ਫਰੀਦਕੋਟ : ਖੁਸ਼ੀ ਦੇ ਮੌਕੇ ਕੀਤੇ ਹਵਾਈ ਫਾਇਰ ਹੁਣ ਪੈਣਗੇ 1 ਲੱਖ ਰੁਪਏ ’ਚ !

12/10/2019 6:09:55 PM

ਫਰੀਦਕੋਟ (ਹਾਲੀ) - ਵਿਆਹ, ਪਾਰਟੀਆਂ ਅਤੇ ਹੋਰ ਖੁਸ਼ੀਆਂ ਦੇ ਮੌਕਿਆਂ ’ਤੇ ਲਾਇਸੈਂਸੀ ਹਥਿਆਰਾਂ ਨਾਲ ਹਵਾਈ ਫਾਇਰ ਕਰਨ ਦਾ ਰਿਵਾਜ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ, ਜਿਸ ਕਾਰਨ ਕਈ ਕੀਮਤੀ ਜਾਨਾਂ ਜਾ ਰਹੀਆਂ ਹਨ। ਕੇਂਦਰ ਸਰਕਾਰ ਨੇ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਲੋਕ ਸਭਾ ’ਚ ਬਿੱਲ ਲਿਆ ਕੇ ਹਵਾਈ ਫਾਇਰ ਕਰਨ ਦੇ ਕਾਨੂੰਨ ਆਰਮਜ਼ ਐਕਟ ’ਚ ਸੋਧ ਕਰ ਦਿੱਤੀ ਹੈ। ਸਰਕਾਰ ਦੇ ਨਵੇਂ ਸੋਧ ਬਿੱਲ ਅਨੁਸਾਰ ਹਵਾਈ ਫਾਇਰ ਕਰਨ ਵਾਲੇ ਨੂੰ 1 ਲੱਖ ਰੁਪਏ ਜੁਰਮਾਨਾ ਕਰਨ ਅਤੇ 2 ਸਾਲ ਦੀ ਸਖਤ ਸਜ਼ਾ ਕਰਨ ਦੀ ਸੋਧ ਕੀਤੀ। ਹੁਣ ਕੀਤਾ ਗਿਆ ਹਵਾਈ ਫਾਇਰ ਸਬੰਧਤ ਵਿਅਕਤੀ ਨੂੰ 1 ਲੱਖ ’ਚ ਪੈ ਸਕਦਾ ਹੈ, ਇਸ ਲਈ ਖੁਸ਼ੀਆਂ ਨੂੰ ਹਥਿਆਰਾਂ ਤੋਂ ਬਿਨ੍ਹਾਂ ਮਾਨਣ ਲਈ ਸਮਾਜ ਸੇਵੀ ਅਤੇ ਹੋਰ ਲੋਕਾਂ ਨੂੰ ਅਪੀਲ ਕਰਦੇ ਹਨ।

ਪਿਛਲੇ ਦੋ ਕੁ ਮਹੀਨਿਆਂ ’ਚ ਹੀ ਜ਼ਿਲਾ ਫਰੀਦਕੋਟ ’ਚ ਦੋ ਦੇ ਕਰੀਬ ਹਵਾਈ ਫਾਇਰ ਕਰਨ ਵਾਲਿਆਂ ’ਤੇ ਕੇਸ ਦਰਜ ਹੋ ਚੁੱਕੇ ਹਨ। ਕੋਟਕਪੂਰਾ ’ਚ ਵਾਪਰੀ ਇਸ ਤਰ੍ਹਾਂ ਦੀ ਘਟਨਾ ਵਿਚ ਤਾਂ ਇਕ ਬੱਚੇ ਦੀ ਜਾਨ ਵੀ ਚਲੀ ਗਈ। ਹੋਇਆ ਇਸ ਤਰ੍ਹਾਂ ਕਿ ਖੁਸ਼ੀ ਦੇ ਸਮਾਗਮ ਦੀ ਪਾਰਟੀ ਚੱਲ ਰਹੀ ਸੀ ਕਿ ਖੁਸ਼ੀ ’ਚ ਇਕ ਵਿਅਕਤੀ ਵਲੋਂ ਚਲਾਈ ਗਈ ਗੋਲੀ ਕਾਰਨ ਇਕ 10 ਸਾਲ ਬੱਚੇ ਦੀ ਮੌਤ ਹੋ ਗਈ ਸੀ। 

