ਅਜੀਤਵਾਲ ਵਿਖੇ ਮੋਗਾ ਲੁਧਿਆਣਾ ਮੁੱਖ ਮਾਰਗ ''ਤੇ ਕਿਸਾਨਾਂ ਨੇ ਕੀਤਾ ਤਿੰਨ ਘੰਟੇ ਚੱਕਾ ਜਾਮ

10/10/2020 5:25:33 PM

ਅਜੀਤਵਾਲ(ਰੱਤੀ ਕੋਕਰੀ)-ਬਿਜਲੀ ਸਪਲਾਈ ਤੋਂ ਦੁਖੀ ਹੋਏ ਕਿਸਾਨਾਂ ਨੇ ਅੱਜ ਅਜੀਤਵਾਲ ਵਿਖੇ ਪਹੁੰਚ ਕੇ ਲੁਧਿਆਣਾ ਮੋਗਾ ਮੁੱਖ ਮਾਰਗ ਨੂੰ ਜਾਮ ਕਰ ਦਿੱਤਾ ਜਿਸ ਕਾਰਨ ਆਵਾਜਾਈ 'ਚ ਰੁਕਾਵਟ ਪਈ ਅਤੇ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ। ਇਸ ਦਾ ਪਤਾ ਲੱਗਣ 'ਤੇ ਥਾਣਾ ਅਜੀਤਵਾਲ ਦੇ ਮੁਖੀ ਜਸਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਟ੍ਰੈਫਿਕ ਨੂੰ ਪਿੰਡਾਂ ਰਾਹੀਂ ਸ਼ੁਰੂ ਕਰਵਾਇਆ। ਕਿਸਾਨ ਇਸ ਗੱਲ 'ਤੇ ਡਟੇ ਹੋਏ ਸਨ ਕਿ ਜਦ ਤੱਕ ਕੋਈ ਵੀ ਬਿਜਲੀ ਦਾ ਅਧਿਕਾਰੀ ਸਾਡੇ ਨਾਲ ਗੱਲ ਨਹੀਂ ਕਰਦਾ ਉਦੋਂ ਤੱਕ ਧਰਨਾ ਜਾਰੀ ਰਹੇਗਾ।

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਟਹਿਲ ਸਿੰਘ ਨੇ ਦੱਸਿਆ ਕਿ ਸਾਡਾ ਝੋਨਾ ਹੁਣ ਸਿਖ਼ਰਾਂ 'ਤੇ ਹੈ ਪਰ ਬਿਜਲੀ ਮਹਿਕਮਾ 8 ਘੰਟੇ ਬਿਜਲੀ ਦੇਣ ਦੀ ਬਜਾਏ ਹੁਣ ਸਿਰਫ ਦੋ ਘੰਟੇ ਹੀ ਦੇ ਰਿਹਾ ਹੈ ਜਿਸ ਕਾਰਨ ਸਾਡੇ ਝੋਨੇ ਦਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਥਰਮਲ ਪਲਾਂਟਾਂ 'ਚ ਕੋਲਾ ਖਤਮ ਹੋਣ ਦੇ ਬਹਾਨੇ ਬਣਾ ਕੇ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਨੂੰ ਦਬਾਉਣਾ ਚਾਹੁੰਦੀ ਹੈ ਜੋ ਅਸੀਂ ਬਿਲਕੁੱਲ ਬਰਦਾਸ਼ਤ ਨਹੀਂ ਕਰਾਂਗੇ। ਆਖਿਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਐਕਸੀਅਨ ਕਮਲਜੀਤ ਸਿੰਘ ਮੋਗਾ ਨੇ ਧਰਨਾ ਸਥਾਨ 'ਤੇ ਪਹੁੰਚ ਕੇ ਕਿਸਾਨਾਂ ਨੂੰ ਇਹ ਵਿਸ਼ਵਾਸ ਦੁਵਾਇਆ ਕਿ ਕਿਸਾਨਾਂ ਨੂੰ ਹੁਣ ਹਰ ਦੂਜੇ ਦਿਨ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ ਤਾਂ ਕਿਸਾਨਾਂ ਨੇ ਧਰਨਾ ਖਤਮ ਕਰ ਦਿੱਤਾ। ਇਸ ਧਰਨੇ 'ਚ ਪਿੰਡ ਢੁੱਡੀਕੇ, ਕੋਕਰੀ ਕਲਾਂ ਚੂਹੜਚੱਕ, ਮੱਦੋਕੇ, ਕੋਕਰੀ ਵਹਿਣੀਵਾਲ, ਕੋਕਰੀ ਕਲਾਂ, ਬੁੱਟਰ ਆਦਿ ਪਿੰਡਾਂ ਤੋਂ ਕਿਸਾਨ ਵੱਡੀ ਗਿਣਤੀ 'ਚ ਸ਼ਾਮਲ ਹੋਏ।


Aarti dhillon

Content Editor

Related News