ਰੇਲ ਰੋਕੋ ਅੰਦੋਲਨ ਦੇ 22ਵੇਂ ਦਿਨ ਰੇਲਵੇ ਟਰੈਕ ਤੋਂ ਸ਼ਿਫਟ ਕਰਕੇ ਪਲੇਟਫਾਰਮ ''ਤੇ ਜਾਰੀ ਰਿਹਾ ਕਿਸਾਨਾਂ ਦਾ ਧਰਨਾ

10/22/2020 5:25:00 PM

ਸੰਗਰੂਰ(ਵਿਜੈ ਕੁਮਾਰ ਸਿੰਗਲਾ): ਕੱਲ ਚੰਡੀਗੜ੍ਹ ਵਿਖੇ ਕਿਸਾਨ ਜਥੇਬੰਦੀਆਂ ਦੀ ਹੋਈ ਮੀਟਿੰਗ 'ਚ ਕੀਤੇ ਗਏ ਫ਼ੈਸਲੇ ਮੁਤਾਬਕ ਸੰਗਰੂਰ ਰੇਲਵੇ ਟਰੈਕ 'ਤੇ ਚੱਲ ਰਹੇ ਧਰਨੇ ਨੂੰ ਪਲੇਟਫਾਰਮ 'ਤੇ ਸ਼ਿਫਟ ਕੀਤਾ ਗਿਆ ਅਤੇ ਆਗੂਆਂ ਨੇ ਦੱਸਿਆ ਕਿ ਸਿਰਫ ਜ਼ਰੂਰੀ ਵਸਤਾਂ, ਕੋਲੇ ਅਤੇ ਖਾਦਾਂ ਦੀ ਸਪਲਾਈ ਲਈ ਮਾਲ ਗੱਡੀਆਂ ਲਈ ਲਾਂਘਾ ਬਹਾਲ ਕੀਤਾ ਗਿਆ ਹੈ। ਪਰ ਕਿਸੇ ਵੀ ਸਵਾਰੀ ਗੱਡੀ ਨੂੰ ਅਤੇ ਅਡਾਨੀ ਦੀ ਕਿਸੇ ਵੀ ਗੱਡੀ ਨੂੰ ਨਹੀਂ ਲੰਘਣ ਦਿੱਤਾ ਜਾਵੇਗਾ ਅਤੇ ਰੇਲਵੇ ਸਟੇਸ਼ਨਾਂ, ਟੋਲ ਪਲਾਜ਼ਾ, ਰਿਲਾਇੰਸ ਦੇ ਪੈਟਰੋਲ ਪੰਪਾਂ ਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ  ਧਰਨੇ 5 ਨਵੰਬਰ ਤੱਕ ਲਗਾਤਾਰ ਇਸੇ ਤਰ੍ਹਾਂ ਜਾਰੀ ਰਹਿਣਗੇ। 
ਅੱਜ ਦੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਸਾਥੀ ਜਰਨੈਲ ਸਿੰਘ ਮਿੱਠੇਵਾਲ, ਬੀ.ਕੇ.ਯੂ. ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਆਗੂ ਊਧਮ ਸਿੰਘ ਸੰਤੋਖਪੁਰਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਦਰਸ਼ਨ ਸਿੰਘ ਕੁੰਨਰਾਂ, ਬੀ.ਕੇ.ਯੂ. ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਬੀ.ਕੇ.ਯੂ. ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ, ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ, ਕੁੱਲ ਹਿੰਦ ਕਿਸਾਨ ਸਭਾ (ਅਜੇ ਭਵਨ) ਦੇ ਜ਼ਿਲ੍ਹਾ ਆਗੂ ਨਿਰਮਲ ਸਿੰਘ ਬਟੜਿਆਣਾ, ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਸੂਬਾ ਆਗੂ ਮੰਗਤ ਰਾਮ ਲੌਂਗੋਵਾਲ ਅਤੇ ਕਿਸਾਨ ਆਗੂ ਅਤਵਾਰ ਸਿੰਘ ਬਾਦਸ਼ਾਹਪੁਰ ਨੇ ਕਿਹਾ ਕਿ ਸਮੁੱਚੇ ਪੰਜਾਬ ਦੇ 'ਚ ਕੋਲੇ, ਖਾਦਾਂ ਅਤੇ ਜ਼ਰੂਰੀ ਵਸਤਾਂ ਦੀ ਆ ਰਹੀ ਕਮੀ ਨੂੰ ਦੇਖਦਿਆਂ ਜਥੇਬੰਦੀਆਂ ਨੇ ਪੰਜਾਬ ਦੇ ਲੋਕਾਂ ਦੇ ਹੱਕ 'ਚ ਫੈਸਲਾ ਲੈਂਦਿਆਂ ਮਾਲ ਗੱਡੀਆਂ ਨੂੰ ਰਾਸਤਾ ਦੇਣ ਦਾ ਫੈਸਲਾ ਕੀਤਾ ਹੈ। ਪਰ ਮੋਦੀ ਸਰਕਾਰ ਖ਼ਿਲਾਫ਼ ਸੰਘਰਸ਼ ਲਗਾਤਾਰ ਜਾਰੀ ਰਹੇਗਾ ਅਤੇ  ਦਿੱਲੀ ਵਿਖੇ ਅਗਲੇ ਦਿਨਾਂ ਚ ਹੋ ਰਹੀ ਮੀਟਿੰਗ 'ਚ ਕੇਂਦਰ ਸਰਕਾਰ ਨਾਲ ਮੱਥਾ ਲਾਉਣ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ।

