ਕਿਸਾਨ-ਮਜ਼ਦੂਰਾਂ ਵਲੋਂ ਪਰਿਵਾਰਾਂ ਸਮੇਤ ਧਰਨੇ

04/29/2020 1:07:21 AM

ਚੰਡੀਗੜ੍ਹ,(ਅਸ਼ਵਨੀ)-ਹਜ਼ਾਰਾਂ ਕਿਸਾਨਾਂ ਤੇ ਮਜ਼ਦੂਰਾਂ ਵਲੋਂ ਪਰਿਵਾਰਾਂ ਸਮੇਤ ਅੱਜ ਅੰਦੋਲਨ ਦੇ ਪਹਿਲੇ ਦਿਨ ਪੰਜਾਬ ਦੇ 11 ਜ਼ਿਲਿਆਂ ਦੇ 361 ਪਿੰਡਾਂ ’ਚ ਕਾਫਲੇ ਬੰਨ੍ਹ ਕੇ ਰੋਸ ਮੁਜ਼ਾਹਰੇ ਕੀਤੇ ਤੇ ਫ਼ੇਲ ਹੋਈ ਪਾਸ ਪ੍ਰਣਾਲੀ ’ਤੇ ਇਕ ਮੰਡੀ ’ਚ ਇਕ ਪਿੰਡ ਦੀ 1 ਦਿਨ ਕਣਕ ਦੀ ਖਰੀਦ ਦੇ ਤੁਗਲਕੀ ਫੈਸਲੇ ਨੂੰ ਜਥੇਬੰਦਕ ਸ਼ਕਤੀ ਨਾਲ ਲਾਗੂ ਨਾ ਹੋਣ ਦੇਣ ਦਾ ਐਲਾਨ ਕੀਤਾ ਤੇ 200 ਰੁਪਏ ਪ੍ਰਤੀ ਕੁਇੰਟਲ ਦੀ ਮੰਗ ਕੀਤੀ। ਪੰਜਾਬ ’ਚ ਕਿਸਾਨਾਂ ਦੀਆਂ ਮੁਸ਼ਕਲਾਂ ਤੇ ਕਣਕ ਦੀ ਖਰੀਦ ਸਬੰਧੀ ਠੋਸ ਨੁਕਤਿਆਂ ਤੋਂ ਅਣਜਾਣ ਤੇ ਲੋਕਾਂ ਨਾਲੋਂ ਟੁੱਟ ਚੁੱਕਾ ਮੁੱਖ ਮੰਤਰੀ ਪੰਜਾਬ ਤੇ ਅਫ਼ਸਰਸ਼ਾਹੀ ਦੇ ਤੁਗਲਕੀ ਤੇ ਜ਼ਮੀਨੀ ਪੱਧਰ ’ਤੇ ਲਾਗੂ ਨਾ ਹੋਣ ਵਾਲੇ ਫੈਸਲਿਆਂ ’ਤੇ ਫ਼ੇਲ ਹੋ ਚੁੱਕੀ ਪਾਸ ਪ੍ਰਣਾਲੀ ਤੇ ਇਕ ਮੰਡੀ 'ਚ 1 ਦਿਨ ’ਚ 1 ਪਿੰਡ ਦੇ ਕਿਸਾਨਾਂ ਦੀ ਕਣਕ ਖਰੀਦਣ ਦੇ ਨਾਦਰਸ਼ਾਹੀ ਫੁਰਮਾਨਾਂ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਤੇ ਪੈਰਾਂ ’ਚ ਮਧੋਲਦਿਆਂ ਅੱਜ ਹਜ਼ਾਰਾਂ ਕਿਸਾਨਾਂ ਤੇ ਮਜ਼ਦੂਰਾਂ ਵਲੋਂ ਪਰਿਵਾਰਾਂ ਸਮੇਤ ਪੰਜਾਬ ਦੇ 11 ਜ਼ਿਲਿਆਂ ਦੇ ਸੈਂਕੜੇ ਪਿੰਡਾਂ ਅਤੇ ਦਾਣਾ ਮੰਡੀਆਂ ’ਚ ਕਾਫਲੇ ਬੰਨ੍ਹ ਕੇ ਵਿਸ਼ਾਲ ਰੋਸ ਮਾਰਚ ਅਤੇ ਰੋਸ ਮੁਜ਼ਾਹਰੇ ਕੀਤੇ ਤੇ ਐਲਾਨ ਕੀਤਾ ਕਿ ਕਿਸੇ ਵੀ ਕੀਮਤ ’ਤੇ ਪੰਜਾਬ ਸਰਕਾਰ ਦੀਆਂ ਕਣਕ ਦੀ ਖਰੀਦ ਨੂੰ ਲਟਕਾਉਣ ਵਾਲੀਆਂ ਸਕੀਮਾਂ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਤੇ ਮੰਡੀਆਂ ’ਚ ਬਿਨਾਂ ਸ਼ਰਤ ਦੇ ਕਣਕ ਦੀਆਂ ਟਰਾਲੀਆਂ ਜਥੇਬੰਦਕ ਤਾਕਤ ਨਾਲ ਦਾਖਲ ਕੀਤੀਆਂ ਜਾਣਗੀਆਂ।
