ਖੇਤੀ ਕਾਨੂੰਨਾਂ ਖ਼ਿਲਾਫ਼ ਲੜੀ ਜਾ ਰਹੀ ਲੜਾਈ ''ਚ ਹਰ ਪੰਜਾਬੀ ਨੂੰ ਅੱਗੇ ਆਉਣਾ ਚਾਹੀਦਾ ਹੈ- ਸੁਖਵਿੰਦਰ ਔਲਖ

12/11/2020 5:33:23 PM

ਬੁਢਲਾਡਾ (ਬਾਂਸਲ) : ਖੇਤੀ ਕਾਨੂੰਨਾਂ ਵਿਰੁੱਧ ਲੜੀ ਜਾ ਰਹੀ ਫੈਸਲਾਕੁੰਨ ਲੜਾਈ ਵਿਚ ਯੋਗਦਾਨ ਪਾਉਣ ਲਈ ਹਰ ਪੰਜਾਬੀ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਇਹ ਜੰਗ ਜਿੱਤੀ ਜਾ ਸਕੇ। ਖੇਤੀ ਘੋਲ਼ ਦੀ ਜੰਗ ਨੂੰ ਜਿੱਤੇ ਬਿਨਾਂ ਪੰਜਾਬ ਅਤੇ ਕਿਸਾਨੀ ਦੀ ਹੋਂਦ ਨੂੰ ਨਹੀਂ ਬਚਾਇਆ ਜਾ ਸਕਦਾ। ਇਹ ਸ਼ਬਦ ਅੱਜ ਸਾਬਕਾ ਚੇਅਰਮੈਨ ਅਤੇ ਵਿਧਾਇਕ ਸੁਖਵਿੰਦਰ ਸਿੰਘ ਔਲਖ ਨੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ।

ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਨਾਲ ਸਬੰਧਤ ਉੱਠੇ ਸ਼ੰਘਰਸ਼ ਦੌਰਾਨ ਪੰਜਾਬ ਤੇ ਪੰਜਾਬੀਆਂ ਲਈ ਵੱਡਾ ਦੁਖਾਂਤ ਸਾਹਮਣੇ ਆਇਆ ਹੈ।ਜਿਸ ਸ਼ੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਅਤੇ ਕਿਸਾਨਾਂ ਦੀਆਂ ਮੰਗਾਂ ਦੀ ਤਰਜਮਾਨੀ ਕੀਤੀ, ਪਹਿਰੇਦਾਰ ਅਤੇ ਝੰਡਾ ਬਰਦਾਰ ਬਣਿਆ ਰਿਹਾ। ਉਸ ਹੀ ਪਾਰਟੀ ਦੀ ਮੁੱਖ ਲੀਡਰਸ਼ਿਪ ਕਿਸਾਨ ਮਾਰੂ ਖੇਤੀ ਕਾਨੂੰਨਾਂ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਨਾਲ ਅੰਦਰਖਾਤੇ ਸਹਿਮਤੀ ਪ੍ਰਗਟ ਕਰਦੀ ਰਹੀ। ਵਿਧਾਇਕ ਔਲਖ ਨੇ ਕਿਹਾ 2010 ਵਿਚ ਕੇਂਦਰ ਦੀ ਕਾਂਗਰਸ ਸਰਕਾਰ ਮੌਕੇ ਨਵੇਂ ਖੇਤੀ ਕਾਨੂੰਨ ਲਈ ਮੁੱਖ ਮੰਤਰੀਆਂ ਦੀਆਂ ਕਮੇਟੀਆਂ ਬਣਾਉਣ ਦੀ ਪ੍ਰੀਕਿਰਿਆ ਤੋਂ ਲੈ ਕੇ ਕਾਨੂੰਨ ਦਾ ਖਰੜਾ ਤਿਆਰ ਕਰਨਾ, ਆਰਡੀਨੈਂਸ ਲਿਆਉਣ, ਲੋਕ ਸਭਾ ਅਤੇ ਰਾਜ ਸਭਾ ਵਿਚ ਬਿੱਲ ਪੇਸ਼ ਕਰਨ ਤੱਕ ਮੋਹਰੀ ਅਕਾਲੀ ਲੀਡਰਸ਼ਿਪ ਦਾ ਚੁੱਪ ਰਹਿਣ ਅਤੇ ਕਾਰਪੋਰੇਟ ਦੇ ਹੱਕ ਵਿਚ ਖੜਨ ਨਾਲ ਉਨ੍ਹਾਂ ਦਾ ਆਪਣਾ ਨਿੱਜੀ ਸਿਆਸੀ ਨੁਕਸਾਨ ਤਾਂ ਹੋਇਆ ਹੈ, ਇਸ ਤੋਂ ਅੱਗੇ ਕਿਸਾਨਾਂ ਦੀ ਸਮਝੀ ਜਾਂਦੀ ਪਾਰਟੀ ਸ਼ੋਮਣੀ ਅਕਾਲੀ ਦੇ ਇਤਿਹਾਸ ਨੂੰ ਵੀ ਕਲੰਕਿਤ ਕਰ ਦਿੱਤਾ ਹੈ ਅਤੇ ਹਾਸ਼ੀਏ ਉੱਤੇ ਧੱਕ ਦਿੱਤਾ ਹੈ।

