ਮੋਰਿੰਡਾ-ਫਤਿਹਗੜ੍ਹ ਸਾਹਿਬ ਮੁੱਖ ਮਾਰਗ ''ਤੇ ਪੂਰੀ ਤਰ੍ਹਾਂ ਹੋਇਆ ਸਮਾਜ ਵਿਰੋਧੀ ਅਨਸਰਾਂ ਦਾ ਰਾਜ

01/16/2020 12:18:00 PM

ਬੱਸੀ ਪਠਾਣਾਂ (ਰਾਜਕਮਲ): ਫਤਿਹਗੜ੍ਹ ਸਾਹਿਬ ਤੋਂ ਮੋਰਿੰਡਾ ਮੁੱਖ ਮਾਰਗ 'ਤੇ ਸਵੇਰ ਦੀ ਸੈਰ ਕਰਨ ਵਾਲੇ ਜਾਂ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕਣ ਉਪਰੰਤ ਸੰਘੋਲ ਬਾਈਪਾਸ ਵੱਲ ਵਾਪਸ ਆਉਣ ਵਾਲੇ ਸ਼ਰਧਾਲੂ ਖੁਦ ਨੂੰ ਸੁਰੱਖਿਅਤ ਨਹੀਂ ਸਮਝ ਰਹੇ ਕਿਉਂਕਿ ਸੈਰ ਪਸੰਦ ਲੋਕਾਂ ਅਤੇ ਸ਼ਰਧਾਲੂਆਂ ਨੂੰ ਸਮਾਜ ਵਿਰੋਧੀ ਅਨਸਰਾਂ ਵੱਲੋਂ ਲੁੱਟ-ਖੋਹ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ, ਜਿਸ ਕਾਰਣ ਇਸ ਮਾਰਗ 'ਤੇ ਹੁਣ ਪੂਰੀ ਤਰ੍ਹਾਂ ਸਮਾਜ ਵਿਰੋਧੀਆਂ ਦਾ ਰਾਜ ਹੋ ਗਿਆ ਹੈ। ਲੋਕਾਂ ਦੀ ਇਹ ਮੰਗ ਹੈ ਕਿ ਸਵੇਰ ਦੇ ਸਮੇਂ ਇਸ ਮੁੱਖ ਮਾਰਗ 'ਤੇ ਪੁਲਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰ ਕੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਇਆ ਜਾ ਸਕੇ।
 

ਲੋਹੜੀ ਵਾਲੇ ਦਿਨ ਸੇਵਾ ਮੁਕਤ ਸੈਨਿਕ 'ਤੇ ਹੋਇਆ ਹਮਲਾ
ਜਾਣਕਾਰੀ ਦਿੰਦਿਆਂ ਸੇਵਾ ਮੁਕਤ ਸੈਨਿਕ ਅਤੇ ਮੌਜੂਦਾ ਬੈਂਕ ਸਕਿਓਰਿਟੀ ਗਾਰਡ ਜੋਗਿੰਦਰ ਸਿੰਘ ਨਿਵਾਸੀ ਬੱਸੀ ਪਠਾਣਾਂ ਨੇ ਦੱਸਿਆ ਕਿ ਜਦੋਂ ਉਹ ਲੋਹੜੀ ਵਾਲੇ ਦਿਨ ਸਵੇਰੇ ਕਰੀਬ 4.45 ਵਜੇ ਸੰਘਣੀ ਧੁੰਦ ਵਿਚ ਗੁ. ਸ੍ਰੀ ਫਤਹਿਗੜ੍ਹ ਸਾਹਿਬ ਤੋਂ ਮੱਥਾ ਟੇਕਣ ਉਪਰੰਤ ਮੋਟਰਸਾਈਕਲ 'ਤੇ ਸੰਘੋਲ ਬਾਈਪਾਸ ਨੇੜੇ ਪਹੁੰਚਿਆ ਤਾਂ ਤਿੰਨ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨ ਜੋ ਕਿ ਦੇਸੀ ਕੱਟੇ ਅਤੇ ਹੋਰ ਹਥਿਆਰਾਂ ਨਾਲ ਲੈਸ ਸਨ, ਨੇ ਆਪਣਾ ਮੋਟਰਸਾਈਕਲ ਅੱਗੇ ਲਾ ਕੇ ਉਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਆਪਣਾ ਮੋਟਰਸਾਈਕਲ ਤੇਜ਼ੀ ਨਾਲ ਭਜਾ ਲਿਆ ਅਤੇ ਆਪਣੀ ਜਾਨ ਬਚਾਈ ਅਤੇ ਅੱਧੇ ਘੰਟੇ ਵਿਚਕਾਰ ਹੀ ਪੁਲਸ ਹੈਲਪਲਾਈਨ ਨੰਬਰ 112 'ਤੇ ਇਸ ਦੀ ਸੂਚਨਾ ਦੇ ਦਿੱਤੀ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਅਜਿਹੀਆਂ ਤਿੰਨ ਚਾਰ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਸ ਕਰ ਕੇ ਇਸ ਮਾਰਗ 'ਤੇ ਗੁਜ਼ਰਨ ਵਾਲੇ ਲੋਕਾਂ 'ਚ ਸਹਿਮ ਦਾ ਮਾਹੌਲ ਹੈ। ਉਨ੍ਹਾਂ ਮੰਗ ਕੀਤੀ ਕਿ ਲੋਕਾਂ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸਵੇਰ ਸਮੇਂ ਇਸ ਮਾਰਗ 'ਤੇ ਪੁਲਸ ਵੱਲੋਂ ਗਸ਼ਤ ਤੇਜ਼ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਅਜਿਹੇ ਵਿਅਕਤੀਆਂ ਨੂੰ ਸਲਾਖਾਂ ਪਿੱਛੇ ਪਹੁੰਚਾਇਆ ਜਾ ਸਕੇ।

