ਮਾਮੂਲੀ ਗੱਲ ਨੂੰ ਲੈ ਕੇ ਘਰ ’ਚ ਵੜ ਕੇ ਪਰਿਵਾਰ ਤੇ ਚਲਾਈਆਂ ਗੋਲੀਆਂ,10 ਦੋਸ਼ੀਆਂ ਖਿਲਾਫ ਪਰਚਾ ਦਰਜ

05/08/2021 5:42:11 PM

ਫਿਰੋਜ਼ਪੁਰ (ਮਲਹੋਤਰਾ): ਮਾਮੂਲੀ ਗੱਲ ਨੂੰ ਲੈ ਕੇ ਘਰ ਵਿਚ ਵੜ ਕੇ ਪਰਿਵਾਰ ਦੇ ਮੈਂਬਰਾਂ ਤੇ ਗੋਲੀਆਂ ਚਲਾਉਣ ਵਾਲੇ 10 ਦੋਸ਼ੀਆਂ ਦੇ ਖਿਲਾਫ਼ ਪੁਲਸ ਨੇ ਜਾਨਲੇਵਾ ਹਮਲਾ ਕਰਨ ਦੇ ਦੋਸ਼ਾਂ ਹੇਠ ਪਰਚਾ ਦਰਜ ਕੀਤਾ ਹੈ। ਘਟਨਾ ਪਿੰਡ ਖਿਲਚੀ ਜਦੀਦ ਦੀ ਹੈ। ਥਾਣਾ ਸਦਰ ਦੇ ਏ.ਐਸ.ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਮਹਿੰਦਰ ਸਿੰਘ ਕਾਲਾ ਨੇ ਬਿਆਨ ਦਿੱਤੇ ਹਨ ਕਿ ਉਹ ਆਪਣੇ ਖੇਤ ਮਜ਼ਦੂਰ ਦੇ ਨਾਲ ਟਰੈਕਟਰ ਟਰਾਲੀ ਤੋਂ ਤੂੜੀ ਉਤਾਰ ਕੇ ਘਰ ਅੰਦਰ ਰੱਖ ਰਿਹਾ ਸੀ ਤਾਂ ਉਸੇ ਸਮੇਂ ਨਿੰਦਰਪਾਲ ਸਿੰਘ ਤੇ ਮਨਤਾਜ ਸਿੰਘ ਟਰੈਕਟਰ ਟਰਾਲੀ ਲੈ ਕੇ ਉਥੇ ਆ ਗਏ।

ਉਸ ਨੇ ਉਨ੍ਹਾਂ ਨੂੰ ਕੁਝ ਦੇਰ ਰੁਕਣ ਲਈ ਕਿਹਾ ਤਾਂ ਦੋਹੇਂ ਗੁੱਸੇ ਵਿਚ ਆ ਗਏ ਤੇ ਉਸ ਨੂੰ ਬੁਰਾ ਭਲਾ ਕਹਿਣ ਲੱਗੇ। ਸ਼ਿਕਾਇਤ ਕਰਤਾ ਅਨੁਸਾਰ ਉਸ ਨੇ ਉਕਤ ਲੋਕਾਂ ਨੂੰ ਕਿਹਾ ਕਿ ਝਗੜਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਉਹ ਆਪਣੀਆਂ ਟਰੈਕਟਰ ਟਰਾਲੀਆਂ ਸਾਈਡ ਤੇ ਕਰ ਦਿੰਦੇ ਹਨ ਤੇ ਰਸਤਾ ਬਣਾ ਦਿੰਦੇ ਹਨ। ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਦੋਹਾਂ ਨੇ ਫੋਨ ਕਰਕੇ ਦਲਜੀਤ ਸਿੰਘ ਵਾਸੀ ਰਿਖੀ ਕਲੋਨੀ, ਸੁਭਾਸ਼ ਵਾਸੀ ਖਲਚੀਆਂ ਕਦੀਮ ਤੇ ਹੋਰ ਅਣਪਛਾਤੇ ਸਾਥੀਆਂ ਨੂੰ ਉਥੇ ਬੁਲਾ ਲਿਆ। ਟਰੈਕਟਰ ਚਲਾ ਰਹੇ ਨਿੰਦਰਪਾਲ ਨੇ ਗੁੱਸੇ ਵਿਚ ਗਲੀ ਵਿਚ ਖੇਡ ਰਹੇ ਬੱਚਿਆਂ ਤੇ ਟਰੈਕਟਰ ਚੜਾਉਣ ਦੀ ਕੋਸ਼ਿਸ਼ ਕੀਤੀ ਤਾਂ ਬੱਚਿਆਂ ਨੇ ਭੱਜ ਕੇ ਆਪਣੀ ਜਾਨ ਬਚਾਈ। ਉਸ ਨੇ ਜਦ ਇਸਦਾ ਵਿਰੋਧ ਕੀਤਾ ਤਾਂ ਮਨਤਾਜ ਸਿੰਘ ਨੇ 315 ਬੋਰ ਰਾਈਫਲ ਤੇ ਦਲਜੀਤ ਸਿੰਘ ਨੇ ਪਿਸਤੌਲ ਦਾ ਫਾਇਰ ਉਸ ਵੱਲ ਕੀਤਾ।

ਇਨ੍ਹਾਂ ਦੇ ਨਾਲ ਆਏ ਇੱਕ ਅਣਪਛਾਤੇ ਵਿਅਕਤੀ ਨੇ 12 ਬੋਰ ਰਾਈਫਲ ਦਾ ਫਾਇਰ ਉਸਦੇ ਘਰ ਵਿਚ ਵੜ ਕੇ ਪਰਿਵਾਰਕ ਜੀਆਂ ਵੱਲ ਕੀਤਾ। ਗੋਲੀਆਂ ਦੀ ਆਵਾਜ਼ ਸੁਣ ਕੇ ਜਦ ਨੇੜੇ-ਤੇੜੇ ਦੇ ਲੋਕ ਇਕੱਠੇ ਹੋਣ ਲੱਗੇ ਤਾਂ ਸਾਰੇ ਦੋਸ਼ੀ ਧਮਕੀਆਂ ਦਿੰਦੇ ਹੋਏ ਭੱਜ ਗਏ। ਏ.ਐਸ.ਆਈ. ਅਨੁਸਾਰ ਬਿਆਨਾਂ ਦੇ ਆਧਾਰ ਤੇ ਉਕਤ ਚਾਰਾਂ ਤੇ ਉਨਾਂ ਦੇ 6 ਅਣਪਛਾਤੇ ਸਾਥੀਆਂ ਦੇ ਖਿਲਾਫ ਆਈ.ਪੀ.ਸੀ. ਤੇ ਆਰਮਜ਼ ਐਕਟ ਦੇ ਅਧੀਨ ਪਰਚਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।


Shyna

Content Editor

Related News