ਆੜ੍ਹਤੀਆਂ ਨੇ ਕਿਸਾਨਾਂ ਨੂੰ ਫ਼ਸਲ ਦੀ ਅਦਾਇਗੀ ਕੀਤੀ ਜਾਂ ਨਹੀਂ, ਸਰਕਾਰ ਕਰੇਗੀ ਖਾਤਿਆਂ ਦੀ ਜਾਂਚ!

12/03/2020 11:37:12 AM

ਮਾਛੀਵਾੜਾ ਸਾਹਿਬ (ਟੱਕਰ) - ਇਕ ਪਾਸੇ ਜਿੱਥੇ ਪੰਜਾਬ ਦਾ ਕਿਸਾਨ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਖਿਲਾਫ਼ ਦਿੱਲੀ ਦਾ ਘਿਰਾਓ ਕਰ ਵੱਡੇ ਪੱਧਰ ’ਤੇ ਅੰਦੋਲਨ ਛੇੜੀ ਬੈਠਾ ਹੈ ਅਤੇ ਸਮਰਥਨ ਮੁੱਲ ਦੇ ਨਾਲ-ਨਾਲ ਆੜ੍ਹਤੀਆਂ ਰਾਹੀਂ ਫ਼ਸਲ ਵੇਚਣ ਦਾ ਸਿਸਟਮ ਅਤੇ ਮਾਰਕੀਟ ਫੀਸ ਜਾਰੀ ਰੱਖਣ ਦੀ ਮੰਗ ਕਰ ਰਿਹਾ ਹੈ। ਉੱਥੇ ਹੀ ਦੂਸਰੇ ਪਾਸੇ ਕੇਂਦਰ ਦੇ ਐੱਫ. ਸੀ. ਆਈ. ਵਿਭਾਗ ਨੇ ਆੜ੍ਹਤੀਆਂ ’ਤੇ ਸ਼ੱਕ ਦੀ ਨਜ਼ਰ ਰੱਖਦਿਆਂ ਨਵਾਂ ਫੁਰਮਾਨ ਜਾਰੀ ਕੀਤਾ ਕਿ ਉਹ ਆਪਣੇ ਬੈਂਕ ਖਾਤਿਆਂ ਦੀ ਪੂਰੀ ਜਾਣਕਾਰੀ ਦੇਣ ਤਾਂ ਜੋ ਪਤਾ ਲੱਗ ਸਕੇ ਕਿ ਉਨ੍ਹਾਂ ਨੇ ਕਿਸਾਨਾਂ ਨੂੰ ਫ਼ਸਲ ਅਦਾਇਗੀ ਕਰ ਦਿੱਤੀ ਹੈ ਜਾਂ ਨਹੀਂ। ਆੜ੍ਹਤੀਆਂ ਤੇ ਕਿਸਾਨਾਂ ਦਾ ਰਿਸ਼ਤਾ ਨਹੁੰ-ਮਾਸ ਦਾ ਗਿਣਿਆ ਜਾਂਦਾ ਹੈ, ਕਿਉਂਕਿ ਆੜ੍ਹਤੀਆ ਕਿਸਾਨਾਂ ਨੂੰ ਫ਼ਸਲ ਦੀ ਪੇਸ਼ਗੀ ਵਜੋਂ ਅਤੇ ਕੋਈ ਵੀ ਮੁਸ਼ਕਲ ਆਉਣ ’ਤੇ ਤੁਰੰਤ ਰਕਮ ਮੁਹੱਈਆ ਕਰਵਾਉਂਦਾ ਹੈ ਪਰ ਕੇਂਦਰ ਸਰਕਾਰ ਮੰਡੀਕਰਨ ਤੇ ਆੜ੍ਹਤੀ ਸਿਸਟਮ ਨੂੰ ਖ਼ਤਮ ਕਰਨ ਲਈ ਬਜਿੱਦ ਹੈ। 

ਪੜ੍ਹੋ ਇਹ ਵੀ ਖ਼ਬਰ - UK ਸਟੂਡੈਂਟ ਵੀਜ਼ਾ: ‘ਇੰਟਰਵਿਊ’ ਤੇ ‘ਫੰਡ’ ਰੋਕ ਰਹੇ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ‘ਰਾਹ’