ਕੀ ਕਹਿਣੈ ਥਾਣਾ ਬੱਸੀ ਪਠਾਣਾਂ ਦੇ ਇੰਚਾਰਜ ਦਾ
ਇਸ ਸਬੰਧੀ ਥਾਣਾ ਬੱਸੀ ਪਠਾਣਾਂ ਦੇ ਇੰਚਾਰਜ ਮਨਪ੍ਰੀਤ ਸਿੰਘ ਦਿਓਲ ਨੇ ਕਿਹਾ ਕਿ ਇਲਾਕੇ 'ਚ ਰਾਤ ਅਤੇ ਸਵੇਰ ਦੇ ਸਮੇਂ ਪੁਲਸ ਮੁਲਾਜ਼ਮਾਂ ਦੀਆਂ ਦੋ ਗੱਡੀਆਂ ਹਮੇਸ਼ਾ ਗਸ਼ਤ 'ਤੇ ਰਹਿੰਦੀਆਂ ਹਨ ਅਤੇ ਜਿੱਥੇ ਉਪਰੋਕਤ ਘਟਨਾ ਵਾਪਰੀ ਹੈ ਉਹ ਇਲਾਕਾ ਫਤਿਹਗੜ੍ਹ ਸਾਹਿਬ ਥਾਣੇ ਅਧੀਨ ਆਉਂਦਾ ਹੈ।

ਕੀ ਕਹਿਣੈ ਫਤਿਹਗੜ੍ਹ ਸਾਹਿਬ ਥਾਣਾ ਮੁਖੀ ਦਾ
ਇਸ ਸਬੰਧੀ ਥਾਣਾ ਫਤਿਹਗੜ੍ਹ ਸਾਹਿਬ ਦੇ ਮੁਖੀ ਇੰਸਪੈਕਟਰ ਸਿਕੰਦ ਸਿੰਘ ਨੇ ਕਿਹਾ ਕਿ ਅਜਿਹੀ ਕੋਈ ਵੀ ਸ਼ਿਕਾਇਤ ਹਾਲੇ ਤਕ ਥਾਣੇ 'ਚ ਨਹੀਂ ਆਈ ਹੈ ਅਤੇ ਜੇਕਰ ਅਜਿਹੀ ਕੋਈ ਘਟਨਾ ਵਾਪਰੀ ਹੈ ਤਾਂ ਪੁਲਸ ਵੱਲੋਂ ਇਸ ਮਾਰਗ 'ਤੇ ਗਸ਼ਤ ਹੋਰ ਵਧਾਈ ਜਾਵੇਗੀ ਤਾਂ ਜੋ ਲੋਕਾਂ ਅੰਦਰ ਸੁਰੱਖਿਆ ਭਾਵਨਾ ਪੈਦਾ ਹੋ ਸਕੇ।


Shyna

Content Editor

Related News