ਮਾੜੇ ਖਰੀਦ ਪ੍ਰਬੰਧਾਂ ਤੋਂ ਦੁਖੀ ਕਿਸਾਨਾਂ ਨੇ ਦਿੱਤਾ ਧਰਨਾ, ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

04/17/2021 1:23:44 PM

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਨੇੜਲੇ ਪਿੰਡ ਘਰਾਚੋਂ ਵਿਖੇ ਅੱਜ ਅਨਾਜ ਮੰਡੀਆਂ ’ਚ ਕਣਕ ਦੀ ਖਰੀਦ ਦੇ ਮਾੜੇ ਪ੍ਰਬੰਧਾਂ ਤੋਂ ਦੁਖੀ ਕਿਸਾਨਾਂ ਨੇ ਅਨਾਜ ਮੰਡੀ ਨੇੜੇ ਪਿੰਡ ’ਚੋਂ ਲੰਘਦੀ ਭਵਾਨੀਗੜ੍ਹ-ਸੁਨਾਮ ਮੁੱਖ ਸੜਕ ਉਪਰ ਆਵਾਜਾਈ ਠੱਪ ਕਰ ਕੇ ਰੋਸ ਧਰਨਾ ਦਿੰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।ਇਸ ਮੌਕੇ ਆਪਣੇ ਸੰਬੋਧਨ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਮਨਜੀਤ ਸਿੰਘ ਘਰਾਚੋਂ, ਹਰਜਿੰਦਰ ਸਿੰਘ ਘਰਾਚੋਂ, ਹਰਜੀਤ ਸਿੰਘ ਮਹਿਲਾ, ਗੁਰਜੰਟ ਸਿੰਘ ਨਾਗਰਾ, ਰਘਵੀਰ ਸਿੰਘ ਮੀਤ ਪ੍ਰਧਾਨ ਪਿੰਡ ਇਕਾਈ, ਚਮਕੌਰ ਸਿੰਘ ਮਹਿਲਾ ਤਰਕਸ਼ੀਲ ਆਗੂ, ਕਮਸ਼ੀਰ ਸਿੰਘ ਆਲੋਅਰਖ, ਜੋਗਿੰਦਰ ਸਿੰਘ ਆਲੋਅਰਖ ਅਤੇ ਸੰਦੀਪ ਘੁੰਮਣ ਸਮੇਤ ਹੋਈ ਕਈ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੰਡੀਆਂ ’ਚ ਕਣਕ ਦੀ ਖਰੀਦ ਦੇ ਪ੍ਰਬੰਧਾਂ ਦੇ ਦਾਅਵੇ ਬਿਲਕੁਲ ਹੀ ਖੋਖਲੇ ਅਤੇ ਬੇਬੁਨਿਆਦ ਸਿੱਧ ਹੋ ਰਹੇ ਹਨ।