ਰੋਸ ਮੁਜ਼ਾਹਰਿਆਂ ਸਬੰਧੀ ਪੰਜਾਬ ਭਰ ਤੋ ਸੂਬਾ ਹੈੱਡਕੁਆਰਟਰ ਵਿਖੇ ਆਈਆਂ ਰਿਪੋਰਟਾਂ ਬਾਰੇ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਲਗਾਤਾਰ 3 ਦਿਨ ਪੰਜਾਬ ’ਚ ਰੋਸ ਮੁਜ਼ਾਹਰੇ ਕਰਨ ਦੀ ਕੜੀ ਵਜੋਂ ਅੱਜ ਪਹਿਲੇ ਦਿਨ 361 ਪਿੰਡਾਂ ’ਚ ਅੰਦੋਲਨ ਤਹਿਤ ਰੋਸ ਮੁਜ਼ਾਹਰੇ ਕੀਤੇ ਗਏ ਤੇ ਮੰਗ ਕੀਤੀ ਕਿ ਕਣਕ ਖਰੀਦ ’ਚ ਲਾਈਆਂ ਜਾ ਰਹੀਆਂ ਜ਼ਮੀਨੀ ਹਕੀਕਤ ਨਾਲ ਮੇਲ ਨਾ ਖਾਂਦੀਆਂ ਸ਼ਰਤਾਂ ਹਟਾ ਕੇ ਬਾਰਦਾਨਾ ਸਿੱਧਾ ਪਿੰਡਾਂ ’ਚ ਦਿੱਤਾ ਜਾਵੇ ਤੇ ਤੁਲਾਈ ਚੁਕਾਈ ਕਰਵਾ ਕੇ 48 ਘੰਟਿਆਂ ’ਚ ਕਿਸਾਨਾਂ ਨੂੰ ਪੇਮੈਂਟ ਦਿੱਤੀ ਜਾਵੇ, ਅਜੇ ਤੱਕ ਕਿਸਾਨਾਂ ਨੂੰ ਨਾਮਾਤਰ ਪੇਮੈਂਟ ਮਿਲੀ ਹੈ ਤੇ ਖਰੀਦ ਵੋਚਰ ਬਿੱਲ (ਜੇ ਫਾਰਮ) ਮੌਕੇ ’ਤੇ ਦੇਣਾ ਯਕੀਨੀ ਬਣਾਇਆਂ ਜਾਵੇ। ਕਣਕ ਦੀ ਫਸਲ ’ਤੇ ਪ੍ਰਤੀ ਕੁਇੰਟਲ 200 ਰੁਪਏ ਬੋਨਸ ਦਿੱਤਾ ਜਾਵੇ, ਦੇਸ਼ ਦੀ ਕੁੱਲ ਘਰੇਲੂ ਉਤਪਾਦ ਦਾ 10 ਫੀਸਦੀ ਲਗਭਗ 10 ਲੱਖ ਕਰੋੜ ਦਾ ਪੈਕੇਜ ਕਿਸਾਨਾਂ ਤੇ 80 ਕਰੋੜ ਗਰੀਬ ਤੇ ਬੇਰੁਜ਼ਗਾਰ ਹੋ ਗਏ ਕਾਮਿਆਂ ਲਈ ਤੁਰੰਤ ਦਿੱਤਾ ਜਾਵੇ, 5 ਏਕੜ ਤੱਕ ਦੇ ਕਿਸਾਨਾਂ ਦੇ ਕਿੱਤੇ ਦੇ ਸਾਰੇ ਕੰਮਾਂ ਨੂੰ ਮਨਰੇਗਾ ਸਕੀਮ ਅਧੀਨ ਲਿਆਂਦਾ ਜਾਵੇ, 365 ਦਿਨ ਕੰਮ ਤੇ ਦਿਹਾੜੀ ਦੁੱਗਣੀ ਕਰਨ ਤੇ ਕੋਈ ਵੀ ਕਿਸਾਨ ਕਣਕ ਦੇ ਨਾੜ ਨੂੰ ਅੱਗ ਨਹੀ ਲਗਾਉਣਾ ਚਾਹੁੰਦਾ ਇਸ ਲਈ ਕਣਕ ਦੇ ਨਾੜ ਦੀ ਸੰਭਾਲ ਲਈ 6 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ। ਕਿਸਾਨਾਂ ਤੇ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ, ਖੇਤੀ ਉਤਪਾਦਨ ਮਾਰਕੀਟ ਕਮੇਟੀ ਐਕਟ 'ਚ ਕੀਤੀ ਸੋਧ ਰੱਦ ਕਰਕੇ ਕਣਕ ਝੋਨੇ ਸਮੇਤ 23 ਫਸਲਾਂ ਦੇ ਭਾਅ ਡਾ. ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਐਲਾਨੇ ਜਾਣ ਤੇ ਇਨ੍ਹਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਕੀਤੀ ਜਾਵੇ, ਖੇਤੀ ਮੰਡੀ ਤੋੜ ਕੇ ਕਾਰਪੋਰੇਟ ਕੰਪਨੀ ਦੇ ਹਵਾਲੇ ਕਰਨ ਦੇ ਕੀਤੇ ਫੈਸਲੇ ਵਾਪਸ ਲਏ ਜਾਣ, ਨਿੱਜੀਕਰਨ, ਉਦਾਰੀਕਰਨ ਦੇ ਰਸਤੇ ਚੱਲ ਕੇ ਸਕੂਲ, ਹਸਪਤਾਲ, ਬਿਜਲੀ ਤੇ ਹੋਰ ਜਨਤਕ ਅਦਾਰਿਆਂ ਦਾ ਭੋਗ ਪਾ ਕੇ ਕਾਰਪੋਰੇਟ ਘਰਾਣਿਆਂ ਦੇ ਹੱਥ ਦੇਣ ਦਾ ਖਾਮਿਆਜਾ ਅੱਜ ਕੋਵਿਡ-19 ਦੇ ਚੱਲਦਿਆਂ ਦੇਸ਼ ਦੇ 130 ਕਰੋੜ (99%) ਲੋਕ ਭੋਗ ਰਹੇ ਹਨ । ਵੱਖ-ਵੱਖ ਜ਼ਿਲਿਆਂ ’ਚ ਰੋਸ ਮੁਜਾਹਰੇ ਨੂੰ ਸਵਿੰਦਰ ਸਿੰਘ ਚੁਤਾਲਾ, ਸੁਖਵਿੰਦਰ ਸਿੰਘ ਸਭਰਾ ਤਰਨਤਾਰਨ, ਲਖਵਿੰਦਰ ਸਿੰਘ, ਗੁਰਬਚਨ ਸਿੰਘ ਅੰਮ੍ਰਿਤਸਰ, ਰਣਬੀਰ ਸਿੰਘ, ਗੁਰਪ੍ਰੀਤ ਸਿੰਘ ਗੁਰਦਾਸਪੁਰ, ਇੰਦਰਜੀਤ ਸਿੰਘ ਤੇ ਰਣਜੀਤ ਸਿੰਘ ਰਾਣਾ ਫਿਰੋਜਪੁਰ, ਸੁਰਿੰਦਰ ਸਿੰਘ ਫਾਜਿਲਕਾਂ, ਸਲਵਿੰਦਰ ਸਿੰਘ ਜਲੰਧਰ, ਸਰਵਣ ਸਿੰਘ ਕਪੂਰਥਲਾ, ਕੁਲਦੀਪ ਸਿੰਘ ਹੁਸ਼ਿਆਰਪੁਰ, ਕਸ਼ਮੀਰ ਸਿੰਘ ਮੋਗਾ, ਗੁਰਦਰਸ਼ਨ ਸਿੰਘ, ਗੁਰਸੇਵਕ ਸਿੰਘ ਨਵਾਂਸ਼ਹਿਰ, ਅਮਰੀਕ ਸਿੰਘ ਰੋਪੜ ਨੇ ਵੀ ਸੰਬੋਧਨ ਕੀਤਾ


Deepak Kumar

Content Editor

Related News