ਬਾਰਦਾਨੇ ਦੀ ਕਮੀ ਤੋਂ ਭੜਕੇ ਕਿਸਾਨਾਂ ਨੇ ਜ਼ੀਰਾ-ਫਿਰੋਜ਼ਪੁਰ ਰੋਡ ਕੀਤਾ ਜਾਮ

04/21/2021 3:50:27 PM

ਜ਼ੀਰਾ (ਅਕਾਲੀਆਂਵਾਲਾ)-ਅੱਜ ਦਾਣਾ ਮੰਡੀ ਮਰਖਾਈ ’ਚ ਬਾਰਦਾਨੇ ਦੀ ਕਿੱਲਤ ਨੂੰ ਲੈ ਕੇ ਭੜਕੇ ਕਿਸਾਨਾਂ ਨੇ ਜ਼ੀਰਾ-ਫ਼ਿਰੋਜ਼ਪੁਰ ਰੋਡ ਨੂੰ ਜਾਮ ਕਰ ਦਿੱਤਾ । ਇਸ ਦੌਰਾਨ ਕਿਸਾਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ । ਕਿਸਾਨਾਂ ਦਾ ਗ਼ਿਲਾ ਹੈ ਕਿ ਉਹ ਕਈ ਦਿਨਾਂ ਤੋਂ ਆਪਣੀ ਜਿਣਸ ਮੰਡੀਆਂ ਵਿੱਚ ਲੈ ਕੇ ਆਏ ਹੋਏ ਹਨ ਪਰ ਬਾਰਦਾਨੇ ਦੀ ਕਮੀ ਕਾਰਨ ਉਨ੍ਹਾਂ ਦੀ ਅਜੇ ਤੱਕ ਕਣਕ ਨਹੀਂ ਤੁਲੀ, ਜਿਸ ਕਾਰਨ ਉਨ੍ਹਾਂ ਨੂੰ ਵੇਚੀ ਗਈ ਕਣਕ ਦਾ ਭੁਗਤਾਨ ਨਹੀਂ ਹੋਇਆ।

ਇਸ ਮੌਕੇ ਇਕੱਤਰ ਹੋਏ ਆਗੂਆਂ, ਜਿਨ੍ਹਾਂ ’ਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸੁਰਜੀਤ ਸਿੰਘ ਗਿੱਲ ਕੱਸੋਆਣਾ, ਆੜ੍ਹਤੀ ਰਮੇਸ਼ ਕੁਮਾਰ ਤਲਵੰਡੀ, ਹਰਦੇਵ ਸਿੰਘ ਆੜ੍ਹਤੀ, ਜਸਕਰਨ ਸਿੰਘ ਹੋਲਾਂਵਾਲੀ, ਦਰਸ਼ਨ ਸਿੰਘ, ਬਲਰਾਜ ਸਿੰਘ ਫੇਰੋਕੇ ਆਦਿ ਨੇ ਕਿਹਾ ਕਿ ਹਾੜ੍ਹੀ ਦੇ ਸੀਜ਼ਨ ਦੌਰਾਨ ਵੱਡੀ ਗਿਣਤੀ ਕਿਸਾਨ ਆਪਣੀਆਂ ਫ਼ਸਲਾਂ ਵੇਚਣ ਲਈ ਮੰਡੀਆਂ ਵਿੱਚ ਬੈਠੇ ਹਨ ਪਰ ਫ਼ਸਲਾਂ ਦੀ ਸਹੀ ਸਮੇਂ ਸਿਰ ਖਰੀਦ ਨਾ ਹੋਣ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ । ਦੂਜੇ ਪਾਸੇ ਬਾਰਦਾਨੇ ਦੀ ਘਾਟ ਕਾਰਨ ਖੁੱਲ੍ਹੇ ਆਸਮਾਨ ਹੇਠ ਪਈ ਫ਼ਸਲ ਭਿੱਜ ਕੇ ਖਰਾਬ ਹੋਣ ਲੱਗੀ ਹੈ।

ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨ ਇਸੇ ਤਰ੍ਹਾਂ ਦਾ ਮੌਸਮ ਰਹੇਗਾ। ਕਿਸਾਨਾਂ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਮੰਡੀਆਂ ਵਿੱਚ ਪਈ ਫ਼ਸਲ ਦੀ ਖਰੀਦ ਅਤੇ ਚੁਕਾਈ ਲਈ ਪੁਖ਼ਤਾ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਫ਼ਸਲ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਜਾਮ ਲੱਗਣ ਕਾਰਨ ਆਵਾਜਾਈ ਕਾਫ਼ੀ ਪ੍ਰਭਾਵਿਤ ਹੋਈ ਤੇ ਆਉਣ-ਜਾਣ ਵਾਲੇ ਵਾਹਨ ਹੋਰ ਰਸਤਿਆਂ ਰਾਹੀਂ ਆਪਣੀ ਮੰਜ਼ਿਲ ਵੱਲ ਵਧੇ ।  

Manoj

This news is Content Editor Manoj