਨੂੰ ਸੌਂਪੇ ਜਾਵੇਗੀ। ਸ਼ੁੱਕਰਵਾਰ ਨੂੰ ਫਤਿਹਗੜ੍ਹ ਸਾਹਿਬ ਵਿਖੇ ਪੰਚਾਇਤੀ ਵਿਭਾਗ ਨਾਲ ਸਬੰਧਤ ਵੱਖ-ਵੱਖ ਐਸੋਸੀਏਸ਼ਨ ਦੀਆਂ ਹੋਈਆਂ ਮੀਟਿੰਗਾਂ ਉਪਰੰਤ ਅਗਲੀ ਰੂਪ-ਰੇਖਾ ਤਿਆਰ ਕਰਨ ਲਈ ਪੰਜ ਮੈਂਬਰੀ ਸਾਂਝੀ ਜੁਆਇੰਟ ਐਕਸ਼ਨ ਕਮੇਟੀ ਬਣਾਈ ਗਈ, ਜਿਸ 'ਚ ਹਰਕੰਵਲਜੀਤ ਸਿੰਘ ਪ੍ਰਧਾਨ ਆਫੀਸਰਜ਼ ਐਸੋਸੀਏਸ਼ਨ ਪੰਜਾਬ, ਸੁਖਚੈਨ ਸਿੰਘ ਪ੍ਰਧਾਨ ਬੀ. ਡੀ. ਪੀ. ਓ. ਐਸੋਸੀਏਸ਼ਨ ਪੰਜਾਬ, ਧਨਵੰਤ ਸਿੰਘ ਰੰਧਾਵਾ ਜਨਰਲ ਵਾਈਸ ਪ੍ਰਧਾਨ ਬੀ. ਡੀ. ਪੀ. ਓ. ਐਸੋਸੀਏਸ਼ਨ ਪੰਜਾਬ, ਨਵਦੀਪ ਕੌਰ ਮੈਂਬਰ ਕੋਰ ਕਮੇਟੀ ਬੀ. ਡੀ. ਪੀ. ਓ ਪੰਜਾਬ, ਰਣਵੀਰ ਸਿੰਘ ਸੈਕਟਰੀ ਆਫੀਸਰ ਐਸੋਸੀਏਸ਼ਨ ਮੈਂਬਰ ਕੋਰ ਕਮੇਟੀ ਲਏ ਗਏ। ਕਮੇਟੀ ਦੀ ਹੋਈ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਾਂਝੀ ਐਕਸਨ ਕਮੇਟੀ ਦੇ ਮੁੱਖ ਬੁਲਾਰੇ ਹਰਕੰਵਲਜੀਤ ਸਿੰਘ ਕਿਹਾ ਕਿ ਕਮੇਟੀ ਵਲੋਂ ਡਿਪਟੀ ਕਮਿਸ਼ਨਰ ਵੱਲੋਂ ਬੋਲੇ ਗਏ ਸ਼ਬਦਾਂ ਦੀ ਨਿਖੇਧੀ ਕੀਤੀ ਗਈ।

ਇਸ ਮੌਕੇ ਏ. ਡੀ. ਸੀ. ਜਗਵਿੰਦਰਜੀਤ ਸਿੰਘ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵਲੋਂ ਉਨ੍ਹਾਂ ਤੇ ਨਾਲ ਸਬੰਧਤ ਅਫਸਰਾਂ ਨਾਲ ਮਾੜਾ ਵਿਵਹਾਰ ਤਾਂ ਕੀਤਾ ਹੀ ਹੈ, ਇਸ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ 'ਤੇ ਈਸਰਹੇਲ ਦੇ ਇਤਿਹਾਸਕ ਗੁਰਦੁਆਰਾ ਸਾਹਿਬ 'ਚ ਹੋਏ ਸਮਾਗਮ ਨੂੰ 'ਸਿਆਸੀ ਡਰਾਮਾ' ਕਹਿ ਕੇ ਗੁਰੂ ਸਾਹਿਬ ਦਾ ਵੀ ਨਿਰਾਦਰ ਕੀਤਾ ਹੈ, ਜਿਸ ਲਈ ਉਨ੍ਹਾਂ ਨੂੰ ਜਨਤਕ ਤੌਰ 'ਤੇ ਮਾਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੱਖ-ਵੱਖ ਐਸੋਸੀਏਸ਼ਨ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਜੋ ਹੜਤਾਲ ਅਜੇ ਵਿਭਾਗ ਨਾਲ ਸਬੰਧਤ ਮਹਿਕਮਿਆਂ ਵੱਲੋਂ ਫਤਿਹਗੜ੍ਹ ਸਾਹਿਬ 'ਚ ਚੱਲ ਰਹੀ ਹੈ, ਉਸ ਨੂੰ ਪੂਰੇ ਡਵੀਜ਼ਨ ਪੱਧਰ 'ਤੇ ਲਿਜਾਇਆ ਜਾਵੇਗਾ। ਉੱਧਰ ਦੂਸਰੇ ਦਿਨ ਅੱਜ ਜ਼ਿਲੇ ਦੇ ਡਿਪਟੀ ਕਮਿਸ਼ਨਰ ਵਲੋਂ ਪੱਤਰਕਾਰਾਂ ਕੋਲੋਂ ਦੂਰੀ ਬਣਾਈ ਰੱਖੀ ਗਈ ਤੇ ਦੇਰ ਸ਼ਾਮ ਤੱਕ ਗੱਲ ਕਰਨ ਲਈ ਰੁਕੇ ਰਹੇ ਪਰ ਉਹ ਪੱਤਰਕਾਰਾਂ ਨੂੰ ਬਿਨਾਂ ਮਿਲੇ ਚਲੇ ਗਏ।

cherry

This news is Content Editor cherry