ਸਰਕਾਰੀ ਖਰੀਦ ਸ਼ੁਰੂ ਹੋਣ ਦੀ ਉਡੀਕ ’ਚ ਕਿਸਾਨ, ਸਰਕਾਰੀ ਦਾਅਵਿਆਂ ’ਤੇ ਉੱਠੇ ਸਵਾਲ

04/13/2021 2:35:51 PM

ਮੰਡੀ ਲਾਧੂਕਾ (ਸੰਧੂ) : ਭਾਵੇਂ ਸੂਬਾ ਸਰਕਾਰ ਵਲੋਂ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ’ਚ 10 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ ਪਰ ਉਥੇ ਹੀ ਕਈ ਮੰਡੀਆਂ ’ਚ ਕਿਸਾਨ ਸਰਕਾਰੀ ਖਰੀਦ ਦੀ ਉਡੀਕ ’ਚ ਬੈਠੇ ਹਨ। ਅਜਿਹੀ ਹੀ ਤਸਵੀਰ ਲਾਧੂਕਾ ਦੀ ਅਨਾਜ ਮੰਡੀ ਦੀ ਹੈ ਜਿੱਥੇ ਕਿਸਾਨਾਂ ਵਲੋਂ ਲਿਆਂਦੀ ਗਈ ਫ਼ਸਲ ਦਾ ਇਕ ਦਾਣਾ ਵੀ ਸਰਕਾਰੀ ਏਜੰਸੀਆਂ ਵਲੋਂ ਖਰੀਦ ਨਹੀਂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਮੰਡੀ ਲਾਧੂਕਾ ’ਚ ਲਗਭਗ 10 ਹਜ਼ਾਰ ਕੁਇੰਟਲ ਕਣਕ ਪਹੁੰਚ ਚੁੱਕੀ ਹੈ ਪਰ ਤੀਸਰੇ ਦਿਨ ਵੀ ਕਣਕ ਦੀ ਖਰੀਦ ਨਹੀਂ ਕੀਤੀ ਗਈ। ਜਿਸ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਦਾਣਾ ਮੰਡੀ ਲਾਧੂਕਾ ਵਿਖੇ ਕਣਕ ਲੈ ਆਏ ਕਿਸਾਨ ਬਲਵੀਰ ਚੰਦ, ਅਮਰਜੀਤ ਸਿੰਘ, ਰਿੰਕੂ ਕੰਬੋਜ ਆਦਿ ਨੇ ਦੱਸਿਆ ਕਿ 10 ਅਪ੍ਰੈਲ ਤੋਂ ਮੰਡੀ ਲਾਧੂਕਾ ਦੀ ਅਨਾਜ ਮੰਡੀ ਵਿਖੇ ਕਣਕ ਦੀ ਸਰਕਾਰੀ ਖਰੀਦ ਦੀ ਉਡੀਕ ਕਰ ਰਹੇ ਹਾਂ ਪਰ ਕਿਸਾਨਾਂ ਦੀ ਕਣਕ ਦੀ ਤਿੰਨ ਦਿਨਾਂ ਵਿਚ ਕੋਈ ਅਧਿਕਾਰੀ ਖ਼ਰੀਦ ਕਰਨ ਜਾਂ ਜਾਇਜ਼ਾ ਲੈਣ ਨਹੀਂ ਪਹੁੰਚਿਆ।

PunjabKesari

ਜਿਸ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੰਡੀ ਵਿਚ ਕਣਕ ਲੈ ਕੇ ਬੈਠੇ ਕਿਸਾਨਾਂ ਨੇ ਦੱਸਿਆ ਕਿ ਉਹ ਰਾਤ ਸਮੇਂ ਮੱਛਰ ਅਤੇ ਦਿਨ ਸਮੇਂ ਧੂੜ, ਗਰਦ ਤੋਂ ਬਹੁਤ ਦੁਖੀ ਹਨ। ਜਿਸ ਕਾਰਨ ਕਿਸਾਨਾਂ ਨੂੰ ਮੰਡੀਆਂ ਵਿਚ ਰੁਲਣਾ ਪੈ ਰਿਹਾ ਹੈ। ਜੇਕਰ ਸਰਕਾਰ ਨੇ ਇਕ ਦਿਨ ਹੋਰ ਸਰਕਾਰੀ ਖਰੀਦ ਸ਼ੁਰੂ ਨਾ ਕੀਤੀ ਤਾਂ ਮੰਡੀਆਂ ਵਿਚ ਕਣਕ ਦੇ ਅੰਬਾਰ ਲੱਗ ਜਾਣਗੇ। ਉਧਰ ਇਸ ਸਬੰਧੀ ਜਦੋਂ ਖਰੀਦ ਏਜੰਸੀ ਪਨਸਪ ਦੇ ਇੰਸਪੈਕਟਰ ਮਨੋਜ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅੱਜ ਬਾਅਦ ਦੁਪਿਹਰ ਤੋਂ ਸਰਕਾਰੀ ਖਰੀਦ ਸ਼ੁਰੂ ਹੋ ਜਾਵੇਗੀ।

ਨੋਟ: ਇਸ ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor

Related News