ਆਪਸੀ ਕਾਟੋ ਕਲੇਸ਼ ਛੱਡ ਕੇ ਕਿਸਾਨਾਂ ਦੀ ਸਾਰ ਲਵੇ ਸੂਬਾ ਸਰਕਾਰ: ਸਿਕੰਦਰ ਸਿੰਘ ਮਲੂਕਾ

10/02/2021 2:28:21 PM

ਭਗਤਾ ਭਾਈ ( ਪਰਮਜੀਤ ਢਿੱਲੋਂ ): ਸੂਬੇ ਦਾ ਕਿਸਾਨ ਇਸ ਸਮੇਂ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ l ਜਿੱਥੇ ਇੱਕ ਪਾਸੇ ਸੂਬੇ ਦਾ ਕਿਸਾਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ਤੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਿਹਾ ਹੈ। ਉਥੇ ਹੀ ਦੂਜੇ ਪਾਸੇ ਮਾਲਵਾ ਖ਼ਿੱਤੇ ਵਿੱਚ ਗੁਲਾਬੀ ਸੁੰਡੀ ਨਾਲ  ਨਰਮੇ ਦੇ ਹੋਏ ਨੁਕਸਾਨ ਦੇ ਨਾਲ-ਨਾਲ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖਰੀਦ ਅੱਗੇ ਪਾਏ ਜਾਣ ਦੇ ਫ਼ੈਸਲੇ ਕਾਰਨ ਚਾਰੇ ਪਾਸਿਓਂ ਮੁਸ਼ਕਲਾਂ ਵਿੱਚ ਘਿਰ ਗਿਆ ਹੈl ਅਜਿਹੀ ਮੁਸ਼ਕਲ ਘੜੀ ਵਿਚ ਸੂਬਾ ਸਰਕਾਰ ਕਿਸਾਨਾਂ ਦੀ ਸਾਰ ਲੈਣ ਦੀ ਜਗ੍ਹਾ ਆਪਣੇ ਕਾਟੋ ਕਲੇਸ਼ ਵਿੱਚ ਹੀ ਉਲਝੀ ਪਈ ਹੈ l ਇਹ ਦੋਸ਼ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਵਿਖੇ ਹੋਣ ਵਾਲੀ ਕਾਨਫਰੰਸ ਬਾਰੇ ਗੱਲ ਕਰਦਿਆਂ ਲਗਾਏ l

ਸਾਬਕਾ ਮੰਤਰੀ ਨੇ ਕਿਹਾ ਕਿ ਸਾਢੇ 4 ਸਾਲ ਮਹਿਲਾਂ ਵਿੱਚ ਸੁੱਤੀ ਹੋਈ ਸਰਕਾਰ ਦੀਆਂ ਨਾਕਾਮੀਆਂ ਤੇ ਪਰਦਾ ਪਾਉਣ ਲਈ ਇੱਕ ਸੋਚੀ ਸਮਝੀ ਰਣਨੀਤੀ ਅਧੀਨ ਕਾਂਗਰਸ ਵਿੱਚ ਸ਼ੁਰੂ ਕੀਤਾ ਕਾਟੋ-ਕਲੇਸ਼ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ l ਸੂਬੇ ਦੇ ਕਾਂਗਰਸੀ ਕੁਰਸੀ ਦੀ ਲੜਾਈ ਵਿਚ ਆਮ ਲੋਕਾਂ ਦੀ ਸਾਰ ਲੈਣਾ ਭੁੱਲ ਗਏ ਹਨ। ਸਰਕਾਰ ਨੂੰ ਚਾਹੀਦਾ ਸੀ ਕਿ ਇਸ ਮੁਸ਼ਕਲ ਘੜੀ ਵਿੱਚ ਕਿਸਾਨਾਂ ਦੀ ਬਾਂਹ ਫੜ੍ਹੇl ਸੂਬਾ ਸਰਕਾਰ ਨੂੰ ਤੁਰੰਤ ਨਰਮੇ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਉਪਰਾਲੇ ਕਰਨੇ ਚਾਹੀਦੇ ਸਨ। ਇਸ ਤੋਂ ਇਲਾਵਾ ਝੋਨੇ ਦੀ ਖ਼ਰੀਦ ਲਈ ਸਰਕਾਰ ਵੱਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ l ਪਿਛਲੇ ਵਰ੍ਹੇ ਮੰਡੀਆਂ ਵਿੱਚ ਕਿਸਾਨਾਂ ਦੀ ਹੋਈ ਖੱਜਲ-ਖੁਆਰੀ ਤੋਂ ਸਰਕਾਰ ਨੇ ਕੋਈ ਸਬਕ ਨਹੀਂ ਲਿਆ l ਸੁੱਤੀ ਸਰਕਾਰ ਤੇ ਬੋਲੇ ਹਾਕਮ ਨੂੰ ਜਗਾਉਣ ਲਈ ਹੀ ਅਕਾਲੀ ਦਲ ਵੱਲੋਂ ਅੱਜ ਬਠਿੰਡਾ ਵਿਖੇ ਕਾਨਫਰੰਸ ਕੀਤੀ ਜਾ ਰਹੀ ਹੈ l ਕਾਨਫ਼ਰੰਸ ਵਿੱਚ ਹਲਕਾ ਰਾਮਪੁਰਾ ਫੂਲ ਤੋਂ ਸ਼ਮੂਲੀਅਤ ਬਾਰੇ ਗੱਲ ਕਰਦਿਆਂ  ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਲੂਕਾ ਨੇ ਦੱਸਿਆ ਕਿ ਹਲਕਾ ਫੂਲ ਦੇ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਮੀਟਿੰਗਾਂ ਕਰ ਕੇ ਕਾਨਫਰੰਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ l 

