ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਅਨਾਜ ਮੰਡੀਆਂ ’ਚ ਨਹੀਂ ਆਵੇਗੀ ਕੋਈ ਮੁਸ਼ਕਿਲ : ਡੀ. ਸੀ.

04/12/2021 1:36:24 PM

ਦਿੜ੍ਹਬਾ ਮੰਡੀ (ਅਜੈ)- ਡਿਪਟੀ ਕਮਿਸ਼ਨਰ ਸੰਗਰੂਰ ਨੇ ਹਲਕੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ਅੰਦਰ ਕਣਕ ਦੀ ਖਰੀਦ ਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਦਿੜ੍ਹਬਾ, ਸੂਲਰ ਘਰਾਟ ਤੇ ਮਹਿਲਾਂ ਚੌਕ ਵਿਖੇ ਕਣਕ ਦੀ ਖਰੀਦ ਵੀ ਸ਼ੁਰੂ ਕਰਵਾਈ। ਅਨਾਜ ਮੰਡੀ ਦਿੜ੍ਹਬਾ ਵਿਖੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨਾਲ ਚੇਅਰਮੈਨ ਮਾਰਕੀਟ ਕਮੇਟੀ ਦਿੜ੍ਹਬਾ ਸਤਨਾਮ ਸਿੰਘ ਘੁਮਾਣ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਦਿੜ੍ਹਬਾ ਤੇ ਜਗਦੇਵ ਗਾਗਾ ਚੇਅਰਮੈਨ ਮਾਰਕੀਟ ਕਮੇਟੀ ਸੂਲਰ ਘਰਾਟ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੰਡੀਆਂ ’ਚ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਕਣਕ ਦੀ ਖਰੀਦ ਪ੍ਰਕਿਰਿਆ ਦੌਰਾਨ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਹਲਕਾ ਦਿੜ੍ਹਬਾ ’ਚ ਕਣਕ ਦੀ ਨਿਰਵਿਘਨ ਖਰੀਦ ਯਕੀਨੀ ਬਣਾਉਣ ਲਈ ਉਹ ਪਿਛਲੇ ਕਾਫੀ ਦਿਨਾਂ ਤੋਂ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਖਰੀਦ ਏਜੰਸੀਆਂ ਨਾਲ ਮੀਟਿੰਗਾਂ ਕਰ ਰਹੇ ਹਨ ਅਤੇ ਉਨ੍ਹਾਂ ਦੀ ਹਦਾਇਤ ’ਤੇ ਹੀ ਹਰ ਮੰਡੀ ’ਚ ਨਿਗਰਾਨ ਅਫ਼ਸਰ ਵੀ ਤਾਇਨਾਤ ਕੀਤੇ ਗਏ ਹਨ, ਜੋ ਮੰਡੀ ’ਚ ਆਉਣ ਵਾਲੀ ਕਿਸੇ ਵੀ ਸਮੱਸਿਆ ਨੂੰ ਜਲਦ ਤੋਂ ਜਲਦ ਹੱਲ ਕਰਵਾਉਣਗੇ। ਉਨ੍ਹਾਂ ਕਿਹਾ ਕਿ ਬਾਰਦਾਨੇ ਦਾ ਪ੍ਰਬੰਧ ਤੇ ਸਮੇਂ ਸਿਰ ਲਿਫਟਿੰਗ ਤੇ ਅਦਾਇਗੀ ਵੀ ਯਕੀਨੀ ਬਣਾਈ ਜਾਵੇਗੀ।

ਉਨ੍ਹਾਂ ਨਾਲ ਹੀ ਸਾਰਿਆਂ ਨੂੰ ਅਪੀਲ ਕੀਤੀ ਕਿ ਕੋਵਿਡ-19 ਮਹਾਮਾਰੀ ਨੂੰ ਰੋਕਣ ਲਈ ਜਿੱਥੇ ਸਰਕਾਰ ਵੱਲੋਂ ਟੈਸਟਿੰਗ ਤੇ ਵੈਕਸੀਨੇਸ਼ਨ ਕਰਨ ਵੱਲ ਤੇਜ਼ੀ ਨਾਲ ਜ਼ਬਰਦਸਤ ਮੁਹਿੰਮ ਚਲਾਈ ਹੋਈ ਹੈ, ਉਥੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਇਸ ਮਹਾਮਾਰੀ ਤੋਂ ਬਚਣ ਲਈ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਜਾਰੀ ਕੀਤੇ ਜਾ ਰਹੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਜ਼ਰੂਰ ਕਰੀਏ ਤਾਂ ਜੋ ਇਸ ਤੋਂ ਬਚਿਆ ਜਾ ਸਕੇ। ਇਸ ਮੌਕੇ ਐੱਸ. ਡੀ. ਐੱਮ. ਦਿੜ੍ਹਬਾ ਸਿਮਰਪ੍ਰੀਤ ਕੌਰ, ਡੀ. ਐੱਮ. ਓ. ਜਸਪਾਲ ਸਿੰਘ ਘੁੰਮਣ, ਮਾਰਕੀਟ ਕਮੇਟੀ ਦੇ ਸਕੱਤਰ ਡੀਨਪਾਲ, ਇੰਸਪੈਕਟਰ ਪੰਕਜ ਗਰਗ, ਆੜ੍ਹਤੀ ਕਲਭੂਸ਼ਨ ਗੋਇਲ,  ਰਿਸ਼ੀਪਾਲ ਗੋਇਲ, ਘਣਸ਼ਾਮ ਘੁਮਾਣ, ਮਾਰਕਫੈੱਡ, ਪਨਸਪ ਤੇ ਵੇਅਰਹਾਊਸ ਦੇ ਕਰਮਚਾਰੀ, ਨਿਰਮਲ ਦੁੱਲਟ, ਸਰਪੰਚ ਜਸਵੀਰ ਸਿੰਘ ਮਹਿਲਾਂ ਚੌਕ, ਹਰਜਿੰਦਰ ਪੰਚ ਆਦਿ ਹਾਜ਼ਰ ਸਨ।


Anuradha

Content Editor

Related News