PunjabKesari

ਉਨ੍ਹਾਂ ਕਿਹਾ ਕਿ ਮੰਡੀਆਂ ’ਚ ਬਾਰਦਾਨੇ ਦੀ ਘਾਟ ਅਤੇ ਕਣਕ ਦੀਆਂ ਬੋਰੀਆਂ ਦੀ ਲਿਫਟਿੰਗ ਨਾ ਹੋਣ ਕਾਰਨ ਕਣਕ ਦੀ ਫ਼ਸਲ ਮੰਡੀਆਂ ’ਚ ਰੁਲਣ ਕਾਰਨ ਕਿਸਾਨਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ ਅਤੇ ਹੁਣ ਮੰਡੀਆਂ ’ਚ ਫ਼ਸਲ ਸੁੱਟਣ ਲਈ ਜਗ੍ਹਾ ਨਾ ਹੋਣ ਕਾਰਨ ਕਿਸਾਨਾਂ ਨੂੰ ਆਪਣੀ ਕਣਕ ਘਰਾਂ ’ਚ ਸੁੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਜਾਣਬੁੱਝ ਕੇ ਆਪਸੀ ਮਿਲੀਭੁਗਤ ਤਹਿਤ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਇਹ ਚਾਲਾਂ ਚੱਲੀਆਂ ਜਾ ਰਹੀਆਂ ਹਨ। ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਜਾਣਬੁੱਝ ਕੇ ਮੰਡੀਆਂ ’ਚ ਹੀ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਸਰਕਾਰਾਂ ਨੇ ਪਹਿਲਾਂ ਹੀ ਆੜ੍ਹਤੀਆਂ ਨਾਲ ਮੀਟਿੰਗਾਂ ਕਰਨ ਦੇ ਬਹਾਨੇ ਬਣਾ ਕੇ ਮੰਡੀਆਂ ’ਚ ਕਣਕ ਦੀ ਖਰੀਦ ਬਹੁਤ ਦੇਰੀ ਨਾਲ ਸ਼ੁਰੂ ਕੀਤੀ ਅਤੇ ਹੁਣ ਬਾਰਦਾਨੇ ਦੀ ਘਾਟ ਦੀ ਸਮੱਸਿਆ ਪੈਦਾ ਕਰ ਕੇ ਤੇ ਮੰਡੀਆਂ ’ਚ ਭਰੀਆਂ ਪਈਆਂ ਕਣਕ ਦੀਆਂ ਬੋਰੀਆਂ ਦੀ ਲਿਫਟਿੰਗ ਨਾ ਕਰਕੇ ਜਾਣਬੁੱਝ ਕੇ ਹੀ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

PunjabKesari

ਕਿਸਾਨਾਂ ਨੇ ਕਿਹਾ ਕਿ ਮੌਸਮ ਦੇ ਵਿਗੜ ਰਹੇ ਮਿਜਾਜ਼ ਕਾਰਨ ਕਿਸਾਨਾਂ ’ਚ ਫ਼ਸਲ ਖਰਾਬ ਹੋਣ ਦੀ ਚਿੰਤਾ ਕਾਫੀ ਵਧ ਗਈ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਮੰਡੀਆਂ ’ਚ ਬਾਰਦਾਨੇ ਦੇ ਉਚੇਚੇ ਪ੍ਰਬੰਧ ਕਰਨ ਦੇ ਨਾਲ-ਨਾਲ ਮਾਲ ਦੀ ਲਿਫਟਿੰਗ ਤੇਜ਼ੀ ਨਾਲ ਸ਼ੁਰੂ ਨਾ ਕਰਵਾਈ ਅਤੇ ਖਰੀਦ ਦੇ ਹੋਰ ਉਚੇਚੇ ਪ੍ਰਬੰਧ ਨਾ ਕੀਤੇ ਤਾਂ ਕਿਸਾਨਾਂ ਵੱਲੋਂ ਇਸ ਸੰਘਰਸ਼ ਨੂੰ ਵੀ ਹੋਰ ਤਿੱਖਾ ਅਤੇ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਪਹੁੰਚੇ ਸਥਾਨਕ ਥਾਣਾ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਸੰਧੂ ਅਤੇ ਪੁਲਸ ਚੈੱਕ ਪੋਸਟ ਘਰਾਚੋਂ ਦੇ ਇੰਚਾਰਜ ਸਬ-ਇੰਸਪੈਕਟਰ ਕ੍ਰਿਪਾਲ ਸਿੰਘ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਪਰ ਕਿਸਾਨ ਇਸੇ ਗੱਲ ਉਪਰ ਅੜੇ ਹੋਏ ਸਨ ਕਿ ਜਦੋਂ ਤੱਕ ਮੰਡੀ ’ਚ ਪ੍ਰਬੰਧ ਪੁਖਤਾ ਨਹੀਂ ਹੁੰਦੇ, ਇਥੇ ਆਵਾਜਾਈ ਠੱਪ ਹੀ ਰੱਖੀ ਜਾਵੇਗੀ।


Anuradha

Content Editor

Related News