ਖਾਲੀ ਚੈੱਕ ਵਾਪਸ ਕਰਵਾਉਣ ਲਈ ਕਿਸਾਨ ਯੂਨੀਅਨ ਨੇ ਕੀਤਾ ਬੈਂਕ ਦਾ ਘਿਰਾਓ

03/16/2020 11:19:58 PM

ਗੋਨਿਆਨਾ, (ਗੋਰਾ ਲਾਲ)- ਕਿਸਾਨਾਂ ਦੇ ਖਾਲੀ ਚੈੱਕ ਬੈਂਕ ’ਚੋਂ ਵਾਪਸ ਕਰਵਾਉਣ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਰਜਿ. ਕਾਦੀਆਂ ਵੱਲੋਂ ਐੱਚ. ਡੀ. ਐੱਫ. ਸੀ. ਬੈਂਕ ਗੋਨਿਆਣਾ ਮੰਡੀ ਦਾ ਘਿਰਾਓ ਕੀਤਾ ਗਿਆ। ਧਰਨੇ ’ਚ ਸੂਬਾ ਕਮੇਟੀ ਮੈਂਬਰ ਬਲਵਿੰਦਰ ਸਿੰਘ ਗੰਗਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲਾ ਬਠਿੰਡਾ ਦੇ ਜਨਰਲ ਸਕੱਤਰ ਸੁਖਦਰਸ਼ਨ ਸਿੰਘ ਖੇਮੂਆਣਾ ਨੇ ਦੱਸਿਆ ਕਿ ਪਿੰਡ ਜੀਦਾ ਦੇ ਕਿਸਾਨ ਜਗਸੀਰ ਸਿੰਘ ਪੁੱਤਰ ਬਚਨ ਸਿੰਘ ਨੇ ਉਕਤ ਬੈਂਕ ’ਚੋਂ ਸਾਲ 2014 ’ਚ ਕਰਜ਼ਾ ਲਿਆ ਸੀ ਅਤੇ ਉਸ ਸਮੇਂ ਬੈਂਕ ਵੱਲੋਂ ਕਿਸਾਨ ਤੋਂ ਤਿੰਨ ਖਾਲੀ ਚੈੱਕ ਦਸਤਖ਼ਤ ਕਰਵਾ ਕੇ ਲਏ ਗਏ ਸਨ। ਇਸੇ ਤਰ੍ਹਾਂ ਸਰਬਜੀਤ ਸਿੰਘ ਪੁੱਤਰ ਮੰਦਰ ਸਿੰਘ ਵਾਸੀ ਮਹਿਮਾ ਸਰਜਾ ਨੇ ਸਾਲ 2015 ’ਚ ਖੇਤੀ ਕਰਜ਼ਾ ਲਿਆ ਸੀ, ਉਸ ਤੋਂ ਵੀ ਬੈਂਕ ਨੇ ਤਿੰਨ ਖ਼ਾਲੀ ਚੈੱਕ ਦਸਤਖ਼ਤ ਕਰਵਾ ਕੇ ਲੈ ਲਏ ਸਨ। ਕਿਸਾਨ ਆਗੂ ਬੇਅੰਤ ਸਿੰਘ ਮਹਿਮਾ ਸਰਜਾ ਨੇ ਦੱਸਿਆ ਕਿ ਕਰਜ਼ਾ ਦੇਣ ਸਮੇਂ ਬੈਂਕ ਸਾਡੀ ਜ਼ਮੀਨ ਗਹਿਣੇ ਕਰਵਾ ਲੈਂਦਾ ਹੈ ਤਾਂ ਫਿਰ ਚੈੱਕ ’ਤੇ ਦਸਤਖ਼ਤ ਕਰਵਾ ਕੇ ਰੱਖਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਉਨ੍ਹਾਂ ਮੰਗ ਕੀਤੀ ਕਿ ਜਿਨ੍ਹਾਂ ਵੀ ਕਿਸਾਨਾਂ ਦੇ ਖਾਲੀ ਚੈੱਕ ਬੈਂਕ ਕੋਲ ਪਏ ਹਨ ਉਹ ਕਿਸਾਨਾਂ ਨੂੰ ਵਾਪਸ ਕੀਤੇ ਜਾਣ ਅਤੇ ਆਉਣ ਵਾਲੇ ਸਮੇਂ ’ਚ ਕਿਸਾਨਾਂ ਨੂੰ ਕਰਜ਼ਾ ਦੇਣ ਸਮੇਂ ਖਾਲੀ ਚੈੱਕ ਕਿਸਾਨਾਂ ਤੋਂ ਨਾ ਲਏ ਜਾਣ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਜਗਸੀਰ ਸਿੰਘ ਜੀਦਾ ਨੇ ਦੱਸਿਆ ਕਿ ਚੋਣਾਂ ’ਚ ਕੈਪਟਨ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ ’ਤੇ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕੀਤਾ ਜਾਵੇਗਾ ਪਰ ਹੁਣ ਸਰਕਾਰ ਆਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਆਪਣੇ ਸਾਰੇ ਵਾਅਦਿਆਂ ਤੋਂ ਮੁੱਕਰ ਚੁੱਕੇ ਹਨ ਅਤੇ ਕਿਸਾਨ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕੇਂਦਰ ਸਰਕਾਰ ਦੇ ਬਿਆਨ ਜੋ ਕਿ ਪੰਜਾਬ ’ਚੋਂ ਕਣਕ ਦੀ ਸਰਕਾਰੀ ਖ਼ਰੀਦ ਨਾ ਕਰਨ ਦਾ ਐਲਾਨ ਕਰ ਕਰ ਚੁੱਕੀ ਹੈ, ਦਾ ਸਖਤ ਵਿਰੋਧ ਕੀਤਾ ਅਤੇ ਐਲਾਨ ਕੀਤਾ ਕਿ ਜੇਕਰ ਕੇਂਦਰ ਨੇ ਪੰਜਾਬ ’ਚੋਂ ਕਣਕ ਦੀ ਖਰੀਦ ਕਰਨ ਤੋਂ ਇਨਕਾਰ ਕੀਤਾ ਤਾਂ ਜਥੇਬੰਦੀ ਤਿੱਖਾ ਸੰਘਰਸ਼ ਕਰੇਗੀ। ਖ਼ਬਰ ਲਿਖੇ ਜਾਣ ਤੱਕ ਬੈਂਕ ਅਧਿਕਾਰੀਆਂ ਦਾ ਘਿਰਾਓ ਜਾਰੀ ਸੀ।