ਕੀ ਕਹਿੰਦੇ ਹਨ ਵਕੀਲ
ਕੇਂਦਰ ਸਰਕਾਰ ਨੇ ਆਰਮ ਐਕਟ ’ਚ ਜੋ ਸੋਧ ਕਰ ਕੇ ਸੈਲੀਬ੍ਰੇਸ਼ਨ ਫਾਇਰ ਕਰਨ ਵਾਲਿਆਂ ਨੂੰ 1 ਲੱਖ ਰੁਪਏ ਜੁਰਮਾਨਾ ਕਰਨ ਅਤੇ 2 ਸਾਲ ਦੀ ਸਜ਼ਾ ਕਰਨ ਦਾ ਬਿੱਲ ਲਿਆਂਦਾ ਹੈ ਇਹ ਚੰਗੀ ਕਦਮ ਹੈ ਅਤੇ ਇਸ ਤਰ੍ਹਾਂ ਕਰਨ ਵਾਲਿਆਂ ਨੂੰ ਇਸ ਤੋਂ ਵੀ ਸਖਤ ਸਜ਼ਾ ਹੋਣੀ ਚਾਹੀਦੀ ਹੈ। ਕਿਉਂਕਿ ਆਪਣੇ ਹੋਸ਼ੇਪਨ ਕਰ ਕੇ ਕਿਸੇ ਦੀਆਂ ਖੁਸ਼ੀਆਂ ’ਚ ਕਿਸੇ ਨੂੰ ਖਲਲ ਪਾਉਣ ਅਤੇ ਕਿਸੇ ਵੀ ਜਾਨ ਲੈਣ ਦਾ ਕੋਈ ਹੱਕ ਨਹੀਂ ਹੈ। ਸ਼ਾਦੀਆਂ ਦੇ ਵਿਚ ਦੂਰੋਂ ਨੇਡ਼ੋ ਜਾਂ ਦੁਸ਼ਮਣੀਆਂ ਵਾਲੇ ਵੀ ਆਉਂਦੇ ਹਨ ਅਤੇ ਪਾਰਟੀ ਦੌਰਾਨ ਕਿਸੇ ਦਾ ਵੀ ਫਾਇਰ ਕਰਨ ਨੂੰ ਮਨ ਕਰ ਆਉਂਦਾ ਹੈ। ਇਸ ਲਈ ਪੈਲੇਸਾਂ ਦੇ ਬਾਹਰ ਹਥਿਆਰ ਜਮ੍ਹਾਂ ਕਰਨ ਦਾ ਪ੍ਰਬੰਧ ਸਰਕਾਰਾਂ ਨੂੰ ਕਰਨਾ ਚਾਹੀਦਾ ਹੈ ਤਾਂ ਕਿ ਕੋਈ ਵੀ ਹਥਿਆਰ ਅੰਦਰ ਲੈ ਕੇ ਨਾ ਜਾ ਸਕੇ।

ਕੀ ਕਹਿੰਦੇ ਹਨ ਪੈਲੇਸ ਵਾਲੇ?
ਸਰਕਾਰ ਦਾ ਫੈਸਲਾ ਸ਼ਲਾਘਾਯੋਗ ਹੈ ਅਤੇ ਲੋਕਾਂ ਨੂੰ ਇਸ ਫੈਸਲੇ ਪ੍ਰਤੀ ਉਹ ਜਾਗਰੂਕ ਵੀ ਕਰਨਗੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਪੈਲੇਸਾਂ ਵਿਚ ਹਥਿਆਰ ਲਿਆਉਣ ’ਤੇ ਪਾਬੰਦੀ ਹੈ ਜਿਸ ਨੂੰ ਉਹ ਪਿਛਲੇ ਕਾਫੀ ਸਮੇਂ ਤੋਂ ਲਾਗੂ ਕਰ ਰਹੇ ਹਨ ਪਰ ਹੁਣ ਜੁਰਮਾਨਾ ਅਤੇ ਸਜ਼ਾ ਹੋਣ ਨਾਲ ਲੋਕਾਂ ਦੇ ਮਨਾਂ ਵਿਚ ਡਰ ਦੀ ਭਾਵਨਾ ਪੈਦਾ ਹੋਵੇਗੀ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਕਾਫੀ ਘਟਣਗੀਆਂ।

ਕੀ ਕਹਿੰਦੇ ਹਨ ਡੀ. ਜੇ. ਵਾਲੇ
ਡੀ.ਜੇ. ਹੈਪੀ, ਡੀ. ਜੇ. ਆਸ਼ੂ ਅਤੇ ਸ਼ਰਮਾ ਡੀ.ਜੇ. ਦੇ ਮਾਲਕਾਂ ਨਾਲ ਜਦੋਂ ਕੇਂਦਰ ਸਰਕਾਰ ਵੱਲੋਂ ਸੋਧ ਗਏ ਆਰਮਜ਼ ਐਕਟ ਬਾਰੇ ਲੱਗ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਨੂੰ ਸਖਤੀ ਨਾਲ ਲਾਗੂ ਕਰਨਾ ਚਾਹੀਦਾ ਹੈ ਅਤੇ ਲੋਕਾਂ ਨੂੰ ਜਾਗਰੂਕ ਵੀ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਉਹ ਸਿਰਫ ਪੈਲੇਸਾਂ ’ਚ ਹੀ ਨਹੀਂ ਬਲਕਿ ਲੋਕਾਂ ਦੇ ਘਰਾਂ ’ਚ ਵੀ ਜਾਂਦੇ ਹਨ ਪਰ ਕਈ ਸ਼ਾਦੀਆਂ ਵਿਚ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਫਾਇਰਾਂ ਕਰਕੇ ਡਰ ਬਣਿਆ ਰਹਿੰਦਾ ਹੈ, ਕਿਉਂਕਿ ਹੁਣ ਤੱਕ ਪੰਜਾਬ ਵਿਚ ਅੱਧੀ ਦਰਜ਼ਨ ਦੇ ਕਰੀਬ ਡੀਜੇ ਵਾਲਿਆਂ ਦੀਆਂ ਵੀ ਮੌਤਾਂ ਇਸੇ ਕਾਰਣ ਹੋ ਚੁੱਕੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਖੁਸ਼ੀਆਂ ਨੂੰ ਸਿਰਫ ਜਸ਼ਨ ਮਨਾ ਹੀ ਮਨਾਉਣ ਫਾਇਰ ਕਰ ਕੇ ਨਹੀਂ।


rajwinder kaur

Content Editor

Related News