13 ਸਾਲਾਂ ਤੋਂ ਕਿਸਾਨ ਜੈਦੀਪ ਨੇ ਨਹੀਂ ਲਾਈ ਪਰਾਲੀ ਨੂੰ ਅੱਗ

10/12/2019 5:38:52 PM

ਮੋਗਾ (ਗੋਪੀ ਰਾਊਕੇ)—ਪਿੰਡ ਸੱਦਾ ਸਿੰਘ ਵਾਲਾ ਦਾ ਅਗਾਂਹਵਧੂ ਕਿਸਾਨ ਜੈਦੀਪ ਸਿੰਘ ਜ਼ਿਲੇ ਦਾ ਪਹਿਲਾ ਅਜਿਹਾ ਕਿਸਾਨ ਹੈ, ਜੋ ਸਾਲ 2006 ਤੋਂ (ਜਦੋਂ ਪਰਾਲੀ ਸਾੜਨ 'ਤੇ ਕੋਈ ਖਾਸ ਪਾਬੰਦੀ ਨਹੀਂ ਸੀ) ਝੋਨੇ ਦੀ ਰਹਿੰਦ-ਖੂੰਹਦ ਨੂੰ ਖੇਤ 'ਚ ਹੀ ਵਾਹ ਰਿਹਾ ਹੈ। ਜੈਦੀਪ ਸਿੰਘ 40 ਏਕੜ ਤੋਂ ਵੱਧ ਰਕਬੇ 'ਚ ਝੋਨੇ ਅਤੇ ਕਣਕ ਦੀ ਬੀਜਾਈ ਕਰਦਾ ਹੈ, ਉਸ ਨੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਸੁਧਾਰਨ ਲਈ ਪਰਾਲੀ ਸਾੜਨ ਦੀ ਪ੍ਰਕਿਰਿਆ ਨੂੰ ਬੰਦ ਕੀਤਾ ਸੀ। ਜੈਦੀਪ ਦੇ ਮੁਤਾਬਕ ਉਸ ਵੇਲੇ ਮਿੱਟੀ ਦੀ ਪੀ.ਐੱਚ. ਵੈਲਿਊ 9.9 ਸੀ।

ਜਾਣਕਾਰੀ ਮੁਤਾਬਕ 7.5 ਤੋਂ 8.5 ਦੇ ਵਿਚਕਾਰ ਮਿੱਟੀ ਦੀ ਪੀ.ਐੱਚ. ਵੈਲਿਊ ਨੂੰ ਫਸਲਾਂ ਲਈ ਅਨੁਕੂਲ ਮੰਨਿਆ ਜਾਂਦਾ ਹੈ। ਜੈਦੀਪ ਨੇ ਦੱਸਿਆ ਕਿ ਉਹ ਵਧੀਆ ਖਾਦ ਵਰਤਣ ਦੇ ਬਾਵਜੂਦ ਖੇਤੀ ਤੋਂ ਚੰਗੀ ਪੈਦਾਵਾਰ ਪ੍ਰਾਪਤ ਨਹੀਂ ਕਰ ਰਿਹਾ ਸੀ ਅਤੇ ਖੇਤੀਬਾੜੀ ਮਾਹਿਰਾਂ ਨੇ ਉਸ ਨੂੰ ਦੱਸਿਆ ਕਿ ਖੇਤ ਵਿਚਲੀ ਮਿੱਟੀ ਦੀ ਸਿਹਤ ਫਸਲਾਂ ਲਈ ਅਨੁਕੂਲ ਨਹੀਂ ਹੈ ਅਤੇ ਉਸ ਨੂੰ ਝੋਨੇ ਦੀ ਪਰਾਲੀ ਨੂੰ ਮਿੱਟੀ 'ਚ ਹੀ ਵਾਹੁਣ ਦੀ ਸਲਾਹ ਦਿੱਤੀ। 2006 ਤੋਂ ਝੋਨੇ ਦੀ ਪਰਾਲੀ ਨੂੰ ਉਸ ਨੇ ਖੇਤ 'ਚ ਹੀ ਵਾਹੁਣਾ ਸ਼ੁਰੂ ਕਰ ਦਿੱਤਾ, ਜਿਸ ਦਾ ਨਤੀਜਾ 2 ਸਾਲਾਂ ਬਾਅਦ ਬੜਾ ਹੀ ਸ਼ਾਨਦਾਰ ਸੀ। ਉਨ੍ਹਾਂ ਦੇ ਖੇਤ ਦੀ ਮਿੱਟੀ ਦੀ ਪੀ.ਐੱਚ ਵੈਲਿਊ 8.2 ਹੋ ਗਈ ਹੈ। ਖੇਤੀਬਾੜੀ ਵਿਕਾਸ ਅਫ਼ਸਰ ਡਾ. ਬਲਵਿੰਦਰ ਸਿੰਘ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਸਾੜਨ ਦੀ ਪ੍ਰਥਾ ਨੂੰ ਖਤਮ ਕਰਨ ਲਈ ਸਬਸਿਡੀ ਵਾਲੀ ਖੇਤੀ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰਨ।


Shyna

Content Editor

Related News