ਬੇਸਹਾਰਾ ਪਸ਼ੂਆਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਕਿਸਾਨਾਂ ਕੀਤੀ ਨਾਅਰੇਬਾਜ਼ੀ

09/03/2019 6:19:11 PM

ਭਵਾਨੀਗੜ੍ਹ (ਕਾਂਸਲ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਸ਼ਹਿਰਾਂ ਅਤੇ ਪਿੰਡਾਂ 'ਚ ਖੇਤਾਂ ਵਿਚ ਕਿਸਾਨਾਂ ਦੀਆਂ ਫ਼ਸਲਾਂ ਦਾ ਉਜਾੜਾ ਕਰ ਰਹੇ ਅਤੇ ਸੜਕਾਂ ਉਪਰ ਆਮ ਲੋਕਾਂ ਲਈ ਜਾਨ ਦਾ ਖੋਅ ਬਣੇ ਬੇਸਹਾਰਾ ਪਸ਼ੂਆਂ ਦਾ ਸਰਕਾਰ ਵੱਲੋਂ ਕੋਈ ਵੀ ਹੱਲ ਨਾ ਕੀਤੇ ਜਾਣ ਦੇ ਰੋਸ ਵਜੋਂ ਸੰਘਰਸ਼ ਸ਼ੁਰੂ ਕਰਦਿਆਂ ਅੱਜ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਅਗਵਾਈ ਹੇਠ ਅਨਾਜ ਮੰਡੀ ਵਿਖੇ ਮਾਰਕੀਟ ਕਮੇਟੀ ਦਫ਼ਤਰ ਵਿਖੇ ਇਕੱਠੇ ਹੋਏ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਪਿੰਡਾਂ ਅਤੇ ਸ਼ਹਿਰ 'ਚ ਘੁੰਮਦੇ ਬੇਸਹਾਰਾ ਪਸ਼ੂਆਂ ਦੇ ਮੁੱਦੇ ਨੂੰ ਲੈ ਕੇ ਵੱਡਾ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੇਸਹਾਰਾ ਪਸ਼ੂਆਂ ਦੇ ਹੱਲ ਲਈ ਕੋਈ ਵੀ ਠੋਸ ਕਦਮ ਨਹੀਂ ਚੁੱਕੇ ਜਾ ਰਹੇ, ਜਿਸ ਕਰਕੇ ਜਿਥੇ ਇਨ੍ਹਾਂ ਪਸ਼ੂਆਂ ਕਾਰਣ ਖੇਤਾਂ 'ਚ ਵੱਡੇ ਪੱਧਰ ਉਪਰ ਕਿਸਾਨਾਂ ਦੀਆਂ ਫ਼ਸਲਾਂ ਦਾ ਉਜਾੜਾ ਹੋ ਰਿਹਾ ਹੈ ਉਥੇ ਹੀ ਸੜਕਾਂ ਉਪਰ ਘੁੰਮਦੇ ਇਨ੍ਹਾਂ ਪਸ਼ੂਆਂ ਦੇ ਕਾਰਣ ਰੋਜ਼ਾਨਾ ਹੀ ਵਾਪਰ ਰਹੇ ਸੜਕ ਹਾਦਸਿਆਂ ਕਾਰਣ ਆਮ ਲੋਕ ਆਪਣੀਆਂ ਕੀਮਤੀ ਜਾਨਾਂ ਤੋਂ ਹੱਥ ਧੋ ਰਹੇ ਹਨ। ਉਨ੍ਹਾਂ ਕਿਹਾ ਕਿ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ 'ਚ ਵੱਖ -ਵੱਖ ਸੰਸਥਾਵਾਂ ਅਤੇ ਆਮ ਲੋਕਾਂ ਵੱਲੋਂ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਕਿ ਇਨ੍ਹਾਂ ਪਸ਼ੂਆਂ ਦਾ ਕੋਈ ਹੱਲ ਕੀਤਾ ਜਾਵੇ, ਲਈ ਸੰਘਰਸ਼ ਕੀਤੇ ਜਾਣ ਦੇ ਬਾਵਜੂਦ ਸਰਕਾਰ ਗੁੜ੍ਹੀ ਨੀਂਦ ਸੁੱਤੀ ਹੋਈ ਹੈ ਅਤੇ ਪੰਜਾਬ 'ਚ ਇਨ੍ਹਾਂ ਪਸ਼ੂਆਂ ਨਾਲ ਆਮ ਲੋਕਾਂ ਦੀ ਜਾਨ-ਮਾਲ ਦਾ ਨੁਕਸਾਨ ਲਗਾਤਾਰ ਜਾਰੀ ਹੈ। ਇਸ ਲਈ ਯੂਨੀਅਨ ਵੱਲੋਂ ਹੁਣ ਸਰਕਾਰ ਦੀ ਨੀਂਦ ਖੋਲ੍ਹਣ ਲਈ ਤਿੱਖਾ ਸੰਘਰਸ਼ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਦੌਰਾਨ ਕਿਸਾਨਾਂ ਨੂੰ ਪਿੰਡ ਪੱਧਰ 'ਤੇ ਇਸ ਸੰਘਰਸ਼ ਪ੍ਰਤੀ ਜਾਗਰੂਕ ਕਰ ਕੇ ਵੱਡਾ ਸੰਘਰਸ਼ ਕੀਤਾ ਜਾਵੇਗਾ।

ਇਸ ਮੌਕੇ ਦਰਬਾਰਾ ਸਿੰਘ ਨਾਗਰਾ ਬਲਾਕ ਪ੍ਰਧਾਨ, ਜਗਦੇਵ ਸਿੰਘ ਘਰਾਚੋਂ ਜ਼ਿਲਾ ਮੀਤ ਪ੍ਰਧਾਨ, ਕਸ਼ਮੀਰ ਸਿੰਘ ਸੀਨੀਅਰ ਮੀਤ ਪ੍ਰਧਾਨ, ਮਾਲਵਿੰਦਰ ਸਿੰਘ ਭਵਾਨੀਗੜ੍ਹ, ਅਜੈਬ ਸਿੰਘ ਸੰਘਰੇੜੀ, ਸੋਹਨ ਸਿੰਘ ਘਰਾਚੋਂ, ਕੁਲਤਾਰ ਸਿੰਘ, ਅਜਮੇਰ ਸਿੰਘ, ਕੁਲਜੀਤ ਸਿੰਘ, ਨਿਰਪਾਲ ਸਿੰਘ ਘਰਾਚੋਂ, ਗੁਰਦੇਵ ਸਿੰਘ, ਅਮ੍ਰਿੰਤਪਾਲ ਸਿੰਘ, ਮੇਵਾ ਸਿੰਘ, ਸਤਗੁਰ ਸਿੰਘ, ਕਰਮ ਸਿੰਘ ਮਾਝਾ ਤੋਂ ਇਲਾਵਾ ਹੋਰ ਕਿਸਾਨ ਆਗੂ ਹਾਜ਼ਰ ਸਨ।

Karan Kumar

This news is Content Editor Karan Kumar