ਉਨ੍ਹਾਂ ਕਿਹਾ ਸ਼ੋਮਣੀ ਅਕਾਲੀ ਦਲ ਨੇ ਅਜ਼ਾਦੀ ਦੀ ਲੜਾਈ ਤੋਂ ਲੈ ਕੇ ਐਮਰਜੈਂਸੀ ਤੱਕ ਭਾਰਤ ਦੇ ਲੋਕਾਂ ਦੀ ਮੋਹਰੀ ਹੋਕੇ ਅਗਵਾਈ ਕੀਤੀ ਅਤੇ ਹਰ ਲੜਾਈ ਜਿੱਤੀ ਪਰ ਅਕਾਲੀ ਦਲ ਨੇ ਕਦੇ ਵੀ ਲੋਕਾਂ ਦਾ ਭਰੋਸਾ ਨਹੀਂ ਟੁੱਟਣ ਦਿੱਤਾ। ਖੇਤੀ ਕਾਨੂੰਨਾਂ ਦੇ ਮਾਮਲਿਆਂ ਵਿਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਚੁੱਪ ਰਹਿਣ ਵਾਲੀ ਨਿਭਾਈ ਗਈ ਭੂਮਿਕਾ ਸਦਕਾ ਕਿਸਾਨੀ ਘੋਲ਼ਾਂ ਦੀ ਅਗਵਾਈ ਕਰਨ ਵਾਲੇ ਸ਼ੋਮਣੀ ਅਕਾਲੀ ਦਲ ਨੂੰ ਅੱਜ ਆਪਣੇ ਹੀ ਪੰਜਾਬ ਦੇ ਕਿਸਾਨਾਂ ਅੱਗੇ ਜਵਾਬਦੇਹ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਗ਼ਲਤੀ ਲੀਡਰਸ਼ਿਪ ਦੀ ਹੈ ਪਰ ਇਸ ਦਾ ਖ਼ਮਿਆਜ਼ਾ ਪੰਜਾਬ, ਕਿਸਾਨਾਂ ਅਤੇ ਸਮੁੱਚੀ ਪਾਰਟੀ ਨੂੰ ਭੁਗਤਣਾ ਪੈ ਰਿਹਾ ਹੈ। ਔਲਖ ਨੇ ਕਿਹਾ ਜੇਕਰ ਸ਼ੋਮਣੀ ਅਕਾਲੀ ਦਲ ਆਪਣੀਆਂ ਕਿਸਾਨ ਪੱਖੀ ਨੀਤੀਆਂ ਨੂੰ ਮੁੱਖ ਰੱਖ ਕੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਬਣਨ ਵਾਲੇ ਕਾਨੂੰਨਾਂ ਵਿਰੁੱਧ ਪਹਿਲੇ ਪੜ੍ਹਾਅ 'ਤੇ ਹੀ ਅਵਾਜ਼ ਬੁਲੰਦ ਕਰਕੇ ਸ਼ੰਘਰਸ਼ ਕਰਦਾ ਤਾਂ ਪਾਰਟੀ ਮੁੜ ਇਤਿਹਾਸਕ ਭੂਮਿਕਾ ਵਿਚ ਉਭਰਦੀ ਅਤੇ ਦੇਸ਼ ਦੇ ਕਿਸਾਨਾਂ ਦੀ ਅਗਵਾਈ ਕਰਦੀ।


cherry

Content Editor

Related News