ਜ਼ਿਆਦਾ ਨਮੀ ਦੇ ਨਾਂ ’ਤੇ ਕਿਸਾਨਾਂ ’ਤੇ ਗੁੰਡਾ ਟੈਕਸ ਲਾਇਆ ਜਾ ਰਿਹੈ : ਹਰਸਿਮਰਤ

04/23/2019 1:40:54 AM

ਬਠਿੰਡਾ, (ਬਲਵਿੰਦਰ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਇਥੇ ਕਿਹਾ ਕਿ ਨਮੀ ਮਾਪਣ ਵਾਲੀਆਂ ਮਸ਼ੀਨਾਂ ਨਾਲ ਛੇਡ਼ਛਾਡ਼ ਕਰ ਕੇ ਹੁਣ ਵੱਧ ਨਮੀ ਦੇ ਨਾਂ ’ਤੇ ਕਿਸਾਨਾਂ ਉੱਪਰ ਗੁੰਡਾ ਟੈਕਸ ਲਾਇਆ ਜਾ ਰਿਹਾ ਹੈ। ਅੰਨਦਾਤਾ ਖ਼ਿਲਾਫ ਇਸ ‘ਫਿਰੌਤੀ ਘੁਟਾਲੇ’ ’ਚ ਕਾਂਗਰਸ ਸਰਕਾਰ ਖੁਦ ਵੀ ਭਾਗੀਦਾਰ ਹੈ, ਜੋ ਕਿ ਨਿੰਦਣਯੋਗ ਹੈ। ਅੱਜ ਇਥੇ ਅਨਾਜ ਮੰਡੀ ਦਾ ਦੌਰਾ ਕਰਨ ਮਗਰੋਂ ਬੀਬੀ ਬਾਦਲ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਬਿਲਕੁੱਲ ਨੱਕ ਥੱਲੇ ਇਕ ਨਵਾਂ ਗੁੰਡਾ ਟੈਕਸ ਵਧ-ਫੁਲ ਰਿਹਾ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਪ੍ਰਤੀ ਅੱਖਾਂ ਮੀਟ ਰੱਖੀਆਂ ਹਨ, ਜਦਕਿ ਕਿਸਾਨਾਂ ਨੂੰ ਸ਼ਰੇਆਮ ਮੰਡੀਆਂ ’ਚ ਲੁੱਟਿਆ ਜਾ ਰਿਹਾ ਹੈ। ਕਿਸਾਨਾਂ ਨਾਲ ਕੀਤੀ ਜਾ ਰਹੀ ਠੱਗੀ ਦਾ ਪਰਦਾਫਾਸ਼ ਕਰਦਿਆਂ ਉਨ੍ਹਾਂ ਨਮੀ ਜਾਂਚਣ ਵਾਲੀ ਇਕ ਮਸ਼ੀਨ ਦੀ ਪਰਖ ਵੀ ਕੀਤੀ, ਜਿਸ ਤੋਂ ਖੁਲਾਸਾ ਹੋਇਆ ਕਿ ਉਸ ਮਸ਼ੀਨ ਨਾਲ ਛੇਡ਼ਛਾਡ਼ ਕੀਤੀ ਗਈ ਸੀ। ਬਿਨਾਂ ਵਰਤਿਆਂ ਵੀ 5 ਫੀਸਦੀ ਨਮੀ ਦਿਖਾਉਣ ਵਾਲੀ ਇਸ ਮਸ਼ੀਨ ਨੇ ਸਾਬਤ ਕਰ ਦਿੱਤਾ ਹੈ ਕਿ ਅਧਿਕਾਰੀਆਂ ਨੇ ਕਿਸਾਨਾਂ ਨੂੰ ਬੇਵਕੂਫ ਬਣਾਉਣ ਲਈ ਵੱਧ ਨਮੀ ਦਾ ਹਊਆ ਖਡ਼੍ਹਾ ਕੀਤਾ ਹੋਇਆ ਹੈ। ਦੂਜੀਆਂ ਮਸ਼ੀਨਾਂ ਨਾਲ ਵੀ ਇਸੇ ਤਰ੍ਹਾਂ ਛੇਡ਼ਛਾਡ਼ ਕੀਤੀ ਗਈ ਸੀ। ਇਸ ਤੋਂ ਬਾਅਦ ਬੀਬੀ ਬਾਦਲ ਨੇ ਕਣਕ ਦੀ ਖਰੀਦ ਦੇ ਕਾਰਜਾਂ ’ਚ ਲੱਗੇ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਵੱਧ ਨਮੀ ਦੇ ਨਾਂ ’ਤੇ ਕਿਸਾਨਾਂ ਨੂੰ ਮੰਡੀਆਂ ’ਚ ਪ੍ਰੇਸ਼ਾਨ ਨਾ ਕੀਤਾ ਜਾਵੇ। ਉਨ੍ਹਾਂ ਕਿਸਾਨਾਂ ਨੂੰ ਵੀ ਚੌਕਸ ਰਹਿਣ ਅਤੇ ਜਾਣ ਬੁੱਝ ਕੇ ਖਰਾਬ ਕੀਤੀਆਂ ਇਨ੍ਹਾਂ ਮਸ਼ੀਨਾਂ ਦੇ ਡਰਾਵੇ ’ਚ ਨਾ ਆਉਣ ਲਈ ਕਿਹਾ, ਜਿਨ੍ਹਾਂ ਨੂੰ ਉਨ੍ਹਾਂ ਕੋਲੋਂ ਪੈਸੇ ਕਢਵਾਉਣ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਇੱਕਜੁਟ ਹੋ ਕੇ ਗੁੰਡਾ ਟੈਕਸ ਵਸੂਲਣ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦੇਣ। ਬੀਬੀ ਬਾਦਲ ਨੇ ਕਿਹਾ ਕਿ ਅਨਾਜ ਮੰਡੀਆਂ ’ਚ ਉੱਪਰ ਤੋਂ ਲੈ ਕੇ ਹੇਠਾਂ ਤੱਕ ਭ੍ਰਿਸ਼ਟਾਚਾਰ ਨੇ ਇਸ ਲਈ ਪੈਰ ਪਸਾਰ ਲਏ ਹਨ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਚੁੱਕੇ ਹਨ।

Bharat Thapa

This news is Content Editor Bharat Thapa