ਕਣਕ ਦੀ ਸਿੱਧੀ ਅਦਾਇਗੀ ਕਰਨ ਦੇ ਫੈਸਲੇ ਵਿਰੁੱਧ ਕਿਸਾਨਾਂ ਅਤੇ ਆੜ੍ਹਤੀਆਂ ਨੇ SDM ਦਫ਼ਤਰ ਵਿਖੇ ਦਿੱਤਾ ਧਰਨਾ

03/19/2021 8:06:19 PM

ਭਵਾਨੀਗੜ੍ਹ (ਕਾਂਸਲ) - ਸਥਾਨਕ ਇਲਾਕੇ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਜਿਸ ’ਚ ਬੀ.ਕੇ.ਯੂ ਰਾਜੇਵਾਲ, ਬੀ.ਕੇ.ਯੂ ਏਕਤਾ ਸਿੱਧੂਪੁਰ ਅਤੇ ਆੜ੍ਹਤੀਆਂ ਐਸੋਸੀਏਸ਼ਨ ਸ਼ਾਮਿਲ ਸਨ, ਵੱਲੋਂ ਅੱਜ ਸੰਯੁਕਤ ਮੋਰਚੇ ਦੇ ਸੱਦੇ ਉਪਰ ਕੇਂਦਰੀ ਫੂਡ ਖਰੀਦ ਏਜੰਸੀ ਐਫ.ਸੀ.ਆਈ ਵੱਲੋਂ ਕਿਸਾਨਾਂ ਨੂੰ ਕਣਕ ਦੀ ਫ਼ਸਲ ਦੀ ਸਿੱਧੀ ਅਦਾਇਗੀ ਕਰਨ ਦੇ ਜਾਰੀ ਕੀਤੇ ਫੈਸਲੇ ਨੂੰ ਕੇਂਦਰ ਸਰਕਾਰ ਦਾ ਇਕ ਹੋਰ ਨਾਦਰਸ਼ਾਹੀ ਅਤੇ ਕਿਸਾਨ ਵਿਰੋਧੀ ਫਰਮਾਨ ਕਰਾਰ ਦਿੰਦਿਆਂ ਇਸ ਦੇ ਵਿਰੋਧ ’ਚ ਸਥਾਨਕ ਐਸ.ਡੀ.ਐਮ ਦਫ਼ਤਰ ਵਿਖੇ ਰੋਸ਼ ਧਰਨਾ ਦਿੰਦਿਆਂ ਕੇਂਦਰ ਸਰਕਾਰ ਅਤੇ ਐਫ.ਸੀ.ਆਈ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਆਪਣੇ ਸੰਬੋਧਨ ’ਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਰਾਜੇਵਾਲ ਅਤੇ ਕਰਨੈਲ ਸਿੰਘ ਕਾਕੜਾ ਬਲਾਕ ਪ੍ਰਧਾਨ ਸਿੱਧੂਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ’ਚੋਂ ਮੰਡੀ ਬੋਰਡ ਦਾ ਖਾਤਮਾ ਕਰਨ 'ਤੇ ਤੁਲੀ ਹੋਈ ਅਤੇ ਆਪਣੇ ਇਨ੍ਹਾਂ ਨਪਾਕ ਇਰਾਦਿਆਂ ਨੂੰ ਕਾਮਯਾਬ ਕਰਨ ਲਈ ਆਏ ਦਿਨ ਨਵੀਆਂ-ਨਵੀਆਂ ਚਾਲਾਂ ਦਾ ਸਹਾਰਾਂ ਲੈ ਰਹੀ ਹੈ। ਜਿਸ ਦੇ ਤਹਿਤ ਹੀ ਹੁਣ ਕੇਂਦਰ ਸਰਕਾਰ ਕਣਕ ਦੀ ਫ਼ਸਲ ਦੀ ਸਿੱਧੀ ਅਦਾਇਗੀ ਕਿਸਾਨਾਂ ਦੇ ਬੈਂਕ ਖਾਤਿਆਂ ’ਚ ਪਾਉਣ ਦਾ ਨਵਾਂ ਕਾਨੂੰਨ ਜਾਰੀ ਕਰਕੇ ਇਸ ਦੀ ਆੜ ਹੇਠ ਆੜ੍ਹਤੀਆਂ ਅਤੇ ਕਿਸਾਨਾਂ ਦੇ 50 ਸਾਲਾਂ ਦੇ ਨੌਂਹ ਮਾਸ ਦੇ ਰਿਸ਼ਤੇ ਨੂੰ ਤਾਰ-ਤਾਰ ਕਰਨ ਜਾ ਰਹੀ ਹੈ। ਜਿਸ ਨੂੰ ਅਸੀਂ ਕਿਸੇ ਵੀ ਕੀਮਤ 'ਤੇ ਕਾਬੂਲ ਨਹੀਂ ਕਰਾਂਗੇ। ਉਨ੍ਹਾਂ ਮੰਗ ਕੀਤੀ ਕਿ ਪਿਛਲੇ 50 ਸਾਲਾਂ ਤੋਂ ਮੰਡੀਆਂ ’ਚ ਜਿਵੇ ਕਿਸਾਨ ਆੜ੍ਹਤੀਆਂ ਰਾਹੀਂ ਆਪਣੀ ਫ਼ਸਲ ਵੇਚ ਕੇ ਆੜ੍ਹਤੀਆਂ ਰਾਹੀ ਹੀ ਆਪਣੀ ਅਦਾਇਗੀ ਲੈ ਰਹੇ ਹਨ ਉਸ ਤਰ੍ਹਾਂ ਹੀ ਇਸ ਸਿਸਟਮ ਨੂੰ ਜਾਰੀ ਰੱਖਿਆ ਜਾਵੇ ਕਿਸਾਨ ਕਿਸੇ ਵੀ ਕਿਮਤ 'ਤੇ ਆਪਣੀ ਜ਼ਮੀਨ ਦੀਆਂ ਫ਼ਰਦਾਂ ਸਰਕਾਰ ਨੂੰ ਨਹੀਂ ਦੇਣਗੇ ਅਤੇ ਨਾ ਹੀ ਸਰਕਾਰ ਦੇ ਇਨ੍ਹਾਂ ਨਾਦਰਸ਼ਾਹੀ ਫਰਮਾਨਾਂ ਦੀ ਪਾਲਣਾ ਕਰਨਗੇ। ਉਲਟਾਂ ਕਿਸਾਨਾਂ ਵੱਲੋਂ ਇਸ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਸਥਾਨਕ ਨਾਇਬ ਤਹਿਸੀਲਦਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਮ ਇਕ ਮੰਗ ਪੱਤਰ ਦੀ ਕਾਪੀ ਵੀ ਸੌਪੀ।