ਨਵੇਂ ਫੁਰਮਾਨ ਤਹਿਤ ਕੇਂਦਰ ਸਰਕਾਰ ਦੇ ਵਿਭਾਗ ਐੱਫ. ਸੀ. ਆਈ. ਨੇ ਪੰਜਾਬ ਦੇ ਖੁਰਾਕ ਸਪਲਾਈ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਸੂਬੇ ਦੇ ਸਾਰੇ ਆੜ੍ਹਤੀਆਂ ਦੇ ਬੈਂਕ ਖਾਤਿਆਂ ਦੀ ਸਟੇਟਮੈਂਟ ਮੰਗਵਾਈ ਜਾਵੇ ਅਤੇ ਉਸ ਦੀ ਜਾਂਚ ਕੀਤੀ ਜਾਵੇ ਕਿ ਆੜ੍ਹਤੀ ਕੋਲ ਫ਼ਸਲ ਵੇਚਣ ਵਾਲੇ ਕਿਸਾਨ ਨੂੰ, ਜੋ ਫਾਰਮ ਜਾਰੀ ਹੋਇਆ ਹੈ ਉਸ ਤਹਿਤ ਉਸਦੇ ਖਾਤੇ ’ਚ ਮੁਕੰਮਲ ਅਦਾਇਗੀ ਕਰ ਦਿੱਤੀ ਗਈ ਹੈ ਜਾਂ ਨਹੀਂ। ਇੱਥੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਜੇਕਰ ਕੋਈ ਆੜ੍ਹਤੀ ਬੈਂਕ ਖਾਤੇ ਦੀ ਜਾਣਕਾਰੀ ਨਹੀਂ ਦਿੰਦਾ ਤਾਂ ਉਸਦਾ ਬਣਦਾ ਕਮਿਸ਼ਨ ਰੋਕ ਲਿਆ ਜਾਵੇਗੀ। ਸਰਕਾਰ ਵਲੋਂ ਪਹਿਲਾਂ ਕਦੇ ਵੀ ਆੜ੍ਹਤੀ ਵਰਗ ਨੂੰ ਇਸ ਸ਼ੱਕ ਦੀ ਨਜ਼ਰ ਨਾਲ ਨਹੀਂ ਦੇਖਿਆ ਗਿਆ ਪਰ ਹੁਣ ਲਗਾਤਾਰ ਨਵੇਂ ਫੁਰਮਾਨ ਜਾਰੀ ਕਰ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕਿਸੇ ਵੀ ਕਿਸਾਨ ਨਾਲ ਫ਼ਸਲ ਵੇਚਣ ਤੋਂ ਬਾਅਦ ਧੋਖਾ ਤਾਂ ਨਹੀਂ ਹੋਇਆ।

ਪੜ੍ਹੋ ਇਹ ਵੀ ਖ਼ਬਰ - ਖ਼ਾਸ ਖ਼ਬਰ : ਕੈਨੇਡਾ ਪਹੁੰਚਣ ਤੋਂ ਲੈ ਕੇ ਪੱਕੇ ਹੋਣ ਤੱਕ ਵਿਦਿਆਰਥੀਆਂ ਨੂੰ ਆਉਂਦੀਆਂ ਨੇ ਇਹ ਸਮੱਸਿਆਵਾਂ

ਐੱਫ. ਸੀ. ਆਈ. ਨੇ ਆੜ੍ਹਤੀਆਂ ਦੇ ਖਾਤਿਆਂ ਦੀ ਜਾਣਕਾਰੀ ਮੰਗੀ
ਜ਼ਿਲ੍ਹਾ ਲੁਧਿਆਣਾ ਦੇ ਖੁਰਾਕ ਅਫ਼ਸਰ ਹਰਵੀਨ ਕੌਰ ਨਾਲ ਜਦੋਂ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਪੁਸ਼ਟੀ ਕੀਤੀ ਕਿ ਐੱਫ. ਸੀ. ਆਈ. ਵਲੋਂ ਸਾਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਆੜ੍ਹਤੀਆਂ ਤੋਂ ਬੈਂਕ ਖਾਤਿਆਂ ਦੀ ਜਾਣਕਾਰੀ ਲਈ ਜਾਵੇ ਅਤੇ ਉਸਦੀ ਜਾਂਚ ਵੀ ਕੀਤੀ ਜਾਵੇ ਕਿ ਕਿਸਾਨਾਂ ਨੂੰ ਵੇਚੀ ਫ਼ਸਲ ਦੀ ਅਦਾਇਗੀ ਹੋ ਗਈ ਹੈ ਜਾਂ ਨਹੀਂ। ਇਸ ਤੋਂ ਇਲਾਵਾ ਆੜ੍ਹਤੀਆਂ ਤੋਂ ਆਈ-10 ਫਾਰਮਾਂ ਰਾਹੀਂ ਜਾਣਕਾਰੀ ਮੰਗੀ ਗਈ ਹੈ ਤਾਂ ਜੋ ਪਤਾ ਲੱਗ ਸਕੇ ਕਿ ਉਸ ਨੂੰ ਫ਼ਸਲ ਦੀ ਕਿੰਨੀ ਅਦਾਇਗੀ ਹੋਈ ਅਤੇ ਅੱਗੇ ਕਿਸਾਨਾਂ ਨੂੰ ਕਿੰਨੀ ਅਦਾਇਗੀ ਕੀਤੀ ਗਈ।

