ਖਰੀਦ ਸਬੰਧੀ ਆ ਰਹੀਅਾਂ ਮੁਸ਼ਕਿਲਾਂ ਤੋਂ ਭਡ਼ਕੇ ਕਿਸਾਨ

10/13/2018 2:51:50 AM

ਮਲੋਟ, (ਜੁਨੇਜਾ)- ਅਨਾਜ ਮੰਡੀ ਵਿਚ ਪ੍ਰਾਈਵੇਟ ਫਰਮਾਂ ਵਲੋਂ ਨਰਮੇ ਦੀ ਖਰੀਦ ਕਰਨ ਮੌਕੇ ਜਮਾਏ ਏਕਾ ਅਧਿਕਾਰ ਕਾਰਨ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਅੱਜ ਖਰੀਦ ਨਾ ਹੋਣ ਤੋਂ ਭਡ਼ਕੇ ਕਿਸਾਨਾਂ ਨੇ ਕੌਮੀ ਸ਼ਾਮ ਮਾਰਗ 9 ਅਤੇ 15 ’ਤੇ ਬਠਿੰਡਾ ਚੌਕ ਵਿਚ ਜਾਮ ਲਾ ਦਿੱਤਾ। ਕਿਸਾਨਾਂ ਨੇ ਨਰਮੇ ਨਾਲ ਭਰੀਆਂ ਟਰਾਲੀਆਂ ਸਡ਼ਕ ’ਤੇ ਖਡ਼੍ਹੀਆਂ ਕਰ ਕੇ ਆਵਾਜਾਈ ਬੰਦ ਕਰ ਦਿੱਤੀ।ਇਸ ਮੌਕੇ ਦਲਜੀਤ ਸਿੰਘ ਈਨਾਖੇਡ਼ਾ, ਮਨਜਿੰਦਰ ਸਿੰਘ ਸ਼ਾਮਖੇਡ਼ਾ, ਗੁਰਤੇਜ ਸਿੰਘ ਭੀਟੀਵਾਲਾ, ਹਰਪਾਲ ਸਿੰਘ ਈਨਾਖੇਡ਼ਾ ਅਤੇ ਪਰਮਿੰਦਰ ਸਿੰਘ ਕੱਖਾਂਵਾਲੀ ਸਮੇਤ ਕਿਸਾਨਾਂ ਨੇ ਦੋਸ਼ ਲਾਇਆ ਕਿ ਪ੍ਰਾਈਵੇਟ ਫੈਕਟਰੀ ਮਾਲਕਾਂ ਵਲੋਂ ਖਰੀਦ ਕਰਨ ਮੌਕੇ ਐੱਮ. ਐੱਸ. ਪੀ. ਤੋਂ ਵੀ ਥੱਲੇ ਜਾ ਕੇ ਰੇਟ ਦੇਣ ਅਤੇ ਮਾਰਕੀਟ ਕਮੇਟੀ ਦੇ ਸੈਕਟਰੀ ਵਲੋਂ ਸੁਣਵਾਈ ਨਾ ਕਰਨ ਕਰ ਕੇ ਕਿਸਾਨਾਂ ਨੂੰ ਮੰਡੀ ਵਿਚ ਖੱਜਲ ਹੋਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਅੱਜ ਆਡ਼੍ਹਤੀਆਂ ਦੀ ਹਡ਼ਤਾਲ ਕਰ ਕੇ ਬੋਲੀ ਨਹੀਂ ਲੱਗੀ ਅਤੇ ਉਨ੍ਹਾਂ ਨੂੰ ਆਉਣ ਜਾਣ ਦੇ ਕਿਰਾਏ ਤੋਂ ਬਿਨਾਂ ਦਿਹਾਡ਼ੀ ਪੈ ਗਈ ਹੈ।ਕਿਸਾਨਾਂ ਦਾ ਕਹਿਣਾ ਸੀ ਕਿ ਇਕ ਪਾਸੇ ਸਰਕਾਰ ਫਸਲੀ ਵਿਭਿੰਨਤਾ ਵਿਚੋਂ ਬਾਹਰ ਆਉਣ ਅਤੇ ਝੋਨੇ ਦੀ ਪਰਾਲੀ ਨਾ ਸਾਡ਼ਨ ਲਈ ਕਿਸਾਨਾਂ ਨੂੰ ਅਪੀਲ ਕਰ ਰਹੀ ਹੈ ਦੂਜੇ ਪਾਸੇ ਝੋਨੇ ਦੇ ਬਦਲ ਵਜੋਂ ਬੀਜੇ ਨਰਮੇ ਦੀ ਖਰੀਦ ਨੂੰ ਲੈ ਕੇ ਸਰਕਾਰ ਕੋਲ ਕੋਈ ਠੋਸ ਨੀਤੀ ਨਹੀਂ, ਜਿਸ ਕਰ ਕੇ ਕਿਸਾਨ ਭਾਰੀ ਪ੍ਰੇਸ਼ਾਨੀ ’ਚੋਂ ਲੰਘ ਰਿਹਾ ਹੈ। ਉਧਰ ਕਿਸਾਨਾਂ ਵਲੋਂ ਲਾਏ ਜਾਮ ਕਾਰਨ ਹੋਰ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਮੁਸ਼ਕਲ ਵਿਚੋਂ ਕੱਢਣ ਲਈ ਸਿਟੀ ਪੁਲਸ ਦੇ ਐੱਸ. ਐੱਸ. ਓ. ਸੁਖਜੀਤ ਸਿੰਘ ਨੇ ਮੌਕੇ ’ਤੇ ਪੁੱਜ ਕੇ ਟਰੈਫਿਕ ਦੇ ਬਦਲਵੇਂ ਪ੍ਰਬੰਧ ਕੀਤੇ ਅਤੇ ਕਿਸਾਨਾਂ ਨਾਲ ਐੱਸ. ਡੀ. ਐੱਮ. ਦੀ ਮੀਟਿੰਗ ਕਰਵਾਈ ਜਿਸ ਤੋਂ ਬਾਅਦ ਜਾਮ ਖੋਲ੍ਹਿਆ ਗਿਆ। 
‘ਕੇਂਦਰ ਸਰਕਰ ਆਡ਼੍ਹਤੀਆਂ ਤੇ ਕਿਸਾਨਾਂ ਵਿਚਕਾਰ ਤਰੇਡ਼ ਪਾਉਣਾ ਚਾਹੁੰਦੀ’ 
ਉਧਰ, ਕੇਂਦਰ ਸਰਕਾਰ ਵੱਲੋਂ ਨਰਮੇ ਦੀ ਸਿੱਧੀ ਖਰੀਦ ਭਾਰਤੀ ਕਪਾਹ ਨਿਗਮ ਪਾਸੋਂ ਕਰਵਾਉਣ ਦੇ ਰੋਸ ਵਿਚ ਆਡ਼੍ਹਤੀਆਂ ਫੈੱਡਰੇਸ਼ਨ ਪੰਜਾਬ ਦੇ ਸੱਦੇ ’ਤੇ ਮਲੋਟ ਦੇ ਸਮੂਹ ਆਡ਼੍ਹਤੀਆਂ ਵਲੋਂ ਵੀ ਹਡ਼ਤਾਲ ਕੀਤੀ ਗਈ। ਇਸ ਮੌਕੇ ਆਡ਼੍ਹਤੀਆਂ ਐਸੋ. ਮਲੋਟ ਦੇ ਪ੍ਰਧਾਨ ਰਮੇਸ਼ ਜੁਨੇਜਾ, ਸੂਬਾ ਸਕੱਤਰ ਜਸਬੀਰ ਸਿੰਘ ਕੁੱਕੀ, ਸੀ. ਮੀਤ ਪ੍ਰਧਾਨ ਵਰਿੰਦਰ ਮੱਕਡ਼ ਨੇ ਕਿਹਾ ਕੇਂਦਰ ਸਰਕਾਰ ਸੀ. ਸੀ. ਆਈ. ਰਾਹੀਂ ਕਿਸਾਨਾਂ ਤੋਂ ਸਿੱਧੀ ਖਰੀਦ ਕਰਵਾ ਕੇ ਆਡ਼੍ਹਤੀਆਂ ਅਤੇ ਕਿਸਾਨਾਂ ਵਿਚਕਾਰ ਤਰੇਡ਼ ਪਾਉਣਾ ਚਾਹੁੰਦੀ ਹੈ, ਇਸ ਲਈ ਉਹ ਨਰਮੇ ਦੀ ਸੀ. ਸੀ. ਆਈ. ਰਾਹੀਂ ਖਰੀਦ ਦਾ ਵਿਰੋਧ ਕਰਨਗੇ। ਉਧਰ ਵੱਖ-ਵੱਖ ਪਿੰਡਾਂ ਤੋਂ ਨਰਮਾ ਲੈ ਕੇ ਆਏ ਕਿਸਾਨਾਂ ਵਲੋਂ ਆਡ਼੍ਹਤੀਆਂ ਦੀ ਹਮਾਇਤ ਦਾ ਐਲਾਨ ਕਰ ਕੇ ਨਰਮਾ ਵਾਪਸ ਲੈ ਜਾਣ ਦਾ ਫੈਸਲਾ ਕੀਤਾ। ਇਸ ਦੀ ਪੁਸ਼ਟੀ ਕਰਦਿਆਂ ਕਿਸਾਨ ਆਗੂ ਸੁਖਵੀਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਲੈ ਕੇ ਆਪਣਾ ਰੋਸ ਜਿਤਾਉਣਗੇ ਪਰ ਆਡ਼੍ਹਤੀਆਂ ਦੀ ਹਮਾਇਤ ਕਰਦੇ ਹਨ। 
PunjabKesari
ਅਾੜ੍ਹਤੀਅਾਂ ਵਲੋਂ ਇਕ ਰੋਜ਼ਾ ਹੜਤਾਲ
