ਕਿਸਾਨਾਂ ਨੂੰ ਟਿੱਡੀ ਦਲ ਦੇ ਹਮਲੇ ਤੋਂ ਘਬਰਾਉਣ ਦੀ ਨਹੀਂ ਸਗੋਂ ਸੁਚੇਤ ਰਹਿਣ ਦੀ ਲੋੜ : ਡਿਪਟੀ ਕਮਿਸ਼ਨਰ

05/29/2020 1:06:20 AM

ਮਾਨਸਾ,(ਮਿੱਤਲ)— ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਵੱਲੋਂ ਟਿੱਡੀ ਦਲ ਦੇ ਹਮਲੇ ਦੀ ਰੋਕਥਾਮ ਲਈ ਅਗੇਤੇ ਪ੍ਰਬੰਧਾ ਸਬੰਧੀ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ ਗਈ|ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਟਿੱਡੀ ਦਲ ਦੇ ਹਮਲੇ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਪਰ ਕਿਸਾਨਾਂ ਨੂੰ ਇਸ ਪ੍ਰਤੀ ਸੂਚੇਤ ਰਹਿਣ ਦੀ ਲੋੜ ਹੈ|ਉਨ੍ਹਾਂ ਨਾਲ ਹੀ ਕਿਹਾ ਕਿ ਜੇਕਰ ਜ਼ਿਲ੍ਹੇ ਅੰਦਰ ਟਿੱਡੀ ਦਲ ਦਾ ਹਮਲਾ ਹੁੰਦਾ ਵੀ ਹੈ, ਤਾਂ ਉਸ ਨਾਲ ਨਿਪਟਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਤਿਆਰ ਹੈ|
ਡਿਪਟੀ ਕਮਿਸ਼ਨਰ ਸ਼੍ਰੀ ਚਹਿਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜੇਕਰ ਮਾਨਸਾ ਜ਼ਿਲ੍ਹੇ ਵਿੱਚ ਕੀਤੇ ਵੀ ਟਿੱਡੀ ਦਲ ਦਾ ਹਮਲਾ ਹੁੰਦਾ ਹੈ, ਤਾਂ ਸਾਰੇ ਅਧਿਕਾਰੀ ਆਪਸ ਵਿੱਚ ਤਾਲਮੇਲ ਕਰਕੇ ਇਸਦੀ ਰੋਕਥਾਮ ਲਈ ਢੁਕਵੇ ਪ੍ਰਬੰਧ ਕਰਨਗੇ|ਉਨ੍ਹਾਂ ਕਿਹਾ ਕਿ ਟਿੱਡੀ ਦਲ ਦਾ ਹਮਲਾ ਰਾਜਸਥਾਨ ਦੇ ਜ਼ਿਲ੍ਹਾ ਹਨੂੰਮਾਨਗੜ੍ਹ ਵਿਖੇ ਦੇਖਿਆ ਗਿਆ ਹੈ, ਇਸ ਲਈ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਟਿੱਡੀ ਦਲ ਦੇ ਹਮਲੇ ਸਬੰਧੀ ਚੌਕਸ ਰਹਿਣ ਅਤੇ ਜਿਨ੍ਹਾਂ ਕਿਸਾਨਾਂ ਕੋਲ ਟਰੈਕਟਰ ਵਾਲੇ ਸਪਰੇਅ ਪੰਪ ਹਨ, ਉਨ੍ਹਾਂ ਨੂੰ ਪਾਣੀ ਨਾਲ ਭਰ ਕੇ ਰੱਖਣ ਅਤੇ ਖੇਤ ਵਿੱਚ ਮੋਟਰ ਵਾਲੀਆਂ ਡਿੱਗੀਆਂ ਨੂੰ ਵੀ ਪਾਣੀ ਨਾਲ ਭਰਕੇ ਰੱਖਣ|ਉਨ੍ਹਾਂ ਮੁੱਖ ਖੇਤੀਬਾੜੀ ਅਫਸਰ ਮਾਨਸਾ ਡਾ. ਰਾਮ ਸਰੂਪ ਨੂੰ ਟਿੱਡੀ ਦਲ ਦੇ ਰੋਕਥਾਮ ਸਬੰਧੀ ਦਵਾਈਆਂ ਦੇ ਢੁਕਵੇ ਪ੍ਰਬੰਧ ਕਰਨ ਲਈ ਕਿਹਾ|