ਪੜ੍ਹੋ ਇਹ ਵੀ ਖ਼ਬਰ -ਸੋਮਵਾਰ ਨੂੰ ਜ਼ਰੂਰ ਕਰੋ ਭਗਵਾਨ ਸ਼ਿਵ ਜੀ ਦੀ ਪੂਜਾ, ਖੁੱਲ੍ਹਣਗੇ ਧਨ ਦੀ ਪ੍ਰਾਪਤੀ ਦੇ ਸਾਰੇ ਰਾਹ

ਆੜ੍ਹਤੀਆਂ ਤੋਂ ਬੈਂਕ ਖਾਤਿਆਂ ਦੀ ਜਾਣਕਾਰੀ ਮੰਗਣਾ ਗੈਰ-ਕਾਨੂੰਨੀ : ਚੀਮਾ
ਪੰਜਾਬ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਐੱਫ. ਸੀ. ਆਈ. ਵਿਭਾਗ ਵਲੋਂ ਆੜ੍ਹਤੀਆਂ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਮੰਗਣਾ ਗੈਰ-ਕਾਨੂੰਨੀ ਹੈ, ਕਿਉਂਕਿ ਕੋਈ ਵੀ ਅਦਾਰਾ ਇਸ ਤਰ੍ਹਾਂ ਦੇ ਦਸਤਾਵੇਜ਼ ਨਹੀਂ ਲੈ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਆੜ੍ਹਤੀਆਂ ਨੇ ਫ਼ਸਲ ਵੇਚਣ ਵਾਲੇ ਕਿਸਾਨਾਂ ਦੇ ਜੇ ਫਾਰਮ, ਬੈਂਕ ਖਾਤਿਆਂ ਦੀ ਸੂਚੀ, ਆਈ-10 ਫਾਰਮ ਸਰਕਾਰ ਪੋਰਟਲ ’ਤੇ ਦਰਜ ਕਰ ਦਿੱਤੇ ਹਨ, ਜਿਸ ਤੋਂ ਬਾਅਦ ਵੀ ਬੈਂਕ ਖਾਤਿਆਂ ਦੀ ਜਾਣਕਾਰੀ ਮੰਗਣਾ ਬਿਲਕੁਲ ਵਾਜ਼ਿਬ ਨਹੀਂ। ਕੇਂਦਰ ਸਰਕਾਰ ਜਾਣਬੁੱਝ ਕੇ ਆੜ੍ਹਤੀਆਂ ਨੂੰ ਪ੍ਰੇਸ਼ਾਨ ਕਰਨਾ ਚਾਹੁੰਦੀ ਹੈ ਅਤੇ ਸ਼ੱਕ ਦੀ ਨਜ਼ਰ ਨਾਲ ਦੇਖ ਕਿਸਾਨਾਂ ਵਿਚਕਾਰ ਪਾੜਾ ਵਧਾਉਣਾ ਚਾਹੁੰਦੀ ਹੈ।

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸਤਰ ਅਨੁਸਾਰ : ਲੂਣ ਦੀ ਵਰਤੋਂ ਨਾਲ ਜਾਣੋਂ ਕਿਉ ਜਲਦੀ ਅਮੀਰ ਹੋ ਜਾਂਦੇ ਹਨ ਲੋਕ!

ਨੋਟ - ਆੜ੍ਹਤੀਆਂ ਨੇ ਕਿਸਾਨਾਂ ਨੂੰ ਫ਼ਸਲ ਦੀ ਅਦਾਇਗੀ ਕੀਤੀ ਜਾਂ ਨਹੀਂ, ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕੁਮੈਂਟ ਬਾਕਸ ’ਚ ਦਿਓ ਆਪਣਾ ਜਵਾਬ...


rajwinder kaur

Content Editor

Related News