ਗਿੱਦਡ਼ਬਾਹਾ, (ਕੁਲਭੂਸ਼ਨ)- ਫੈੱਡਰੇਸ਼ਨ ਆਫ ਆਡ਼੍ਹਤੀਆ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਸੀ. ਸੀ. ਆਈ. ਵਲੋਂ ਨਰਮੇ ਦੀ ਸਿੱਧੀ ਖਰੀਦ ਕਰਨ ਦੇ ਫੈਸਲੇ ਦੇ ਵਿਰੋਧ ’ਚ ਅੱਜ ਆਡ਼੍ਹਤੀਆ ਐਸੋਸੀਏਸ਼ਨ ਗਿੱਦਡ਼ਬਾਹਾ ਵਲੋਂ ਨਵੀਂ ਅਨਾਜ ਮੰਡੀ ’ਚ ਝੋਨੇ ਦੀ ਬੋਲੀ ’ਤੇ ਨਾ ਜਾ ਕੇ ਹਡ਼ਤਾਲ ਕੀਤੀ ਗਈ ਅਤੇ ਆਪਣੀਆਂ ਮੰਗਾਂ ਸਬੰਧੀ ਐੱਸ. ਡੀ. ਐੱਮ. ਗਿੱਦਡ਼ਬਾਹਾ ਦੇ ਨਾਂ ਇਕ ਮੰਗ-ਪੱਤਰ ਨਾਇਬ ਤਹਿਸੀਲਦਾਰ  ਚਰਨਜੀਤ ਕੌਰ ਨੂੰ ਸੌਂਪਿਆ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਮੋਹਣ ਭੋਲਾ ਅਤੇ ਸਕੱਤਰ ਅਸ਼ੋਕ ਜੈਨ ਨੇ ਕੇਂਦਰ ਸਰਕਾਰ ਅਤੇ ਸੀ. ਸੀ. ਆਈ. ਵਲੋਂ ਨਰਮੇ ਦੀ ਸਿੱਧੀ ਖਰੀਦ ਕਰਨ ਦਾ ਫੈਸਲਾ ਜਿੱਥੇ ਆਡ਼੍ਹਤੀਆਂ ਵਰਗ ਦਾ ਵਿਰੋਧੀ ਹੈ, ਉੱਥੇ ਹੀ ਕਿਸਾਨਾਂ ਅਤੇ ਮਜ਼ਦੂਰਾਂ ਲਈ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਹੋਰਨਾਂ ਰਾਜਾਂ ਦੀ ਤਰਜ਼ ’ਤੇ ਕੇਂਦਰ ਸਰਕਾਰ ਵਲੋਂ ਪੰਜਾਬ ਅੰਦਰ ਆਡ਼੍ਹਤੀਆ ਵਰਗ ਨੂੰ ਬੇਰੋਜ਼ਗਾਰ ਕਰਨ ਦੇ ਨਾਲ-ਨਾਲ ਕਿਸਾਨਾਂ ਦੀ ਆਰਥਿਕ ਲੁੱਟ ਕਰਨ ਲਈ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਲੁੱਟ ਕਰਨ ਦਾ ਰਾਹ ਪੱਧਰਾ ਕਰ ਰਹੀ ਹੈ ਜਿਸ ਨੂੰ ਆਡ਼੍ਹਤੀਆਂ ਵਲੋਂ ਪੰਜਾਬ ਅੰਦਰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਇਸ ਮੌਕੇ ਮੀਤ ਪ੍ਰਧਾਨ ਭੁਪਿੰਦਰ ਸਿੰਘ ਸਰਾਂ, ਮੀਤ ਪ੍ਰਧਾਨ ਰਵਿੰਦਰ ਤਾਂਗਡ਼ੀ, ਖਜ਼ਾਨਚੀ ਗੌਰਵ ਮਿੱਤਲ, ਕਮੇਟੀ ਮੈਂਬਰਜ਼ ਨਿਰਮਲ ਸਿੰਘ ਤੇ ਰਾਜੇਸ਼ ਮਿੱਤਲ ਅਤੇ ਵਿੱਕੀ ਆਦਿ ਵੀ ਮੌਜੂਦ ਸਨ।


Related News