ਕਿਸਾਨਾਂ ਨੇ ‘ਪੰਜਾਬ ਸਰਕਾਰ ਮੁਰਦਾਬਾਦ’ ਦੇ ਲਾਏ ਨਾਅਰੇ

10/17/2018 5:45:36 AM

ਫਰੀਦਕੋਟ/ਸਾਦਿਕ, (ਪਰਮਜੀਤ)- ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ ਗਰੁੱਪ) ਵੱਲੋਂ ਤਹਿਸੀਲਦਾਰ ਦਫਤਰ ਸਾਦਿਕ ਅੱਗੇ ਪਰਾਲੀ ਸਾਡ਼ਨ ਅਤੇ ਕੁਝ ਕਿਸਾਨਾਂ ਦੇ ਕੱਟੇ ਗਏ ਚਲਾਨ ਰੱਦ ਕਰਾਵਾਉਣ ਲਈ ਜ਼ਿਲਾ ਪੱਧਰੀ ਧਰਨਾ ਦਿੱਤਾ ਗਿਆ। ਜੰਡ ਸਾਹਿਬ ਵਾਲੀ ਸਡ਼ਕ ਜਾਮ ਕਰ ਕੇ ਲਾਏ ਧਰਨੇ ’ਚ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ, ਜ਼ਿਲਾ ਪ੍ਰਧਾਨ ਫਰੀਦਕੋਟ ਬੋਹਡ਼ ਸਿੰਘ ਧਾਲੀਵਾਲ, ਸ੍ਰੀ ਮੁਕਤਸਰ ਦੇ ਜ਼ਿਲਾ ਪ੍ਰਧਾਨ ਸੁਖਦੇਵ ਸਿੰਘ ਬੂਡ਼ਾ ਗੁੱਜਰ, ਫਾਜ਼ਿਲਕਾ ਦੇ ਪ੍ਰਧਾਨ ਉਦੈ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।  ਇਸ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਅਾਂ ਨੇ ਕਿਹਾ ਕਿ  ਜੇਕਰ ਸਰਕਾਰ ਸਾਡੀਅਾਂ ਮੰਗਾਂ ਨਹੀਂ ਮਨ ਸਕਦੀ ਤਾਂ ਕਿਸਾਨ ਅੱਗ ਲਾਉਣ ਲਈ ਮਜਬੂਰ ਹੋਣਗੇ। ਧਰਨੇ ਦੌਰਾਨ ਕਿਸਾਨਾਂ ਨੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਾਏ। ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਨੇ ਕਿਹਾ ਕਿ ਸਾਡੀ ਲਡ਼ਾਈ ਸਮਾਜ ਨਾਲ ਨਹੀਂ, ਸਾਡੀ ਕਿਸਾਨੀ ਮੰਗਾਂ ਸਬੰਧੀ ਸਰਕਾਰ ਨਾਲ ਲਡ਼ਾਈ ਹੈ।  ਅਸੀਂ ਇਕੱਠ ਕਰ ਕੇ ਕੋਈ ਜ਼ਿੱਦ ਨਹੀਂ ਪੁਗਾ ਰਹੇ, ਸਗੋਂ ਪਰਾਲੀ ਦੀ ਸਮੱਸਿਆ ਦਾ ਪੱਕਾ ਹੱਲ ਕਰਨ ਲਈ ਅੰਦੋਲਨ ਕਰ ਰਹੇ ਹਾਂ।  ਅੱਜ ਦੇ ਇਕੱਠ ਨੂੰ ਦੇਖ ਕੇ ਸਵੇਰੇ ਤੋਂ ਹੀ ਜ਼ਿਲਾ ਪ੍ਰਸ਼ਾਸਨ ਦੇ ਹੱਥ-ਪੈਰ ਫੁੱਲੇ ਰਹੇ ਅਤੇ ਅਧਿਕਾਰੀ 3:00 ਵਜੇ ਤੱਕ ਹੁਣੇ ਆਉਂਦੇ ਹਾਂ, ਦੇ ਲਾਰੇ ਲਾਉਂਦੇ ਰਹੇ। ਜਦੋਂ ਫਿਰ ਵੀ ਕੋਈ ਨਾ ਆਇਆ ਤਾਂ ਸੂਬਾ ਪ੍ਰਧਾਨ ਨੇ 20 ਮਿੰਟ ਦਾ ਸਮਾਂ ਦੇ ਕੇ ਸਖਤ ਫੈਸਲਾ ਲੈਣ ਦਾ ਐਲਾਨ ਕਰ ਦਿੱਤਾ। ਇਸ ’ਤੇ ਤਹਿਸੀਲਦਾਰ ਫਰੀਦਕੋਟ ਰਾਕੇਸ਼ ਜੈਨ ਅਤੇ ਐੱਸ. ਡੀ. ਐੱਮ. ਪਰਮਦੀਪ ਸਿੰਘ ਵੀ ਪੁੱਜੇ ਪਰ ਖਬਰ ਲਿਖੇ ਜਾਣ ਤੱਕ ਪਾਣੀ ਵਿਚ ਮਧਾਣੀ ਚੱਲ ਰਹੀ ਸੀ ਅਤੇ ਕੋਈ ਸਾਰਥਕ ਹੱਲ ਨਹੀਂ ਨਿਕਲਿਆ ਸੀ। 
ਇਸ ਮੌਕੇ ਬਲਜਿੰਦਰ ਸਿੰਘ ਧਾਲੀਵਾਲ ਸਾਬਕਾ ਚੇਅਰਮੈਨ, ਨਿਰਮਲ ਸਿੰਘ ਮਰਾਡ਼੍ਹ, ਗੁਰਜੰਟ ਸਿੰਘ ਬਰਾਡ਼ ਘੁੱਦੂਵਾਲਾ, ਬਖਤੌਰ ਸਿੰਘ ਸਾਦਿਕ, ਗੁਰਾਂਦਿੱਤਾ ਸਿੰਘ, ਨਿਰਮਲ ਸਿੰਘ, ਸੁਖਮੰਦਰ ਸਿੰਘ, ਚਰਨਜੀਤ ਸਿੰਘ, ਬਲਜਿੰਦਰ ਸਿੰਘ, ਹਰਜਿੰਦਰ ਸਿੰਘ, ਸੁਰਿੰਦਰ ਸਿੰਘ, ਮੇਜਰ ਸਿੰਘ, ਤੋਤਾ ਸਿੰਘ ਜੰਡਵਾਲਾ, ਰਣਜੀਤ ਸਿੰਘ, ਨਿਰਮਲ ਸਿੰਘ, ਜਗਸੀਰ ਸਿੰਘ, ਗੁਰਮੀਤ ਸਿੰਘ, ਮਨਦੀਪ ਸਿੰਘ ਆਦਿ ਹਾਜ਼ਰ ਸਨ।