ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਾ 222ਵੇਂ ਦਿਨ ’ਚ ਹੋਇਆ ਦਾਖਲ

05/11/2021 3:18:15 PM

ਬੁਢਲਾਡਾ (ਬਾਂਸਲ)-ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਸਬੰਧੀ ਕਾਲੇ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਧਰਨਾ ਅੱਜ 222ਵੇਂ ਦਿਨ ’ਚ ਦਾਖਲ ਹੋ ਗਿਆ ਹੈ। ਅੱਜ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਸਵਰਨ ਸਿੰਘ ਬੋੜਾਵਾਲ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਜਥੇਦਾਰ ਜਵਾਲਾ ਸਿੰਘ ਗੁਰਨੇ ਖੁਰਦ, ਆਲ ਇੰਡੀਆ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਆਗੂ ਜਸਵੰਤ ਸਿੰਘ ਬੀਰੋਕੇ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਬਲਵੀਰ ਸਿੰਘ ਗੁਰਨੇ ਖੁਰਦ ਨੇ ਇਸ ਮੌਕੇ 'ਤੇ ਜੁੜੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਦੇਸ਼ ਅੰਦਰ ਪੁਰਾਣੇ ਕਾਨੂੰਨਾਂ ਵਿੱਚ ਸੋਧ ਕਰ ਕੇ ਵੱਡੇ ਕਾਰਪੋਰੇਟਾਂ, ਪੂੰਜੀਪਤੀਆਂ, ਸਰਮਾਏਦਾਰਾਂ,ਅਜਾਰੇਦਾਰਾਂ ਦੇ ਹੱਕ ਵਿੱਚ ਕਾਨੂੰਨ ਬਣਾਉਣੇ ਆਰੰਭੇ ਹੋਏ ਹਨ। ਕੋਲੇ ਦੀਆਂ ਖਾਨਾਂ ਦਾ ਨਿੱਜੀਕਰਨ ਕਰਨਾ, ਕੁਦਰਤੀ ਸੋਮਿਆਂ ਦੀ ਲੁੱਟ ਕਰਨੀ, ਆਦਿਵਾਸੀ ਲੋਕਾਂ ਦੀਆਂ ਜ਼ਮੀਨਾਂ ਖੋਹ ਕੇ ਪੂੰਜੀਪਤੀਆਂ ਦੇ ਕਬਜ਼ੇ ਕਰਵਾਉਣੇ, ਜਨਤਕ ਅਦਾਰਿਆਂ ਨੂੰ ਵੱਡੇ ਪੂੰਜੀਪਤੀਆਂ ਕੋਲ ਕੌਡੀਆਂ ਦੇ ਭਾਅ ਤੇਜ਼ੀ ਨਾਲ ਵੇਚਣਾ ਅਰੰਭਿਆ ਹੋਇਆ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਦੇ ਕਾਲੇ ਕਾਨੂੰਨ ਲਾਗੂ ਹੋਣ ਨਾਲ ਅਤੇ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇਸ਼ ਅਤੇ ਦੇਸ਼ਵਾਸੀਆਂ ਲਈ ਬੇਹੱਦ ਖਤਰਨਾਕ ਸਾਬਤ ਹੋਣਗੀਆਂ, ਜਿਸ ਨਾਲ ਜਨਤਾ ਦਾ ਮਾਣ-ਸਨਮਾਨ, ਦੇਸ਼ ਦੀ ਆਰਥਿਕਤਾ ਨੂੰ ਵੱਡੀ ਸੱਟ ਵੱਜੇਗੀ। ਭੁੱਖਮਰੀ, ਬੇਰੁਜ਼ਗਾਰੀ, ਕੰਗਾਲੀ ਆਦਿ ’ਚ ਬੇਸ਼ੁਮਾਰ ਵਾਧਾ ਹੋਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਅੰਦਰ ਚੱਲ ਰਹੇ ਅੰਦੋਲਨ ਨੂੰ ਸਿਰਫ ਕਿਸਾਨ ਅੰਦੋਲਨ ਸਮਝਣਾ ਇੱਕ ਇਤਿਹਾਸਿਕ ਗਲਤੀ ਹੋਵੇਗੀ। ਇਸ ਅੰਦੋਲਨ ਦੀਆਂ ਤੰਦਾਂ ਹਰ ਦੇਸ਼ਵਾਸੀ ਅਤੇ ਹਰ ਇੱਕ ਕਾਰੋਬਾਰ ਨਾਲ ਜੁੜਨ ਕਰ ਕੇ ਇਸ ਅੰਦੋਲਨ ਦਾ ਮਹੱਤਵ ਬਹੁਤ ਜ਼ਿਆਦਾ ਹੈ। ਜੇਕਰ ਇਸ ਦਾ ਮੁਕਾਬਲਾ ਸਾਰੇ ਦੇਸ਼ਵਾਸੀਆਂ ਨੇ ਇੱਕਜੁੱਟ ਹੋ ਕੇ ਨਾ ਕੀਤਾ ਤਾਂ ਭਾਰਤ ਦੇਸ਼ ਇੱਕ ਡੂੰਘੀ ਖਾਈ ਵਿੱਚ ਜਾ ਡਿੱਗੇਗਾ। ਇਸ ਮੌਕੇ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।
 


Manoj

Content Editor

Related News