ਮਾਮਲਾ ਐੱਮ. ਐੱਸ. ਪੀ. ਤੇ ਮੂੰਗੀ ਦੀ ਫਸਲ ਨਾ ਵਿਕਣ ਦਾ, ਕਿਸਾਨਾਂ ਨੇ ''ਆਪ'' ਵਿਧਾਇਕ ਦੀ ਕੋਠੀ ਬਾਹਰ ਦਿੱਤਾ ਧਰਨਾ

06/14/2022 5:16:04 PM

ਸੁਨਾਮ ਊਧਮ ਸਿੰਘ ਵਾਲਾ (ਬਾਂਸਲ) : ਅਨਾਜ ਮੰਡੀ ’ਚ ਕਾਫ਼ੀ ਦਿਨਾਂ ਤੋਂ ਮੂੰਗੀ ਦੀ ਫ਼ਸਲ ਐੱਮ.ਐੱਸ.ਪੀ. ’ਤੇ ਵਿਕਰੀ ਨਾ ਹੋਣ ਸਬੰਧੀ ਬੀਤੇ ਦਿਨੀਂ ਕਿਸਾਨਾਂ ਵੱਲੋਂ ਵਿਧਾਇਕ ਅਮਨ ਅਰੋੜਾ ਦੀ ਕੋਠੀ ਦੇ ਬਾਹਰ ਧਰਨਾ ਲਾ ਕੇ ਰੋਡ ਜਾਮ ਕੀਤਾ ਗਿਆ। ਇਸ ਮੌਕੇ ਕਿਸਾਨ ਜਸਵੰਤ ਸਿੰਘ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਮੂੰਗੀ ਦੀ ਫਸਲ ’ਤੇ ਸਰਕਾਰ ਵੱਲੋਂ ਐੱਮ.ਐੱਸ.ਪੀ. ਕਿਹਾ ਗਿਆ ਸੀ ਪਰ ਇਹ ਕਿਸਾਨਾਂ ਨਾਲ ਮਜ਼ਾਕ ਕੀਤਾ ਗਿਆ। ਉਨ੍ਹਾਂ ਦੀ ਫਸਲ ਕੋਈ ਐੱਮ.ਐੱਸ.ਪੀ. ਰਾਹੀਂ ਨਹੀਂ ਵਿਕ ਰਹੀ ਜਿਸ ਸਬੰਧੀ ਪ੍ਰੇਸ਼ਾਨ ਹੋ ਕੇ ਉਹ ਵਿਧਾਇਕ ਦੀ ਕੋਠੀ ਦੇ ਬਾਹਰ ਧਰਨਾ ਲਗਾਈ ਖੜ੍ਹੇ ਹਨ। ਉਨ੍ਹਾਂ ਕਿਹਾ ਕਿ 7,275 ਰੁਪਏ ਐੱਮ.ਐੱਸ.ਪੀ. ਤੈਅ ਹੋਈ ਸੀ ਪਰ ਕੋਈ 5,000 ਰੁਪਏ ਵੀ ਨਹੀਂ ਚੁੱਕ ਰਿਹਾ। ਸਰਕਾਰ ਜਾਂ ਤਾਂ ਇਸ ਨੂੰ ਪ੍ਰਾਈਵੇਟ ਕਰੇ ਜਾਂ ਐੱਮ.ਐੱਸ.ਪੀ. ’ਤੇ ਇਸ ਦੀ ਬੋਲੀ ਕਰਵਾਏ ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ।

ਇਹ ਵੀ ਪੜ੍ਹੋ- ਜ਼ਿਮਨੀ ਚੋਣ ਅਖਾੜਾ ਭਖਿਆ ਪਰ ਪੰਜਾਬ ਦੇ 4 ਸਾਬਕਾ ਮੁੱਖ ਮੰਤਰੀ ਸੰਗਰੂਰ ਤੋਂ ਦੂਰ

ਉਥੇ ਹੀ ਧਰਨੇ ’ਤੇ ਫੂਡ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਸਮੇਤ ਵਿਧਾਇਕ ਅਮਨ ਅਰੋੜਾ ਕਿਸਾਨਾਂ ਨੂੰ ਮਿਲਣ ਲਈ ਧਰਨੇ ’ਚ ਪੁੱਜੇ ਅਤੇ ਬੜੀ ਨਿਮਰਤਾ ਅਤੇ ਭਰੋਸਾ ਦੇਣ ਤੋਂ ਬਾਅਦ ਕਿਸਾਨਾਂ ਵੱਲੋਂ ਇਹ ਧਰਨਾ ਚੁੱਕਿਆ ਗਿਆ । ਇਸ ਮੌਕੇ ਲਾਲ ਚੰਦ ਕਟਾਰੂ ਚੱਕ ਨੇ ਕਿਹਾ ਕਿ ਮੂੰਗੀ ਦੀ ਫ਼ਸਲ ’ਤੇ ਪਹਿਲੀ ਵਾਰ ਪੰਜਾਬ ’ਚ ਸਰਕਾਰ ਵੱਲੋਂ ਐੱਮ.ਐੱਸ.ਪੀ. ਦਾ ਇਤਿਹਾਸਕ ਫ਼ੈਸਲਾ ਦਿੱਤਾ ਗਿਆ ਹੈ ਇਸ ਦੇ ਘੇਰੇ ’ਚ ਜਿਹੜੀ ਵੀ ਫ਼ਸਲ ਆ ਰਹੀ ਹੈ ਉਹ ਐੱਮ.ਐੱਸ.ਪੀ. ’ਤੇ ਚੁੱਕੀ ਜਾ ਰਹੀ ਹੈ ਪਰ ਜਿਹੜੀ ਦੂਜੀ ਫ਼ਸਲ ਹੈ ਉਸਦੇ ਲਈ ਕੱਲ੍ਹ ਦੀ ਛੁੱਟੀ ਤੋਂ ਬਾਅਦ ਪਰਸੋਂ ਤੋਂ ਨੋਟੀਫਿਕੇਸ਼ਨ ਆ ਜਾਵੇਗਾ। ਇਸ ਮੌਕੇ ਐੱਸ.ਡੀ.ਐੱਮ. ਜਸਪ੍ਰੀਤ ਸਿੰਘ ਅਤੇ ਤਹਿਸੀਲਦਾਰ ਕੁਲਦੀਪ ਸਿੰਘ ਆਦਿ ਵੀ ਮੌਜੂਦ ਸੀ।

ਇਹ ਵੀ ਪੜ੍ਹੋ- ਬੇਰੁਜ਼ਗਾਰੀ ਤੋਂ ਪਰੇਸ਼ਾਨ 19 ਸਾਲਾ ਗੱਭਰੂ ਨੇ ਗਲ ਲਾਈ ਮੌਤ

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


Anuradha

Content Editor

Related News