PunjabKesari

ਆਗੂਆਂ ਨੇ ਕਿਸਾਨਾਂ ਨੂੰ ਪਿੰਡਾਂ ਅੰਦਰ ਜ਼ੋਰਦਾਰ ਤਿਆਰੀ ਕਰਨ ਦਾ ਸੱਦਾ ਦਿੱਤਾ। ਕੱਲ੍ਹ ਚੰਡੀਗੜ੍ਹ ਕਿਸਾਨ ਜਥੇਬੰਦੀਆਂ ਦੀ ਮੀਟਿੰਗ 'ਚ ਜਾ ਕੇ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਦੇ ਡੀਲਰਾਂ ਵੱਲੋਂ ਜਾ ਕੇ ਹੰਗਾਮਾ ਕਰਨਾ ਸਾਬਤ ਕਰਦਾ ਹੈ ਕਿ ਕਾਰਪੋਰੇਟ ਘਰਾਣੇ ਕਿਸਾਨਾਂ ਦੇ ਸੰਘਰਸ਼ ਤੋਂ ਬੌਖਲਾ ਚੁੱਕੇ ਹਨ ਤੇ ਉਹ ਸੰਘਰਸ਼ ਨੂੰ ਤਾਰਪੀਡੋ ਕਰਨਾ ਚਾਹੁੰਦੇ ਹਨ ਪਰ ਇਨ੍ਹਾਂ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਇਸੇ ਤਰ੍ਹਾਂ ਜ਼ੋਰਦਾਰ ਸੰਘਰਸ਼ ਜਾਰੀ ਰੱਖਿਆ ਜਾਵੇਗਾ ਅੱਜ ਦੇ ਰੋਸ ਧਰਨੇ ਨੂੰ ਕਿਸਾਨ ਆਗੂ ਗੁਰਮੀਤ ਸਿੰਘ ਕੁੰਨਰਾਂ, ਸੁਖਦੇਵ ਸਿੰਘ ਘਰਾਚੋਂ ਜਰਨੈਲ ਸਿੰਘ ਜਨਾਲ, ਅੰਮ੍ਰਿਤਪਾਲ ਸਿੰਘ ਡਸਕਾ, ਬਲਵਿੰਦਰ ਸਿੰਘ ਬਡਰੁੱਖਾਂ, ਭੀਮ ਸਿੰਘ ਆਲਮਪੁਰ , ਨਿਰਮਲ ਸਿੰਘ ਚੁਨਾਗਰਾ, ਬੀਰਬਲ ਸਿੰਘ ਲੇਹਲ ਕਲਾਂ ਹਾਜ਼ਰ ਸਨ।


Aarti dhillon

Content Editor

Related News