ਇਸ ਮੌਕੇ ’ਤੇ ਆੜ੍ਹਤੀਆ ਐਸੋ: ਦੇ ਪ੍ਰਧਾਨ ਸੁਖਵੀਰ ਸਿੰਘ ਸੁੱਖੀ ਕਪਿਆਲ, ਕਸ਼ਮੀਰ ਸਿੰਘ ਘਰਾਚੋਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਕਰਨੈਲ ਸਿੰਘ ਕਾਕੜਾ ਬਲਾਕ ਪ੍ਰਧਾਨ ਸਿੱਧੂਪੁਰ, ਦਰਬਾਰਾ ਸਿੰਘ ਨਾਗਰਾ, ਜਗਦੇਵ ਸਿੰਘ ਘਰਾਚੋਂ, ਕੁਲਵਿੰਦਰ ਸਿੰਘ ਮਾਝਾ, ਕਰਮ ਸਿੰਘ ਮਾਝਾ, ਕੁਲਜੀਤ ਸਿੰਘ ਨਾਗਰਾ, ਆੜ੍ਹਤੀਆਂ ਐਸੋ: ਵਲੋਂ ਅਜੈਬ ਸਿੰਘ ਗਹਿਲਾਂ, ਤਰਸੇਮ ਸਿੰਘ, ਰਛਪਾਲ ਸਿੰਘ, ਬਲਵਿੰਦਰ ਸਿੰਘ, ਪ੍ਰਮੋਦ ਮਿੱਤਲ ਤੋਂ ਇਲਾਵਾ ਹੋਰ ਕਿਸਾਨ ਆਗੂ ਹਾਜ਼ਰ ਸਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


Inder Prajapati

Content Editor

Related News