ਸਮਾਜ ਸੇਵੀ ਨਾਲ ਪੁਲਸ ਮੁਲਾਜ਼ਮ ਵਲੋਂ ਦੁਰਵਿਹਾਰ, ਲਾਇਆ ਧਰਨਾ

09/22/2019 6:07:57 PM

ਫ਼ਰੀਦਕੋਟ (ਹਾਲੀ) - ਵਾਤਾਵਰਨ ਦੇ ਸਾਂਭ-ਸੰਭਾਲ ਨੂੰ ਸਮਰਪਿਤ ਸਮਾਜ ਸੇਵੀ ਸੰਸਥਾ 'ਸੀਰ' ਦੇ ਮੁੱਖ ਸੰਚਾਲਕਾਂ 'ਚੋਂ ਸੰਦੀਪ ਅਰੋੜਾ ਨਾਲ ਪੁਲਸ ਵਲੋਂ ਦੁਰਵਿਹਾਰ ਕਰਨ ਵਿਰੁੱਧ ਸਿਟੀ ਕੋਤਵਾਲੀ ਫਰੀਦਕੋਟ ਮੂਹਰੇ ਧਰਨਾ ਲਾਇਆ ਗਿਆ। ਸਮਾਜ ਸੇਵੀ ਕਾਰਕੁੰਨਾਂ ਰੰਗ ਕਰਮੀ, ਮੁਲਾਜ਼ਮ, ਨੌਜਵਾਨ, ਵਿਦਿਆਰਥੀ, ਦੁਕਾਨਦਾਰ ਅਤੇ ਕਿਸਾਨ ਮਜ਼ਦੂਰ ਵੱਡੀ ਗਿਣਤੀ 'ਚ ਸ਼ਾਮਲ ਹੋਏ, ਜਿਨ੍ਹਾਂ ਨੇ ਮੇਲੇ 'ਚ ਵਿਚਰਦੇ ਸੰਦੀਪ ਅਰੋੜਾ ਅਤੇ ਉਸ ਦੀ ਪਤਨੀ ਨਾਲ ਪੁਲਸ ਮੁਲਾਜ਼ਮਾਂ ਵਲੋਂ ਕੀਤੇ ਦੁਰਵਿਹਾਰ ਦੀ ਸਖਤ ਨਿੰਦਿਆਂ ਕੀਤੀ। ਆਗੂਆਂ ਨੇ ਕਿਹਾ ਹੈ ਇਸ ਅੰਗਹੀਣ ਅਧਿਆਪਕ ਜੋੜੀ ਨੇ ਮੇਲੇ ਦੇ ਪੰਡਾਲ ਅੰਦਰ ਜਾਣ ਲਈ ਸਰਕਾਰੀ ਹਦਾਇਤਾਂ ਦੇ ਬਾਵਜੂਦ ਜ਼ਿਲਾ ਪ੍ਰਸ਼ਾਸਨ ਵਲੋਂ ਵੀਲ੍ਹ ਚੇਅਰ ਅਤੇ ਰੈਪ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਬੰਧ ਨਾ ਕੀਤਾ ਹੋਣ ਕਰਕੇ ਆਪਣੇ ਤਿਪਹੀਆ ਸਕੂਟਰ ਨਾਲ ਅੰਦਰ ਜਾਣਾ ਚਾਹਿਆ ਤਾਂ ਗੇਟ 'ਤੇ ਤਾਇਨਾਤ ਪੁਲਸ ਮੁਲਾਜ਼ਮ ਨੇ ਦੁਰਵਿਹਾਰ ਕੀਤਾ। ਮੇਲੇ ਦੇ ਪੰਡਾਲ ਅੰਦਰ ਜਾਣ ਲਈ ਟਿਕਟਾਂ ਹੋਣ ਦੇ ਬਾਵਜੂਦ ਇਸ ਜੋੜੀ ਨੂੰ ਬਿਨ੍ਹਾਂ ਮੇਲਾ ਵੇਖਿਆ ਬਿਨਾ ਮੁੜਨਾ ਪਿਆ।

ਇਸ ਮੌਕੇ ਡੀ. ਐੱਸ. ਪੀ. ਗੁਰਪ੍ਰੀਤ ਸਿੰਘ ਨੇ ਇਸ ਦੁਖਦਾਈ ਘਟਨਾ 'ਤੇ ਜ਼ਿਲਾ ਪੁਲਸ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਅਫਸੋਸ ਜ਼ਾਹਿਰ ਕੀਤਾ ਅਤੇ ਸਬੰਧਤ ਪੁਲਸ ਮੁਲਾਜ਼ਮ ਵਿਰੁੱਧ ਵਿਭਾਗੀ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ। ਆਗੂਆਂ ਨੇ ਹਰ ਥਾਣੇ, ਕਚਹਿਰੀਆਂ ਅਤੇ ਸਰਕਾਰੀ ਦਫਤਰਾਂ ਸਮੇਤ ਪ੍ਰਸ਼ਾਸਨ ਵਲੋਂ ਕੀਤੇ ਜਾਂਦੇ ਪ੍ਰੋਗਰਾਮਾਂ 'ਚ ਅੰਗਹੀਣਾਂ ਲਈ ਸਰਕਾਰੀ ਹਦਾਇਤਾਂ ਮੁਤਾਬਕ ਰੇੜਵੀ ਪੌੜੀ ਅਤੇ ਵ੍ਹੀਲ ਚੇਅਰ ਦਾ ਪ੍ਰਬੰਧ ਕਰਨ ਦੀ ਕੀਤੀ ਮੰਗ ਦੇ ਸਬੰਧ ਵਿਚ ਉਨ੍ਹਾਂ ਇਹ ਮੰਗ ਜ਼ਿਲਾ ਪੁਲਸ ਕਪਤਾਨ ਅਤੇ ਡਿਪਟੀ ਕਮਿਸ਼ਨਰ ਸਮੇਤ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਕਪਤਾਨ ਧਰਮ ਸਿੰਘ ਗਿੱਲ, ਸੁਰਿੰਦਰ ਮਚਾਕੀ, ਕੁਲਵਿੰਦਰ ਕਟਾਰੀਆ, ਗਗਨ ਪਾਹਵਾ, ਗੁਰਅੰਮ੍ਰਿਤ ਸਿੰਘ, ਸ਼ਿਵਜੀਤ ਸਿੰਘ ਨੇ ਵੀ ਅਰੋੜਾ ਨਾਲ ਪੁਲਸ ਦੀ ਵਧੀਕੀ ਦੀ ਸਖਤ ਨਿੰਦਿਆ ਕੀਤੀ ਅਤੇ ਕਸੂਰਵਾਰ ਪੁਲਸ ਮੁਲਾਜ਼ਮ ਵਿਰੁੱਧ ਕਾਰਵਾਈ ਦੀ ਮੰਗ ਕੀਤੀ।

rajwinder kaur

This news is Content Editor rajwinder kaur