ਕਰਜ਼ੇ ਦੇ ਦੈਂਤ ਨੇ ਲਈ ਇਕ ਹੋਰ ਕਿਸਾਨ ਦੀ ਜਾਨ

01/06/2020 10:40:59 PM

ਸ੍ਰੀ ਚਮਕੌਰ ਸਾਹਿਬ, (ਕੌਸ਼ਲ)— ਸਥਾਨਕ ਥਾਣਾ ਸ੍ਰੀ ਚਮਕੌਰ ਸਾਹਿਬ ਅਧੀਨ ਪੈਂਦੇ ਪਿੰਡ ਕੀੜੀ ਅਫਗਾਨਾਂ ਦੇ ਇਕ ਕਿਸਾਨ ਨੇ ਕਰਜ਼ੇ ਤੋਂ ਦੁਖੀ ਹੋ ਕੇ ਆਤਮ-ਹੱਤਿਆ ਕਰ ਲਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੇਅੰਤ ਸਿੰਘ ਪੁੱਤਰ ਸੁੱਚਾ ਸਿੰਘ (33) ਦੇ ਸਿਰ 6 ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਕਾਰਣ ਉਹ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਉਸ ਕੋਲ ਕੇਵਲ ਇਕ ਏਕੜ ਹੀ ਜ਼ਮੀਨ ਸੀ ਤੇ ਕਰਜ਼ਾ ਉਤਾਰਨ ਲਈ ਉਸ ਨੇ ਇਕ ਟਰੈਕਟਰ ਵੀ ਲਿਆ, ਇਸ ਸਾਰੇ ਕਰਜ਼ੇ ਦੀ ਛਿਮਾਹੀ ਕਿਸ਼ਤ ਲਗਭਗ 25 ਹਜ਼ਾਰ ਰੁਪਏ ਦੱਸੀ ਜਾਂਦੀ ਸੀ। ਮ੍ਰਿਤਕ ਤੋਂ ਇਹ ਕਿਸ਼ਤ ਅਦਾ ਨਹੀਂ ਸੀ ਹੋ ਰਹੀ, ਜਿਸ ਕਾਰਣ ਕਰਜ਼ਾ ਦਿਨੋ-ਦਿਨ ਵਧਦਾ ਜਾ ਰਿਹਾ ਸੀ। ਮ੍ਰਿਤਕ ਬੇਅੰਤ ਸਿੰਘ ਦੇ 2 ਬੱਚੇ ਵੀ ਹਨ। ਘਟਨਾ ਵਾਲੀ ਦੁਪਹਿਰ ਮ੍ਰਿਤਕ ਨੇ ਆਪਣੇ ਖੇਤ ਵਾਲੇ ਕਮਰੇ 'ਚ ਲੱਗੇ ਪੱਖੇ ਨੂੰ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸਥਾਨਕ ਥਾਣੇ ਅਧੀਨ ਪੈਂਦੀ ਡੱਲਾ ਪੁਲਸ ਚੌਕੀ ਨੇ ਆਤਮ-ਹੱਤਿਆ ਦਾ ਮਾਮਲਾ ਦਰਜ ਕਰ ਲਿਆ ਤੇ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ।


KamalJeet Singh

Content Editor

Related News