ਜ਼ਮੀਨੀ ਝਗੜੇ ਨੂੰ ਲੈ ਕੇ ਪਰਿਵਾਰ ’ਤੇ ਹਮਲਾ, 47 ਲੋਕਾਂ ਖ਼ਿਲਾਫ਼ ਮਾਮਲਾ ਦਰਜ

05/27/2022 9:24:10 PM

ਜ਼ੀਰਾ (ਗੁਰਮੇਲ ਸੇਖਵਾਂ) : ਪਿੰਡ ਜੋਗੇਵਾਲਾ ਵਿਖੇ ਇਕ ਪਰਿਵਾਰ ’ਤੇ ਤਕਰੀਬਨ 47 ਲੋਕਾਂ ਵੱਲੋਂ ਹਮਲਾ ਕਰਨ, ਔਰਤਾਂ ਦੇ ਕੱਪੜੇ ਪਾੜਨ ਆਦਿ ਦੋਸ਼ਾਂ ਤਹਿਤ ਥਾਣਾ ਮੱਖੂ ਦੀ ਪੁਲਸ ਵੱਲੋਂ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀੜਤ ਖੜਕ ਸਿੰਘ ਪੁੱਤਰ ਬਾਜ ਸਿੰਘ ਵਾਸੀ ਜੋਗੇਵਾਲਾ ਨੇ ਦੋਸ਼ ਲਗਾਉਂਦੇ ਦੱਸਿਆ ਕਿ ਉਹ ਆਪਣੇ ਬੇਟੇ ਜਸਕਰਨ ਸਿੰਘ, ਪਤਨੀ ਰਣਜੀਤ ਕੌਰ, ਭਰਾ ਅਵਤਾਰ ਸਿੰਘ ਤੇ ਭਰਜਾਈ ਸੁਰਜੀਤ ਕੌਰ ਨਾਲ ਘਰ ’ਚ ਮੌਜੂਦ ਸੀ ਤਾਂ ਜ਼ਮੀਨ ਦੀ ਰੰਜਿਸ਼ ਨੂੰ ਲੈ ਕੇ ਜੱਗਾ ਸਿੰਘ, ਬੱਗਾ ਸਿੰਘ, ਨਿਸ਼ਾਨ ਸਿੰਘ ਉਘਰ ਸਿੰਘ,, ਗੁਰਪ੍ਰੀਤ ਸਿੰਘ, ਮਾਨਕ, ਮਨਜੀਤ ਸਿੰਘ, ਬਖਸੀਸ਼ ਸਿੰਘ, ਹਰਪ੍ਰੀਤ ਸਿੰਘ, ਮੰਗਾ ਸਿੰਘ ਵਾਸੀ ਜੋਗੇਵਾਲਾ, ਗੁਰਜੰਟ ਸਿੰਘ, ਲਵਪ੍ਰੀਤ ਸਿੰਘ, ਜਗੂ ਅਤੇ ਤਕਰੀਬਨ 25 ਹੋਰ ਲੋਕਾਂ ਨੇ ਹਮਮਸ਼ਵਰਾ ਹੋ ਕੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ।

ਮੁੱਦਈ ਅਨੁਸਾਰ ਦੋਸ਼ੀਆਂ ਨੇ ਉਨ੍ਹਾਂ ਦੀ ਸਬਮਰਸੀਬਲ ਮੋਟਰ ਅਤੇ ਸਕੂਟਰੀ ਤੋੜ ਦਿੱਤੀ ਤੇ ਲੱਗਾ ਟੈਂਟ ਪੁੱਟ ਦਿੱਤਾ। ਸ਼ਿਕਾਇਤਕਰਤਾ ਅਨੁਸਾਰ ਉਸ ਦੀ ਬੇਟੀ ਕੁਲਜੀਤ ਕੌਰ ਨੇ ਫੋਨ ਕਰਕੇ ਦੱਸਿਆ ਕਿ ਦੋਸ਼ੀਆਂ ਨੇ ਉਸ ਦੇ ਘਰ ਵੀ ਪਥਰਾਅ ਕਰਕੇ ਸਾਮਾਨ ਦੀ ਭੰਨ-ਤੋੜ ਕੀਤੀ ਹੈ ਤੇ ਘਰ ਦੀ ਭਰੀ ਨੀਂਹ ਤੋੜ ਦਿੱਤੀ। ਸ਼ਿਕਾਇਤਕਰਤਾ ਅਨੁਸਾਰ ਦੋਸ਼ੀਆਂ ਨੇ ਉਸ ਦੀ ਪਤਨੀ ਰਣਜੀਤ ਕੌਰ ਤੇ ਭਰਜਾਈ ਸੁਰਜੀਤ ਕੌਰ ਦੇ ਕੱਪੜੇ ਪਾੜ ਕੇ ਬੇਇੱਜ਼ਤ ਕੀਤਾ ਹੈ। ਪੁਲਸ ਵੱਲੋਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। 


Manoj

Content Editor

Related News