ਹਲਕਾ ਫੂਲ ਤੋਂ ਤਕਰੀਬਨ ਪੰਜ ਹਜ਼ਾਰ ਵਰਕਰ ਕਾਨਫ਼ਰੰਸ ਵਿਚ ਸ਼ਮੂਲੀਅਤ ਕਰਨਗੇ l ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀਆਂ ਮੰਗਾਂ ਲਈ ਹਮੇਸ਼ਾ ਸੰਘਰਸ਼ ਕਰਦਾ ਰਹੇਗਾ। ਅੱਜ ਹੋਣ ਵਾਲੀ ਕਾਨਫਰੰਸ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬਾ ਸਰਕਾਰ ਤੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਦਬਾਅ ਬਣਾਇਆ ਜਾਵੇਗਾ l ਇਸ ਮੌਕੇ ਉਨ੍ਹਾਂ ਦੇ ਨਾਲ ਮੈਂਬਰ ਪੀ.ਏ.ਸੀ. ਜਥੇਦਾਰ ਸਤਨਾਮ ਸਿੰਘ ਭਾਈਰੂਪਾ ਸਾਬਕਾ ਚੇਅਰਮੈਨ ਗਗਨਦੀਪ ਸਿੰਘ ਗਰੇਵਾਲ  ਸਾਬਕਾ ਪ੍ਰਧਾਨ ਰਾਕੇਸ਼ ਗੋਇਲ ਕੌਂਸਲਰ ਜਗਮੋਹਣ ਭਗਤਾ ਸੁਖਜਿੰਦਰ ਖਾਨਦਾਨ  ਮੁੱਖ ਬੁਲਾਰਾ ਅਜੈਬ ਸਿੰਘ ਹਮੀਰਗੜ੍ਹ ਸਾਬਕਾ ਚੇਅਰਮੈਨ ਗੁਰਮੀਤ ਸਿੰਘ ਪੱਪੀ  ਡਾ ਜਸਪਾਲ ਸਿੰਘ ਦਿਆਲਪੁਰਾ ਸਰਬਜੀਤ ਸਿੰਘ ਕਾਂਗੜ  ਰਾਮ ਸਿੰਘ ਭੋਡੀਪੁਰਾ ਹਰਦੇਵ ਸਿੰਘ ਗੋਗੀ ਬਰਾੜ ਗੁਲਾਬ ਸਿੰਗਲਾ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਹਾਜ਼ਰ ਸਨ।


Shyna

Content Editor

Related News