ਕਿਸਾਨਾਂ ਨੇ ਪਰਾਲੀ ਨੂੰ ਲਾਈ ਅੱਗ

10/18/2018 9:27:08 AM

ਮਾਨਸਾ (ਮਨਜੀਤ ਕੌਰ)— ਜ਼ਿਲੇ ਦੇ ਪਿੰਡ ਭੈਣੀਬਾਘਾ ਦੇ ਖੇਤਾਂ ਵਿਚ ਬੁੱਧਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਦੀ ਅਗਵਾਈ ਵਿਚ ਇੱਕਠੇ ਹੋ ਕੇ ਕਿਸਾਨਾਂ ਵੱਲੋਂ ਖੇਤਾਂ ਵਿਚ ਪਈ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਸਮੇਂ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਾਉਣਾ ਉਨ੍ਹਾਂ ਦਾ ਸ਼ੌਕ ਨਹੀਂ ਮਜਬੂਰੀ ਹੈ ਕਿਉਂਕਿ ਸਰਕਾਰ ਨੇ ਅੱਜ ਤੱਕ ਇਸਦਾ ਕੋਈ ਬਦਲਵਾਂ ਪ੍ਰਬੰਧ ਨਹੀਂ ਕੀਤਾ। ਕਣਕ ਦੀ ਅਗਲੀ ਫਸਲ ਬੀਜਣ ਖਾਤਰ ਸਮੇਂ ਸਿਰ ਖੇਤ ਖਾਲੀ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਪੂਰੇ ਦੇਸ਼ ਲਈ ਚੌਲ ਪੈਦਾ ਕਰਦਾ ਹੈ। ਸਰਕਾਰਾਂ ਕਿਸਾਨਾਂ ਦਾ ਮਾਣ-ਸਨਮਾਨ ਕਰਨ ਦੀ ਬਜਾਏ ਕਿਸੇ ਨਾ ਕਿਸੇ ਮਾਮਲੇ ਵਿਚ ਬੇਲੋੜਾਂ ਦੋਸ਼ੀ ਠਹਿਰਾ ਕੇ ਬਦਨਾਮ ਕਰਨ 'ਤੇ ਲੱਗੀਆਂ ਹਨ। ਕਿਸਾਨਾਂ ਵੱਲੋਂ ਮਜਬੂਰੀ ਵਸ ਪਰਾਲੀ ਨੂੰ ਲਾਈ ਗਈ ਅੱਗ ਨਾਲ 8 ਫੀਸਦੀ ਵਾਤਾਵਰਣ ਖਰਾਬ ਹੁੰਦਾ ਹੈ ਜਦੋਂ ਕਿ ਕਾਰਖਾਨਿਆਂ, ਭੱਠਿਆਂ, ਫੈਕਟਰੀਆਂ ਦੇ ਧੂੰਏ ਨਾਲ ਵੱਡੀ ਪੱਧਰ 'ਤੇ ਵਾਤਾਵਰਣ ਖਰਾਬ ਹੁੰਦਾ ਹੈ ਉਨ੍ਹਾਂ ਖਿਲਾਫ ਕਦੇ ਵੀ ਕਿਸੇ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ। ਸਿਰਫ ਕਿਸਾਨਾਂ ਮਗਰ ਹੀ ਹੱਥ ਧੋ ਕੇ ਪਿਆ ਜਾਂਦਾ ਹੈ। ਚਾਹੇ ਉਹ ਝੋਨਾ ਲਾਉਣ ਵੇਲੇ ਪਾਣੀ ਦੀ ਗੱਲ ਹੋਵੇ  ਜਾਂ ਪਰਾਲੀ  ਨੂੰ ਅੱਗ ਲਾਉਣ ਦਾ ਮਸਲਾ ਹੋਵੇ। ਕਿਸਾਨ ਆਗੂ ਨੇ ਕਿਹਾ ਕਿ ਜੇ ਸਰਕਾਰਾਂ ਚਾਹੁਣ ਤਾਂ ਪਰਾਲੀ ਨੂੰ ਅੱਗ ਲਾਉਣ ਤੋਂ ਹਟਿਆ ਜਾ ਸਕਦਾ ਹੈ। ਪਰਾਲੀ ਨੂੰ ਖੇਤ ਵਿਚ ਮਿਲਾਉਣ ਵਾਸਤੇ ਸਸਤੇ ਕਿਰਾਏ 'ਤੇ ਮਸ਼ੀਨਾਂ ਦੇਣ ਦਾ ਪ੍ਰਬੰਧ ਕਰੇ ਤਾਂ ਕੋਈ ਵੀ ਕਿਸਾਨ ਆਪਣੇ ਖੇਤ ਵਿਚ ਅੱਗ ਦੇ ਭਾਂਬੜ ਨਹੀਂ ਬਾਲੇਗਾ ਪਰ ਜਦੋਂ ਤੱਕ ਕੋਈ ਬਦਲਵਾਂ ਪ੍ਰਬੰਧ ਨਹੀਂ ਹੁੰਦਾ ਉਦੋਂ ਤੱਕ ਅੱਗ ਲਾਉਣ ਦਾ ਸਿਲਸਿਲਾ ਜਾਰੀ ਰਹੇਗਾ। ਇਸ ਮੌਕੇ ਜਗਸੀਰ ਸਿੰਘ, ਮਲਕੀਤ ਸਿੰਘ, ਕੁਲਦੀਪ ਸਿੰਘ, ਕਰਨੈਲ, ਰਾਜ ਸਿੰਘ, ਬਿੱਕਰ ਸਿੰਘ ਹਾਜ਼ਰ ਸਨ।