ਡਿਪਟੀ ਕਮਿਸ਼ਨਰ ਸ਼੍ਰੀ ਗੁਰਪਾਲ ਸਿੰਘ ਚਹਿਲ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੂੰ ਹਦਾਇਤ ਕੀਤੀ ਕਿ ਟਿੱਡੀ ਦਲ ਦੇ ਰੋਕਥਾਮ ਲਈ ਸਾਰੇ ਸਟਾਫ ਦੀ ਡਿਊਟੀ ਲਗਾਈ ਜਾਵੇ| ਇਸ ਤੋਂ ਇਲਾਵਾ ਉਨ੍ਹਾਂ ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਨੂੰ ਟਿੱਡੀ ਦਲ ਦੀ ਰੋਕਥਾਮ ਲਈ ਪੀ.ਏ.ਯੂ (ਪੰਜਾਬ ਐਗਰੀਕਲਚਰ ਯੁਨੀਵਰਸਿਟੀ) ਲੁਧਿਆਣਾ ਵੱਲੋਂ ਸਿਫਾਰ ਕੀਤੀਆਂ ਤਕਨੀਕਾਂ ਬਾਰੇ ਕਿਸਾਨਾਂ ਨੂੰ ਜਲਦ ਤੋਂ ਜਲਦ ਜਾਗਰੂਕ ਕਰਵਾਉਣ ਲਈ ਕਿਹਾ|
ਉਨ੍ਹਾਂ ਕਿਹਾ ਕਿ ਜੇਕਰ ਕੋਈ ਕਿਸਾਨ ਟਿੱਡੀ ਦਲ ਦੇਖਦਾ ਹੈ ਤਾਂ ਖੇਤੀਬਾੜੀ ਵਿਭਾਗ ਮਾਨਸਾ ਵੱਲੋਂ ਸਥਾਪਿਤ ਕੀਤੇ ਗਏ ਕੰਟਰੋਲ ਰੂਮ (ਡਾ ਸੁਰ੍ਹੇ ਕੁਮਾਰ, ਸਹਾਇਕ ਪੌਦਾ ਸੁਰੱਖਿਆ ਅਫਸਰ, ਮੋਬਾਇਲ ਨੰਬਰ 88720-10036 ਅਤੇ ਡਾ. ਮਨਜੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਮੋਬਾਇਲ ਨੰਬਰ 95695-30627) ਨਾਲ ਸੰਪਰਕ ਕੀਤਾ ਜਾ ਸਕਦਾ ਹੈ| ਉਨ੍ਹਾਂ ਨਾਲ ਹੀ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਫਾਇਰ ਬ੍ਰਿਗੇਡ ਦਫਤਰ ਦਾ ਸਟਾਫ ਵੀ ਪੂਰੀ ਤਰ੍ਹਾਂ ਨਾਲ ਮੁਸਤੈਦ ਰਹੇ|
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਮੀਤ ਸਿੰਘ ਸਿੱਧੂ, ਐਸ.ਡੀ.ਐਮ. ਮਾਨਸਾ ਸ਼੍ਰੀਮਤੀ ਸਰਬਜੀਤ ਕੌਰ, ਐਸ.ਡੀ.ਐਮ. ਸਰਦੂਲਗੜ੍ਹ ਸ਼੍ਰੀ ਰਾਜਪਾਲ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ਼੍ਰੀ ਦਿਨੇਸ਼ ਵਸ਼ਿਸ਼ਟ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਰਾਮ ਸਰੂਪ ਤੋਂ ਇਲਾਵਾ ਹੋਰ ਵੀ ਅਧਿਕਾਰੀ ਮੌਜੂਦ ਸਨ|    


Bharat Thapa

Content Editor

Related News