ਧਰਨੇ ’ਚ ਭੋਲਾ ਸਿੰਘ ਗੋਨਿਆਣਾ ਖੁਰਦ, ਗੁਰਪ੍ਰੀਤ ਸਿੰਘ ਖੇਮੂਆਣਾ, ਜਸਵਿੰਦਰ ਸਿੰਘ ਗਹਿਰੀ, ਵਸਾਖਾ ਸਿੰਘ ਬਹਿਮਣ, ਲਖਵੀਰ ਸਿੰਘ ਕੋਟਭਾਈ, ਬਲਜਿੰਦਰ ਸਿੰਘ ਗੁਰੂਸਰ, ਹਰਪਾਲ ਸਿੰਘ ਗੰਗਾ, ਮੇਜਰ ਸਿੰਘ ਗਿੱਦਡ਼ਬਾਹਾ, ਰਣਧੀਰ ਸਿੰਘ ਅਮਰਗਡ਼੍ਹ, ਹਰਾ ਸਿੰਘ ਬਹਿਮਣ, ਜੱਗਾ ਸਿੰਘ ਗਹਿਰੀ, ਕੁਲਵਿੰਦਰ ਸਿੰਘ ਦਾਨੇਵਾਲਾ ਤੋਂ ਇਲਾਵਾ ਬਹੁਤ ਸਾਰੇ ਕਿਸਾਨ ਧਰਨੇ ’ਚ ਸ਼ਾਮਲ ਹੋਏ। ਇੱਥੇ ਜਾਣਕਾਰੀ ਦੇਣਾ ਬਣਦਾ ਹੈ ਕਿ ਸ਼ਾਮ ਦੇ ਛੇ ਵਜੇ ਤੱਕ ਧਰਨਾ ਜਾਰੀ ਸੀ ਅਤੇ ਦਰਜਨ ਦੇ ਕਰੀਬ ਬੈਂਕ ਮੁਲਾਜ਼ਮ ਕਿਸਾਨਾਂ ਵੱਲੋਂ ਬੈਂਕ ਦੇ ਅੰਦਰ ਬੰਧਕ ਬਣਾਏ ਹੋਏ ਸਨ ਅਤੇ ਕਿਸਾਨ ਧਿਰਾਂ ਇਨ੍ਹਾਂ ਨੂੰ ਬਾਹਰ ਨਿਕਲਣ ਤੋਂ ਰੋਕ ਰਹੀਆਂ ਸਨ ਅਤੇ ਚੈੱਕ ਨਾ ਮਿਲਣ ਦੀ ਸੂਰਤ ’ਚ ਘਿਰਾਓ ਜਾਰੀ ਰੱਖਣ ਲਈ ਬਜ਼ਿੱਦ ਸਨ। ਇਸ ਸਬੰਧੀ ਜਦੋਂ ਥਾਣਾ ਨੇਹੀਆਂਵਾਲਾ ਦੇ ਮੁਖੀ ਬੂਟਾ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਨਾਲ ਗੱਲਬਾਤ ਜਾਰੀ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਈ ਸਾਂਝਾ ਰਸਤਾ ਕੱਢ ਕੇ ਇਸ ਧਰਨੇ ਨੂੰ ਜਲਦੀ ਤੋਂ ਜਲਦੀ ਚੁਕਵਾਇਆ ਜਾਵੇ।


Bharat Thapa

Content Editor

Related News