ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਸ਼ੱਕੀ ਹਾਲਾਤ ''ਚ ਲਾਪਤਾ

12/12/2019 6:19:23 PM

ਮਾਛੀਵਾੜਾ ਸਾਹਿਬ,(ਟੱਕਰ) : ਨੇੜਲੇ ਪਿੰਡ ਅਢਿਆਣਾ ਦਾ ਨਿਵਾਸੀ ਚਰਨਜੀਤ ਸਿੰਘ ਜੋ ਕਿ ਕਿਸਾਨੀ ਦੇ ਨਾਲ-ਨਾਲ ਟਰੱਕ ਡਰਾਇਵਰੀ ਦਾ ਕੰਮ ਕਰਦਾ ਹੈ, ਭੇਦਭਰੇ ਢੰਗ ਨਾਲ ਲਾਪਤਾ ਹੋ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਪੁਲਸ ਕੋਲ ਰਿਪੋਰਟ ਦਰਜ਼ ਕਰਵਾਈ ਕਿ ਚਰਨਜੀਤ ਸਿੰਘ ਜੋ ਕਿ ਛੋਟੀ ਕਿਸਾਨੀ ਦੇ ਨਾਲ-ਨਾਲ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਟਰੱਕ ਵੀ ਚਲਾਉਂਦਾ ਹੈ ਅਤੇ ਉਸ ਵਲੋਂ ਜ਼ਮੀਨ ਬੈਂਕ ਕੋਲ ਗਿਰਵੀ ਰੱਖਣ ਤੋਂ ਇਲਾਵਾ ਹੋਰ ਵੀ ਕਰਜ਼ਾ ਚੁੱਕਿਆ ਸੀ। ਇਸ ਕਰਜ਼ੇ ਕਾਰਨ ਉਹ ਪਿਛਲੇ ਕਾਫ਼ੀ ਦਿਨਾਂ ਤੋਂ ਪ੍ਰੇਸ਼ਾਨ ਰਹਿ ਰਿਹਾ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਕੱਲ੍ਹ 11 ਦਸੰਬਰ ਨੂੰ ਮੋਟਰਸਾਈਕਲ ਰਾਹੀਂ ਮਾਛੀਵਾੜਾ ਵਿਖੇ ਆਇਆ ਅਤੇ ਉਸ ਨੇ ਗਨੀ ਖਾਂ ਨਬੀ ਖਾਂ ਗੇਟ ਕੋਲ ਆਪਣਾ ਮੋਟਰਸਾਈਕਲ ਖੜ੍ਹਾ ਕਰ ਚਾਬੀ ਜਾਣ-ਪਹਿਚਾਣ ਵਾਲੇ ਵਿਅਕਤੀ ਨੂੰ ਦੇ ਦਿੱਤੀ। ਚਰਨਜੀਤ ਸਿੰਘ ਆਪਣਾ ਮੋਬਾਇਲ ਵੀ ਘਰ ਛੱਡ ਗਿਆ ਅਤੇ ਜਦੋਂ ਸ਼ਾਮ ਤੱਕ ਘਰ ਵਾਪਿਸ ਨਾ ਆਇਆ ਤਾਂ ਪਰਿਵਾਰਕ ਮੈਂਬਰਾਂ ਵਲੋਂ ਉਸਦੀ ਕਾਫ਼ੀ ਤਲਾਸ਼ ਕੀਤੀ ਗਈ। ਪੁਲਸ ਵਲੋਂ ਗੁੰਮਸ਼ੁਦਗੀ ਦੀ ਰਿਪੋਰਟ ਦਰਜ਼ ਕਰ ਲਾਪਤਾ ਹੋਏ ਕਿਸਾਨ ਚਰਨਜੀਤ ਸਿੰਘ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।